
ਸ੍ਰੀ ਦਰਬਾਰ ਸਾਹਿਬ ਅੰਦਰ ਵਾਪਰੀ ਘਟਨਾ ਗੰਭੀਰ ਚਿੰਤਾ ਦਾ ਵਿਸ਼ਾ: ਬੀਰਦਵਿੰਦਰ ਸਿੰਘ
ਜੇ ਕੋਈ ਜਾਣਬੁੱਝ ਕੇ ਪ੍ਰਬਲ ਊਰਜਾ ਵਾਲੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਹੱਥ ਪਾਏਗਾ ਤਾਂ ਉਸਦਾ ਮਰਨਾ ਤੈਅ ਹੈ
ਪੂਰੀ ਸਿੱਖ ਕੌਮ ਸ਼ਬਦ-ਗੁਰੂ ਦੀ ਰਾਖੀ ਲਈ ਪੂਰੀ ਸਜੱਗਤਾ ਤੋਂ ਕੰਮ ਲਵੇ
ਬਾਦਲ ਪਰਿਵਾਰ ਨੂੰ ਸੰਵੇਦਨਸ਼ੀਲ ਧਾਰਮਿਕ ਮਾਮਲੇ ਵਿੱਚ ਹੋਸ਼-ਹਵਾਸ ਤੇ ਸਹਿਜ ਨਾਲ ਕੰਮ ਲੈਣ ਦੀ ਸਲਾਹ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਬੀਤੇ ਕੱਲ੍ਹ ਰਹਿਰਾਸ ਸਾਹਿਬ ਦੇ ਪਾਠ ਸਮੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਵਾਪਰੀ ਘਟਨਾ ਨੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੰੂਧਰ ਕੇ ਰੱਖ ਦਿੱਤੇ ਹਨ ਅਤੇ ਇਹ ਬਹੁਤ ਹੀ ਗੰਭੀਰ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇ ਦਰਬਾਰ ਸਾਹਿਬ ਅੰਦਰ ਸੇਵਾ ਕਰ ਰਹੇ ਸੇਵਾਦਾਰਾਂ ਨੇ ਏਨੀ ਚੌਕਸੀ ਤੇ ਫੁਰਤੀ ਤੋਂ ਕੰਮ ਲੈ ਕੇ ਉਸ ਪਾਪੀ ਨੂੰ ਦਬੋਚਿਆ ਨਾ ਹੁੰਦਾ ਤਾਂ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਬੈਠੇ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਭਾਈ ਬਲਜੀਤ ਸਿੰਘ ਉੱਤੇ ਘਾਤਕ ਵਾਰ ਕਰਨਾ ਸੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਜ਼ਖ਼ਮੀ ਕਰਨ ਦੀ ਬੇਹੱਦ ਕੋਝੀ ਹਰਕਤ ਕਰਨ ਦਾ ਖ਼ਦਸ਼ਾ ਸੀ। ਇਸ ਤੋਂ ਬਿਨਾਂ ਉਸ ਦੀ ਹੋਰ ਕੋਈ ਮਨਸ਼ਾ ਨਹੀਂ ਸੀ ਜਾਪਦੀ।
ਸ੍ਰੀ ਬੀਰਦਵਿੰਦਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਤਾਂ ਸਮੁੱਚੀ ਮਨੁੱਖਤਾ ਲਈ ਰੂਹਾਨੀ ਸ਼ਕਤੀ ਦਾ ਸੋਮਾ ਹਨ, ਉਸ ਪਵਿੱਤਰ ਅਸਥਾਨ ’ਤੇ ਅਜਿਹੀ ਘਿਣਾਉਣੀ ਹਰਕਤ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਜੇ ਕੋਈ ਅਨਸਰ ਜਾਣਬੁੱਝ ਕੇ ਇਸ ਪਵਿੱਤਰ ਅਸਥਾਨ ਉੱਤੇ ਸਿੱਖ ਸੰਗਤ ਦੀ ਹਾਜ਼ਰੀ ਵਿੱਚ ਬੇਅਦਬੀ ਕਰਨ ਦਾ ਆਕਰਮਕ ਯਤਨ ਕਰਦਾ ਹੈ ਤਾਂ ਉਸਦਾ ਹਸ਼ਰ ਤਾਂ ਫਿਰ ਏਹੋ ਹੀ ਹੋਣਾ ਲਾਜ਼ਮੀ ਸੀ, ਜੋ ਹੋਇਆ ਹੈ। ਜੇ ਕੋਈ ਜਾਣਬੁੱਝ ਕੇ ਪ੍ਰਬਲ ਊਰਜਾ ਵਾਲੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਹੱਥ ਪਾਏਗਾ ਤਾਂ ਫਿਰ ਉਸਦਾ ਮਰਨਾ ਤਾਂ ਤੈਅ ਹੀ ਹੈ, ਉਸ ਨੂੰ ਕੋਈ ਕਾਨੂੰਨ ਕਿਵੇਂ ਸੁਰੱਖਿਅਤ ਬਚਾ ਸਕੇਗਾ? ਉਨ੍ਹਾਂ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਪੂਰੀ ਸਿੱਖ ਕੌਮ ਸ਼ਬਦ-ਗੁਰੂ ਦੀ ਰਾਖੀ ਲਈ ਪੂਰੀ ਸਜੱਗਤਾ ਤੋਂ ਕੰਮ ਲਵੇ ਅਤੇ ਇਹ ਦ੍ਰਿੜ ਨਿਸ਼ਚਾ ਕਰੇ ਕਿ ਇਮਾਨ ਤੇ ਸਿਦਕ ਦੀ ਰਾਖੀ ਲਈ ਲੜੀ ਗਈ ਜੰਗ ਹੀ ਸਭ ਤੋਂ ਵੱਡੀ ਹੁੰਦੀ ਹੈ, ਜੋ ਮਨੁੱਖ ਆਪਣੇ ਇਸ਼ਟ ਦਾ ਵਫ਼ਾਦਾਰ ਨਹੀਂ, ਉਹ ਕਿਸੇ ਵਤਨ ਦੀ ਮਿੱਟੀ, ਕਾਨੂੰਨ ਜਾਂ ਵਿਅਕਤੀ ਦਾ ਵਫ਼ਾਦਾਰ ਕਿਵੇਂ ਹੋ ਸਕਦਾ ਹੈ?
ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾ ਦੇ ਬਾਵਜੂਦ ਵੀ ਬਾਦਲ ਪਰਿਵਾਰ ਆਪਣੀ ਘਟੀਆ ਰਾਜਨੀਤੀ ਤੋਂ ਬਾਜ਼ ਨਹੀਂ ਆ ਰਿਹਾ। ਹਰਸਿਮਰਤ ਕੌਰ ਬਾਦਲ ਦਾ ਇਹ ਬਿਆਨ ਬੇਹੱਦ ਨਿੰਦਣਯੋਗ ਹੈ ਕਿ ‘ਜੇ 24 ਘੰਟੇ ਦੇ ਅੰਦਰ-ਅੰਦਰ ਸ੍ਰੀ ਦਰਬਾਰ ਸਾਹਿਬ ਅੰਦਰ ਵਾਪਰੀ ਘਟਨਾ ਦੀ ਸਾਰੀ ਸਾਜ਼ਿਸ਼ ਬੇਨਕਾਬ ਨਹੀਂ ਹੁੰਦੀ ਤਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਬੀਬੀ ਬਾਦਲ ਨੂੰ ਸਵਾਲ ਕੀਤਾ ਕਿ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਹੋਏ ਸਨ ਅਤੇ ਬਰਗਾੜੀ ਵਿੱਚ ਪਾਵਨ ਅੰਗਾਂ ਦੀ ਸਾਲ 2015 ਵਿੱਚ ਬੇਅਦਬੀ ਹੋਈ ਸੀ, ਉਸ ਵੇਲੇ ਉਨ੍ਹਾਂ ਦੀ ਚਤੁਰ ਵਿੱਦਿਆ ਅਤੇ ਸੋਝੀ ਕਿੱਥੇ ਸੀ? 24 ਘੰਟੇ ਦੇ ਅੰਦਰ ਰੰਧਾਵਾ ਤੋਂ ਅਸਤੀਫ਼ਾ ਮੰਗਣ ਵਾਲੀ ਬੀਬੀ ਬਾਦਲ ਦੇ ਪਤੀ ਸੁਖਬੀਰ ਸਿੰਘ ਬਾਦਲ ਜੋ ਉਸ ਵੇਲੇ ਦੇ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਵੀ ਸਨ ਅਤੇ ਉਨ੍ਹਾਂ ਦੇ ਸਹੁਰਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸਨ, ਉਨ੍ਹਾਂ ਨੇ ਤਾਂ 24 ਮਹੀਨਿਆਂ ਵਿੱਚ ਵੀ ਅਸਤੀਫ਼ਾ ਨਹੀਂ ਸੀ ਦਿੱਤਾ ਅਤੇ ਨਾ ਹੀ ਬੀਬੀ ਦੀ ਆਪਣੀ ਜ਼ਮੀਰ ਜਾਗੀ ਸੀ। ਨਾ ਹੀ ਸਾਰੇ ‘ਬਾਦਲ ਟੱਬਰ’ ਦੀ ਜ਼ਮੀਰ ’ਤੇ ਕੋਈ ਬੋਝ ਪਿਆ ਸੀ, ਸਗੋਂ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋਣ ਵਾਲੀਆਂ ਲੱਖਾਂ ਸੰਗਤਾਂ ਨੂੰ ਇਹ ‘ਭਾੜੇ ਦੇ ਟੱਟੂ’ ਹੀ ਦੱਸਦੇ ਸਨ।
ਉਨ੍ਹਾਂ ਨੇ ਬਾਦਲ ਪਰਿਵਾਰ ਨੂੰ ਮਸ਼ਵਰਾ ਦਿੱਤਾ ਕਿ ਅਜਿਹੇ ਸੰਵੇਦਨਸ਼ੀਲ ਧਾਰਮਿਕ ਮਾਮਲੇ ਵਿੱਚ ਹੋਸ਼-ਹਵਾਸ ਤੇ ਸਹਿਜ ਨਾਲ ਕੰਮ ਲੈਣਾ ਚਾਹੀਦਾ ਹੈ ਅਤੇ ਬਾਕੀ ਪਾਰਟੀਆਂ ਵੀ ਸਰਕਾਰ ਵਿਰੁੱਧ ਦੂਸ਼ਣਬਾਜ਼ੀ ਕਰਨ ਤੋਂ ਉੱਪਰ ਉੱਠ ਕੇ ਇਸ ਘਿਣਾਉਣੀ ਸਾਜ਼ਿਸ਼ ਦੇ ਕੇਂਦਰ-ਬਿੰਦੂ ਤੱਕ ਅੱਪੜਨਾ ਚਾਹੀਦਾ ਹੈ। ਸ੍ਰੀ ਦਰਬਾਰ ਸਾਹਿਬ ਵਿੱਚ ਕੋਝੀ ਹਰਕਤ ਕਰਨ ਵਾਲੇ ਸਖਸ਼ ਪਾਸ, ਕੋਈ ਵੀ ਕਿਸੇ ਕਿਸਮ ਦਾ ਪਛਾਣ ਚਿੰਨ ਨਾ ਹੋਣਾ ਅਤੇ ਉਸਦਾ ਕਮਾਂਡੋ-ਐਕਸ਼ਨ ਕਰਕੇ ਸਿੱਧਾ ਦਰਬਾਰ ਸਾਹਿਬ ਦੇ ‘ਪਵਿੱਤਰ ਆਸਣ’ ਅੰਦਰ ਕੁੱਦਣਾ ਤੇ ਸ੍ਰੀ ਸਾਹਿਬ ਚੁੱਕਣਾ, ਜ਼ਾਹਰ ਕਰਦਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ, ਉਸ ਦੀ ਬਾਕਾਇਦਾ ਕਿਸੇ ਖੁਫ਼ੀਆ-ਏਜੰਸੀ ਨੇ ਤੇ ਜਾਂ ਗੁਰੂ ਘਰ ਦੀ ਕਿਸੇ ਦੋਖੀ ਸੰਸਥਾ ਨੇ ਉਸ ਨੂੰ ਪੂਰੀ ਤਰ੍ਹਾਂ ਸਿਖਲਾਈ ਕਰਵਾ ਕੇ ਭੇਜਿਆ ਗਿਆ ਸੀ, ਇਸ ਲਈ ਇਸ ਸਾਰੇ ਮਾਮਲੇ ਦੀ ਤਹਿ ਤੱਕ ਜਾਣ ਲਈ, ਹਰ ਕਿਸਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਬੜੇ ਸੰਜੀਦਾ ਤਰੀਕੇ ਨਾਲ ਗੰਭੀਰ ਜਾਂਚ ਹੋਣੀ ਚਾਹੀਦੀ ਹੈ।