
ਪਲਾਸਟਿਕ ਦੀ ਥਾਂ ਕਾਗਜ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਲਈ ਕੀਤਾ ਜਾਗਰੂਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਮੁਹਾਲੀ ਨਗਰ ਨਿਗਮ ਵੱਲੋਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੀ ਥਾਂ ਕਾਗਜ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਲਈ ਜਾਗਰੂਕਤਾ ਵਿੱਢੀ ਗਈ ਹੈ। ਜਿਸ ਦੇ ਤਹਿਤ ਅੱਜ ਨਗਰ ਨਿਗਮ ਦੀ ਵਿਸ਼ੇਸ਼ ਟੀਮ ਨੇ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਜਾ ਕੇ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਨੂੰ ਅਖ਼ਬਾਰਾਂ ਦੀ ਰੱਦੀ ਤੋਂ ਤਿਆਰ ਕੀਤੇ ਗਏ ਕਾਗਜ ਦੇ ਲਿਫ਼ਾਫ਼ੇ ਵੰਡੇ ਗਏ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਕਾਗਜ ਜਾਂ ਗਲਣਸ਼ੀਲ ਕੱਪੜੇ ਦੇ ਕੈਰੀ ਬੈਗ ਇਸਤੇਮਾਲ ਲਈ ਪ੍ਰੇਰਿਆ ਤਾਂ ਜੋ ਪਲਾਸਟਿਕ ਦੇ ਵਧਦੇ ਪ੍ਰਦੂਸ਼ਣ ’ਤੇ ਕਾਬੂ ਪਾਇਆ ਜਾ ਸਕੇ।
ਇਸ ਮੌਕੇ ਨਗਰ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਕਮਲ ਗਰਗ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਹ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਨੂੰ ਕਾਗਜ ਦੇ ਲਿਫ਼ਾਫ਼ੇ ਵੰਡੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਸਮਾਨ ਦੀ ਖ਼ਰੀਦਦਾਰੀ ਕਰਨ ਆਉਂਦੇ ਗਾਹਕਾਂ ਨੂੰ ਕਾਗਜ ਅਤੇ ਗਲਣਸ਼ੀਲ ਕੱਪੜੇ ਦੇ ਲਿਫ਼ਾਫ਼ੇ ਵਰਤੋਂ ਵਿੱਚ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਸ਼ਹਿਰ ਦਾ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸਿਹਤ ਅਫ਼ਸਰ ਡਾ. ਤਮੰਨਾ, ਪ੍ਰੋਗਰਾਮ ਕੋਆਰਡੀਨੇਟਰ ਨਰਿੰਦਰ ਸਿੰਘ, ਇੰਦਰਜੀਤ ਕੌਰ ਅਤੇ ਵੰਦਨਾ ਸੁਖੀਜਾ ਵੀ ਹਾਜ਼ਰ ਸਨ।