
ਸਪੋਰਟਸ ਮੀਟ: ਮਨੁੱਖੀ ਵਿਕਾਸ ਵਿੱਚ ਖੇਡਾਂ ਦਾ ਅਹਿਮ ਯੋਗਦਾਨ: ਮਨਜੀਤ ਸਿੰਘ
ਦੋਆਬਾ ਗਰੁੱਪ ਵਿੱਚ ਸਪੋਰਟਸ ਮੀਟ ਕਰਵਾਈ, ਓਵਰਆਲ ਟਰਾਫ਼ੀ ਦੋਆਬਾ ਬਿਜ਼ਨਸ ਸਕੂਲ ਨੇ ਜਿੱਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਦੋਆਬਾ ਗਰੁੱਪ ਆਫ ਕਾਲਜਿਜ਼ ਵਿਖੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨ ਦੇ ਮਨੋਰਥ ਸਦਕਾ ਸਾਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਦੋਆਬਾ ਗਰੁੱਪ ਦੇ ਪ੍ਰਧਾਨ ਐੱਚਐੱਸ ਬਾਠ, ਚੇਅਰਮੈਨ ਐੱਮਐੱਸ ਬਾਠ, ਮੈਨੇਜਿੰਗ ਵਾਈਸ ਚੇਅਰਮੈਨ ਐੱਸਐੱਸ ਸੰਘਾ, ਐਗਜ਼ੀਕਿਊਟਿਵ ਵਾਈਸ ਚੇਅਰਮੈਨ ਮਨਜੀਤ ਸਿੰਘ, ਕਾਰਜਕਾਰੀ ਮੈਂਬਰ ਕੁਲਬੀਰ ਬਾਠ, ਰਮਨ ਬਾਠ ਅਤੇ ਹਰਬੀਰ ਸਿੰਘ ਵੱਲੋਂ ਕਾਲਜ ਕੰਪਲੈਕਸ ਵਿੱਚ ਝੰਡਾ ਲਹਿਰਾਉਣ ਦੇ ਨਾਲ ਕੀਤਾ ਗਿਆ। ਉਪਰੰਤ ਵਿਦਿਆਰਥੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ।
ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਮਸ਼ਾਲ ਜਗਾ ਕੇ ਆਪਣੀ ਖੇਡ ਨੂੰ ਇਮਾਨਦਾਰੀ ਨਾਲ ਖੇਡਣ ਦੀ ਸਹੁੰ ਚੁੱਕੀ।
ਇਸ ਮੌਕੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਹੋਏ ਕਾਰਜਕਾਰੀ ਵਾਈਸ ਚੇਅਰਮੈਨ ਮਨਜੀਤ ਸਿੰਘ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ। ਜੋ ਵਿਦਿਆਰਥੀਆਂ ਦੇ ਅੰਦਰ ਅਨੇਕਾਂ ਗੁਣਾਂ ਦਾ ਵਿਕਾਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਵਿਕਾਸ ਦੇ ਅੰਦਰ ਖੇਡਾਂ ਦਾ ਅਹਿਮ ਯੋਗਦਾਨ ਹੈ। ਕਰਵਾਈ ਗਈ ਸਾਲਾਨਾ ਸਪੋਰਟਸ ਮੀਟ ਦੇ ਦੌਰਾਨ ਬੈਸਟ ਮਾਰਚ ਪਾਸਟ ਦੀ ਟਰਾਫੀ ਦੋਆਬਾ ਫਾਰਮੇਸੀ ਕਾਲਜ ਨੇ ਜਿੱਤੀ। ਇਸ ਮੌਕੇ ਲੜਕੀਆਂ ਵਿੱਚੋਂ ਸਨਾਇਆ ਬੈਸਟ ਅਥਲੀਟ ਜਦੋਂਕਿ ਲੜਕਿਆਂ ’ਚੋਂ ਯੁਗਰਾਜ ਸਿੰਘ ਬੈਸਟ ਅਥਲੀਟ ਦਾ ਖਿਤਾਬ ਪ੍ਰਾਪਤ ਕੀਤਾ। ਜਦੋਂਕਿ ਲੜਕਿਆਂ ਦੀ 5000 ਮੀਟਰ ਦੌੜ ਵਿੱਚ ਰਾਜ ਕਿਸ਼ੋਰ ਨੇ ਪਹਿਲਾਂ ਅਸ਼ੀਸ਼ ਕੁਮਾਰ ਨੇ ਦੂਜਾ ਅਤੇ ਅਭੀਸ਼ੇਕ ਚੌਰਾਸੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਲੜਕਿਆਂ ਦੀ 1500 ਮੀਟਰ ਦੌੜ ਵਿੱਚ ਰੂਪਮ ਨੇ ਪਹਿਲਾ ਗਾਰਾ ਸਿੰਘ ਨੇ ਦੂਜਾ ਤੇ ਹੈਪੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੀ 400 ਮੀਟਰ ਦੌੜ ਵਿੱਚ ਪ੍ਰਿਅੰਕਾ ਨੇ ਪਹਿਲਾ ਸ਼ਗੁਨ ਨੇ ਦੂਜਾ ਤੇ ਸ਼ਾਲੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਰਟਪੁਟ ਲੜਕੀਆਂ ਵਿੱਚ ਭਾਵਨਾ ਨੇ ਪਹਿਲਾ ਬੇਅੰਤ ਕੌਰ ਨੇ ਦੂਜਾ ਤੇ ਸਨਾਇਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੱੁਟ ਲੜਕਿਆਂ ਦੇ ਜੇਤੂ ਪ੍ਰਿੰਸ ਪਹਿਲੇ, ਅਬੂਜ਼ਰ ਦੂਜੇ ਅਤੇ ਗਗਨਦੀਪ ਤੀਜੇ ਸਥਾਨ ’ਤੇ ਰਿਹਾ। ਇਸੇ ਦੌਰਾਨ ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਨਾਲ ਰੱਸਾਕਸ਼ੀ ਕੀਤੀ, ਜਿਸ ਵਿੱਚ ਫੈਕਲਟੀ ਮੈਂਬਰ ਜੇਤੂ ਰਹੇ। ਸਪੋਰਟਸ ਡੇਅ ਦੇ ਓਵਰਆਲ ਜੇਤੂ ਦੋਆਬਾ ਬਿਜ਼ਨਸ ਸਕੂਲ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।