nabaz-e-punjab.com

ਖੇਡ ਪ੍ਰਮੋਟਰ ਦੀ ਮੌਤ ਦਾ ਮਾਮਲਾ: ਹੋਟਲ ਮੈਨੇਜਰ ਦੀ ਜ਼ਮਾਨਤ ਦੀ ਅਰਜ਼ੀ ਰੱਦ

ਮ੍ਰਿਤਕ ਨੌਜਵਾਨ ਦੇ ਦੋਸਤ ਰਵਿੰਦਰ ਸਿੰਘ ਨੇ ਅਚਾਨਕ ਵਾਪਸ ਲਈ ਜ਼ਮਾਨਤ ਦੀ ਅਰਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਇੱਥੋਂ ਦੇ ਫੇਜ਼-11 ਵਿੱਚ ਸਥਿਤ ਇੱਕ ਹੋਟਲ ਵਿੱਚ ਖੇਡ ਪ੍ਰਮੋਟਰ ਨੌਜਵਾਨ ਸਰਬਜੀਤ ਸਿੰਘ ਗਰੇਵਾਲ ਉਰਫ਼ ਸਰਬੀ ਗਰੇਵਾਲ (25) ਵਾਸੀ ਪਿੰਡ ਕੂਮਕਲਾਂ (ਜ਼ਿਲ੍ਹਾ ਲੁਧਿਆਣਾ) ਦੀ ਗੋਲੀ ਲੱਗਣ ਕਾਰਨ ਭੇਤਭਰੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਮੁਹਾਲੀ ਅਦਾਲਤ ਨੇ ਹੋਟਲ ਦੇ ਮੈਨੇਜਰ ਪ੍ਰਵੀਨ ਕੁਮਾਰ ਵਾਸੀ ਪਿੰਡ ਧਨਾਸ (ਚੰਡੀਗੜ੍ਹ) ਦੀ ਜ਼ਮਾਨਤ ਦੀ ਅਰਜ਼ੀ ਮੁੱਢੋਂ ਰੱਦ ਕਰ ਦਿੱਤੀ ਹੈ। ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਮ੍ਰਿਤਕ ਨੌਜਵਾਨ ਦੇ ਦੋਸਤ ਰਵਿੰਦਰ ਸਿੰਘ ਨੇ ਅਚਾਨਕ ਅਗਾਊਂ ਜ਼ਮਾਨਤ ਦੀ ਅਰਜ਼ੀ ਵਾਪਸ ਲੈ ਲਈ ਗਈ ਹੈ। ਮੁਲਜ਼ਮ ਨੇ ਆਪਣੇ ਵਕੀਲ ਰਾਹੀਂ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਹੋਟਲ ਮੈਨੇਜਰ ਪ੍ਰਵੀਨ ਕੁਮਾਰ ਵਾਸੀ ਪਿੰਡ ਧਨਾਸ (ਚੰਡੀਗੜ੍ਹ) ਅਤੇ ਹਾਊਸਕੀਪਰ ਅਮਿਤ ਕੁਮਾਰ ਵਾਸੀ ਅੰਬ ਸਾਹਿਬ ਕਲੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜੋ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹਨ।
ਥਾਣਾ ਫੇਜ਼-11 ਦੇ ਐਸਐਚਓ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਤਿੰਨ ਦੋਸਤਾਂ ਜਸਕਿਰਤ ਸਿੰਘ, ਰਵਿੰਦਰ ਸਿੰਘ ਅਤੇ ਗੁਰਪਿਆਰ ਸਿੰਘ ਵਾਸੀ ਪਿੰਡ ਕੋਕਰੀ ਬਹਿਣੀਵਾਲ (ਮੋਗਾ) ਸਮੇਤ ਹੋਟਲ ਮੈਨੇਜਰ ਪ੍ਰਵੀਨ ਕੁਮਾਰ ਵਾਸੀ ਪਿੰਡ ਧਨਾਸ (ਚੰਡੀਗੜ੍ਹ) ਅਤੇ ਹਾਊਸਕੀਪਰ ਅਮਿਤ ਕੁਮਾਰ ਵਾਸੀ ਅੰਬ ਸਾਹਿਬ ਕਲੋਨੀ ਦੇ ਖ਼ਿਲਾਫ਼ ਧਾਰਾ 304, 336, 148, 149, 201, 120ਬੀ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਖੇਡ ਪ੍ਰਮੋਟਰ ਸਰਬਜੀਤ ਸਿੰਘ ਗਰੇਵਾਲ ਆਪਣੇ ਦੋਸਤਾਂ ਨਾਲ ਮੁਹਾਲੀ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਸ਼ੋਅ ਦੇਖਣ ਲਈ ਆਇਆ ਸੀ ਅਤੇ ਸਥਾਨਕ ਫੇਜ਼-11 ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਗਰੇਵਾਲ ਨੂੰ ਗੋਲੀ ਲੱਗਣ ਤੋਂ ਬਾਅਦ ਉਸ ਦੇ ਦੋਸਤ ਉਸ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…