ਪੰਜਾਬ ਵਿੱਚ ‘ਖੇਡ ਇਨਕਲਾਬ’ ਲਿਆਉਣਗੀਆਂ ‘‘ਖੇਡਾਂ ਵਤਨ ਪੰਜਾਬ ਦੀਆਂ’’: ਕੁਲਵੰਤ ਸਿੰਘ

ਕਰੀਬ ਦੋ ਮਹੀਨੇ ਚੱਲਣ ਵਾਲੇ ਖੇਡ ਮਹਾਂਕੁੰਭ ਵਿੱਚ 5 ਲੱਖ ਤੋਂ ਵੱਧ ਖਿਡਾਰੀ ਲੈਣਗੇ ਹਿੱਸਾ

ਜੇਤੂਆਂ ਨੂੰ ਮਿਲਣਗੇ 6 ਕਰੋੜ ਰੁਪਏ ਦੇ ਇਨਾਮ, ਸਾਰੇ ਜੇਤੂ ਖਿਡਾਰੀ ਸੂਬੇ ਦੀ ਗਰੇਡੇਸ਼ਨ ਨੀਤੀ ਵਿੱਚ ਹੋਣਗੇ ਕਵਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘‘ਖੇਡਾਂ ਵਤਨ ਪੰਜਾਬ ਦੀਆਂ’’ ਨੂੰ ਨੌਜਵਾਨੀ ਵਿੱਚ ਨਵਾਂ ਜੋਸ਼ ਭਰਨ ਵਾਲਾ ਉਪਰਾਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸੂਬੇ ਵਿੱਚ ’’ਖੇਡ ਇਨਕਲਾਬ’’ ਆਏਗਾ। ਉਨ੍ਹਾਂ ਕਿਹਾ ਕਿ 29 ਅਗਸਤ ਤੋਂ ਸ਼ੁਰੂ ਹੋ ਕੇ ਕਰੀਬ ਦੋ ਮਹੀਨੇ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿੱਚ ਸੂਬੇ ਦੇ 5 ਲੱਖ ਤੋਂ ਵੱਧ ਉੱਭਰਦੇ ਖਿਡਾਰੀ ਭਾਗ ਲੈਣਗੇ। ਆਪ ਸਰਕਾਰ ਨੇ ਜੇਤੂਆਂ ਲਈ 6 ਕਰੋੜ ਰੁਪਏ ਦੇ ਇਨਾਮ ਰੱਖੇ ਹਨ ਅਤੇ ਸਾਰੇ ਜੇਤੂ ਖਿਡਾਰੀ ਸੂਬੇ ਦੀ ਗਰੇਡੇਸ਼ਨ ਨੀਤੀ ਵਿੱਚ ਕਵਰ ਹੋਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਅੱਜ ਮਨਾਏ ਜਾ ਰਹੇ ਕੌਮੀ ਖੇਡ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਇਨ੍ਹਾਂ ਖੇਡਾਂ ਦਾ ਆਗਾਜ਼ ਕਰ ਦਿੱਤਾ ਗਿਆ ਹੈ ਜਿਸ ਨਾਲ ਸਾਰਾ ਪੰਜਾਬ ਖੇਡਾਂ ਦੇ ਰੰਗ ਵਿੱਚ ਰੰਗਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਸਤੰਬਰ ਤੋਂ 7 ਸਤੰਬਰ ਤੱਕ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋ ਜਾਣਗੇ। ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ 12 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਿੜਨਗੇ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ 10 ਅਕਤੂਬਰ ਤੋਂ 21 ਅਕਤੂਬਰ ਤੱਕ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਆਪਣੇ ਜੌਹਰ ਵਿਖਾਉਣਗੇ।
ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਹੈ ਕਿ ਕਿਸੇ ਵੇਲੇ ਖੇਡਾਂ ਵਿੱਚ ਪਹਿਲੇ ਨੰਬਰ ’ਤੇ ਰਹੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਇਆ ਜਾਵੇ ਅਤੇ ਆਪਣੇ ਇਸੇ ਉਦੇਸ਼ ਨੂੰ ਲੈ ਕੇ ਉਨ੍ਹਾਂ ਨੇ ਇਹ ਮਹਾਂਕੁੰਭ ਉਲੀਕਿਆ ਹੈ। ਖੇਡ ਤੇ ਯੁਵਕ ਸੇਵਾਵਾਂ ਵਿਭਾਗ ਨੇ ਇਨ੍ਹਾਂ ਖੇਡਾਂ ਨੇ ਸੁਚੱਜੇ ਪ੍ਰਬੰਧ ਕੀਤੇ ਹਨ ਤਾਂ ਜੋ ਸੂਬੇ ਵਿੱਚ ਖੇਡ ਪ੍ਰਤਿਭਾ ਤੇ ਹੁਨਰ ਦੀ ਭਾਲ ਕੀਤੀ ਜਾ ਸਕੇ, ਖੇਡਾਂ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਪੰਜਾਬ ਸਿਰਜਿਆ ਜਾ ਸਕੇ। ਇਸ ਖੇਡ ਮਹਾਂਕੁੰਭ ਵਿੱਚ ਗਰੇਡੇਸ਼ਨ ਸੂਚੀ ਵਾਲੀਆਂ ਮਾਨਤਾ ਪ੍ਰਾਪਤ 28 ਖੇਡਾਂ ਵਿੱਚ ਅੰਡਰ-14, ਅੰਡਰ-17, ਅੰਡਰ-21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਕੁੱਲ ਛੇ ਉਮਰ ਵਰਗ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ 5 ਲੱਖ ਦੇ ਕਰੀਬ ਖਿਡਾਰੀ ਅਤੇ ਪੈਰਾ-ਖਿਡਾਰੀ ਹਿੱਸਾ ਲੈਣਗੇ।
ਉਨ੍ਹਾਂ ਦੱਸਿਆ ਕਿ ਖੇਡ ਮੇਲੇ ਵਿੱਚ ਹਿੱਸਾ ਲੈਣ ਦੇ ਇਛੁੱਕ ਖਿਡਾਰੀ www.punjabkhedmela2022.in ਪੋਰਟਲ ’ਤੇ 11 ਤੋਂ 30 ਅਗਸਤ ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ’ਤੇ ਵਾਲੀਬਾਲ, ਅਥਲੈਟਿਕਸ, ਫੱੁਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ-ਖੋ ਅਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ’ਤੇ ਬਲਾਕ ਪੱਧਰੀ ਖੇਡਾਂ ਤੋਂ ਇਲਾਵਾ ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫ਼ਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਅਤੇ ਵੇਟਲਿਫਟਿੰਗ ਦੇ ਮੁਕਾਬਲੇ ਹੋਣਗੇ। ਸੂਬਾ ਪੱਧਰ ’ਤੇ ਜ਼ਿਲ੍ਹਾ ਪੱਧਰੀ ਖੇਡਾਂ ਤੋਂ ਇਲਾਵਾ ਤਲਵਾਰਬਾਜ਼ੀ, ਤੀਰ-ਅੰਦਾਜ਼ੀ, ਨਿਸ਼ਾਨੇਬਾਜ਼ੀ, ਰੋਇੰਗ, ਜਿਮਨਾਸਟਿਕ ਅਤੇ ਸ਼ਤਰੰਜ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ 41-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ਼ ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਹੋਣਗੇ ਅਤੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਦਾ ਬਣਦਾ ਮਾਣ-ਸਤਿਕਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਵਾਲੇ 23 ਖਿਡਾਰੀਆਂ ਨੂੰ 9.30 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਖੇਡਾਂ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲੀ ਲਈ ਵਚਨਬੱਧ ਹਨ ਅਤੇ ਖਿਡਾਰੀਆਂ ਲਈ ਵਿਸ਼ਵ ਪੱਧਰੀ ਖੇਡ ਢਾਂਚਾ ਮੁਹੱਈਆ ਕਰਵਾਉਣ ਦੀ ਹਰ ਕੋਸ਼ਿਸ਼ ਕਰ ਰਹੇ ਹਨ।

Load More Related Articles

Check Also

Good News for Pre-2016 Retirees: AAP Govt Notifies Pension Revision for Teaching Faculty

Good News for Pre-2016 Retirees: AAP Govt Notifies Pension Revision for Teaching Faculty C…