
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਕੰਮ ਕਰ ਰਹੀਆਂ ਹਨ ਪੰਜਾਬ ਦੀਆਂ ਖੇਡ ਸੰਸਥਾਵਾਂ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਮੇਲਾ ਗੁੱਗਾ ਮਾੜੀ ਕੁੰਭੜਾ ਅਤੇ ਵਿਸ਼ਾਲ ਕੁਸ਼ਤੀ ਦੰਗਲ ਦੇ ਦੌਰਾਨ ਕੀਤੀ ਸ਼ਮੂਲੀਅਤ
ਨਬਜ਼-ਏ-ਪੰਜਾਬ, ਮੁਹਾਲੀ, 1 ਸਤੰਬਰ:
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਖੇਡ ਸੰਸਥਾਵਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਕੰਮ ਕਰਕੇ ਸਰਕਾਰ ਦਾ ਕੰਮ ਸੌਖਾ ਕਰ ਰਹੀਆਂ ਹਨ। ਗੁਗਾ ਮਾੜੀ ਪਿੰਡ ਕੁੰਭੜਾ ਦੇ ਮੇਲੇ ਦੌਰਾਨ ਵਿਸ਼ਾਲ ਕੁਸ਼ਤੀ ਦੰਗਲ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ ਉੱਥੇ ਪਿੰਡਾਂ ਵਿੱਚ ਖੇਡ ਮੇਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡ ਕਲੱਬਾਂ ਅਤੇ ਸੰਸਥਾਵਾਂ ਦੇ ਵੱਲੋਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋੱ ਦੂਰ ਰੱਖਣ ਦੇ ਲਈ ਇੱਕ ਵਧੀਆ ਕੰਮ ਕੀਤਾ ਜਾ ਰਿਹਾ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਇੱਕ ਹੱਸਦਾ ਵੱਸਦਾ, ਭੰਗੜੇ, ਗਿੱਧਿਆਂ ਅਤੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਵਾਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਮੁਹਾਲੀ ਹਲਕੇ ਦੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਖੇਡ ਮੇਲੇ ਹੋਣਗੇ, ਉਹ ਉਨ੍ਹਾਂ ਸਾਰਿਆਂ ਵਿੱਚ ਨਿੱਜੀ ਤੌਰ ’ਤੇ ਜਰੂਰ ਹਾਜ਼ਰ ਹੋਣ। ਇਸ ਮੌਕੇ ਉਨ੍ਹਾਂ ਕੁੰਭੜਾ ਪਿੰਡ ਦੀ ਖੇਡ ਸੰਸਥਾ ਨੂੰ ਆਪਣੇ ਵੱਲੋਂ 51 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਆਪ ਆਗੂ ਕੁਲਦੀਪ ਸਿੰਘ ਸਮਾਣਾ, ਡੀਐਸਪੀ ਹਰਸਿਮਰਤ ਸਿੰਘ ਬੱਲ, ਕੌਂਸਲਰ ਰਵਿੰਦਰ ਬਿੰਦਰਾ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ ਤੇ ਆਰਪੀ ਸ਼ਰਮਾ, ਡਾ. ਕੁਲਦੀਪ ਸਿੰਘ, ਅਵਤਾਰ ਸਿੰਘ ਮੌਲੀ, ਭੁਪਿੰਦਰ ਸਿੰਘ, ਜਸਪਾਲ ਸਿੰਘ ਮਟੌਰ, ਅਕਵਿੰਦਰ ਸਿੰਘ ਗੋਸਲ, ਸੰਨੀ ਮੌਲੀ, ਬਿੱਟੂ ਸਮਾਣਾ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ ਵੀ ਹਾਜ਼ਰ ਸਨ।