
ਖੇਡ ਮੰਤਰੀ ਰਾਣਾ ਸੋਢੀ ਵੱਲੋਂ ਮਹਾਨ ਖਿਡਾਰੀ ਦੇ ਨਾਮ ’ਤੇ ਹੁਨਰਮੰਦ ਖਿਡਾਰੀਆਂ ਲਈ ਸਕਾਲਰਸ਼ਿਪ ਦਾ ਐਲਾਨ
ਸਟੇਡੀਅਮ ਦੇ ਪ੍ਰਵੇਸ਼ ਦੁਆਰ ’ਤੇ ਉੱਘੇ ਹਾਕੀ ਖਿਡਾਰੀ ਦੀ ਯਾਦ ਵਿੱਚ ਬੁੱਤ ਸਥਾਪਿਤ ਕੀਤਾ ਜਾਵੇਗਾ: ਰਾਣਾ ਸੋਢੀ
ਕੋਵਿਡ ਮਗਰੋਂ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਹੋਵੇਗਾ ਪਹਿਲਾ ਕੌਮਾਂਤਰੀ ਹਾਕੀ ਟੂਰਨਾਮੈਂਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਉੱਘੇ ਹਾਕੀ ਖਿਡਾਰੀ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਦੀ ਪਹਿਲੀ ਬਰਸੀ ਮੌਕੇ ਅੱਜ ਮੁਹਾਲੀ ਦੇ ਹਾਕੀ ਸਟੇਡੀਅਮ ਵਿਖੇ ਰਸਮੀ ਸ਼ਰਧਾਂਜਲੀ ਸਮਾਰੋਹ ਕਰਵਾ ਕੇ ਇਹ ਅੰਤਰਰਾਸ਼ਟਰੀ ਸਟੇਡੀਅਮ ਉਨ੍ਹਾਂ ਨੂੰ ਸਮਰਪਿਤ ਕੀਤਾ ਗਿਆ। ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁਹਾਲੀ ਦੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਦਾ ਨਾਮ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਦੇ ਨਾਂਅ ‘ਤੇ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਸੀ ਅਤੇ ਉਨ੍ਹਾਂ ਵੱਲੋਂ ਇਹ ਹਾਕੀ ਸਟੇਡੀਅਮ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਨੂੰ ਸਮਰਪਿਤ ਕੀਤਾ ਗਿਆ। ਹੁਣ ਸਟੇਡੀਅਮ ਨੂੰ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ’’ ਵਜੋਂ ਜਾਣਿਆ ਜਾਵੇਗਾ।

ਇਸ ਮੌਕੇ ਰਾਣਾ ਸੋਢੀ ਨੇ ਐਲਾਨ ਕੀਤਾ ਕਿ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋਣ ’ਤੇ ਇਸ ਸਟੇਡੀਅਮ ਵਿਖੇ ਮਹਾਨ ਅੰਤਰਰਾਸ਼ਟਰੀ ਖਿਡਾਰੀ ਦੀ ਯਾਦ ਵਿੱਚ ਇਕ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਕਰਵਾਇਆ ਜਾਵੇਗਾ। ਬਲਬੀਰ ਸਿੰਘ ਸੀਨੀਅਰ ਦੇ ਪੋਤੇ ਕਬੀਰ ਸਿੰਘ ਨੇ ਖੇਡ ਮੰਤਰੀ ਨੂੰ ਸਨੇਹ ਭਾਵਨਾ ਵਜੋਂ ਪ੍ਰਿੰਸੀਪਲ ਸਰਵਣ ਸਿੰਘ ਦੁਆਰਾ ਲਿਖੀ ਕਿਤਾਬ ਗੋਲਡਨ ਗੋਲ ਵੀ ਭੇਟ ਕੀਤੀ। ਖੇਡ ਮੰਤਰੀ ਨੇ ਦੱਸਿਆ ਕਿ ਖੇਡ ਵਿਭਾਗ ਸੂਬੇ ਦੇ ਹੁਨਰਮੰਦ ਖਿਡਾਰੀਆਂ ਲਈ ਇਸ ਮਹਾਨ ਖਿਡਾਰੀ ਦੇ ਨਾਮ ‘ਤੇ ਸਕਾਲਰਸ਼ਿਪ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਦੀ ਯਾਦ ਵਿੱਚ ਸਟੇਡੀਅਮ ਦੇ ਪ੍ਰਵੇਸ਼ ਦੁਆਰ ‘ਤੇ ਇਕ ਬੁੱਤ ਵੀ ਸਥਾਪਤ ਕੀਤਾ ਜਾਵੇਗਾ। ਖੇਡ ਮੰਤਰੀ ਨੇ ਮਹਾਨ ਖਿਡਾਰੀ ਦੀ ਯਾਦ ਵਿਚ ਬੂਟੇ ਵੀ ਲਗਾਏ।
ਜ਼ਿਕਰਯੋਗ ਹੈ ਕਿ ਬਲਬੀਰ ਸਿੰਘ ਸੀਨੀਅਰ ਨੇ ਤਿੰਨ ਵਾਰ ਓਲੰਪਿਕ ਚੈਂਪੀਅਨ ਬਣਨ ਲਈ ਭਾਰਤੀ ਹਾਕੀ ਟੀਮ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਅੱਜ ਤੱਕ ਕੋਈ ਵੀ ਉਨ੍ਹਾਂ ਦਾ ਓਲੰਪਿਕ ਫਾਈਨਲ ਦਾ ਰਿਕਾਰਡ ਤੋੜ ਨਹੀਂ ਸਕਿਆ ਹੈ। ਉਨ੍ਹਾਂ ਨੇ 1952 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਵਿੱਚ ਪੰਜ ਗੋਲ ਦਾਗੇ ਜਿਸ ਵਿੱਚ ਭਾਰਤ ਨੇ ਨੀਦਰਲੈਂਡ ਉੱਤੇ 6-1 ਨਾਲ ਜਿੱਤ ਦਰਜ ਕੀਤੀ। ਬਲਬੀਰ ਸਿੰਘ ਸੀਨੀਅਰ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਸਨ। ਉਨ੍ਹਾਂ ਨੇ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਈਆਂ ਅਤੇ ਨੌਜਵਾਨਾਂ ਨੂੰ ਖੇਡ ਜਗਤ ਵੱਲ ਉਤਸ਼ਾਹਿਤ ਕੀਤਾ। ਪੰਜਾਬ ਸਰਕਾਰ ਨੇ ਇਸ ਮਹਾਨ ਖਿਡਾਰੀ ਨੂੰ ਸਾਲ 2019 ਵਿਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਇਸ ਮੌਕੇ ਚਾਰ ਓਲੰਪੀਅਨ ਖਿਡਾਰੀ ਰਜਿੰਦਰ ਸਿੰਘ ਸੀਨੀਅਰ, ਰਜਿੰਦਰ ਸਿੰਘ ਜੂਨੀਅਰ, ਅਜੀਤ ਸਿੰਘ ਅਤੇ ਪ੍ਰਭਜੋਤ ਸਿੰਘ ਅਤੇ ਸਕੱਤਰ, ਖੇਡਾਂ ਰਾਜ ਕਮਲ ਚੌਧਰੀ, ਡਾਇਰੈਕਟਰ ਡੀਪੀਐਸ ਖਰਬੰਦਾ ਅਤੇ ਜੁਆਇੰਟ ਡਾਇਰੈਕਟਰ ਕਰਤਾਰ ਸਿੰਘ ਵੀ ਮੌਜੂਦ ਸਨ।