ਐੱਸਐੱਸਏ/ਰਮਸਾ ਅਧਿਆਪਕਾਂ ਨੂੰ ਪਿਛਲੇ 5 ਮਹੀਨੇ ਤੋਂ ਨਹੀਂ ਮਿਲੀ ਤਨਖ਼ਾਹ

ਐੱਸਐੱਸਏ/ਰਮਸਾ ਅਧਿਆਪਕ ਯੂਨੀਅਨ ਵੱਲੋਂ ਡੀਜੀਐਸਈ ਦਫ਼ਤਰ ਦਾ ਘਿਰਾਓ, ਨਾਅਰੇਬਾਜ਼ੀ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਐੱਸਐੱਸਏ/ਰਮਸਾ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਸਿੱਖਿਆ ਭਵਨ ਵਿੱਚ ਸਥਿਤ ਡੀਜੀਐਸਈ ਦਫ਼ਤਰ ਦਾ ਘਿਰਾਓ ਕਰਕੇ ਸਿੱਖਿਆ ਅਧਿਕਾਰੀਆਂ ਅਤੇ ਹੁਕਮਰਾਨਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਇਹ ਧਰਨਾ ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਦਿੱਤਾ ਗਿਆ। ਯੂਨੀਅਨ ਦੇ ਸੂਬਾਈ ਸਕੱਤਰ ਹਰਜੀਤ ਸਿੰਘ ਜਿੰਦਾ, ਮੀਤ ਪ੍ਰਧਾਨ ਰਾਜਵੀਰ ਸਿੰਘ ਸਮਰਾਲਾ ਨੇ ਦੱਸਿਆ ਕਿ ਐੱਸਐੱਸਏ/ਰਮਸਾ ਅਤੇ ਆਈਈਆਰਟੀ ਅਧੀਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ 9 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ 14 ਹਜ਼ਾਰ ਅਧਿਆਪਕ ਤਨਖ਼ਾਹਾਂ ਨਾ ਮਿਲਣ ਕਾਰਨ ਆਰਥਿਕ ਅਤੇ ਮਾਨਸਿਕ ਪੀੜਾਂ ਝੱਲ ਰਹੇ ਹਨ। ਤਨਖ਼ਾਹਾਂ ਨਾ ਮਿਲਣ ਕਾਰਨ ਜਿੱਥੇ ਉਨ੍ਹਾਂ ਦੇ ਬੱਚਿਆਂ ਦੇ ਨਵੀਆਂ ਜਮਾਤਾਂ ਵਿੱਚ ਦਾਖ਼ਲ ਪ੍ਰਭਾਵਿਤ ਹੋ ਰਹੇ ਹਨ। ਉੱਥੇ ਹੁਣ ਕਰਿਆਨਾ ਸਟੋਰ ਵਾਲਿਆਂ ਨੇ ਉਧਾਰ ਰਾਸ਼ਨ ਦੇਣਾ ਵੀ ਬੰਦ ਕਰ ਦਿੱਤਾ ਹੈ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਇੱਕ ਪਾਸੇ ਕੈਪਟਨ ਸਰਕਾਰ ਨੇ ਅਧਿਆਪਕਾਂ ਨੂੰ ਰੈਗੂਲਰ ਨਾ ਕਰਕੇ ਆਪਣੇ ਚੋਣ ਵਾਅਦੇ ਤੋਂ ਭੱਜ ਰਹੀ ਹੈ, ਉੱਥੇ ਹੁਣ ਅਧਿਆਪਕਾਂ ਨੂੰ ਮਹੀਨਿਆਂ ਬੱਧੀ ਤਨਖ਼ਾਹਾਂ ਨਾ ਮਿਲਣ ਕਾਰਨ ਕਿਸਾਨਾਂ ਵਾਂਗ ਹੁਣ ਅਧਿਆਪਕਾਂ ਨੂੰ ਵੀ ਖ਼ੁਦਕੁਸ਼ੀਆਂ ਲਈ ਮਜਬੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਬੀਤੀ 6 ਅਪਰੈਲ ਨੂੰ ਅਧਿਆਪਕਾਂ ਦਾ ਵਫ਼ਦ ਡੀਜੀਐਸਈ ਪ੍ਰਸ਼ਾਂਤ ਗੋਇਲ ਨੂੰ ਮਿਲਿਆ ਸੀ ਅਤੇ ਮੰਗ ਪੱਤਰ ਸੌਂਪਿਆ ਗਿਆ ਸੀ ਪੰ੍ਰਤੂ ਹੁਣ ਤੱਕ ਇਨ੍ਹਾਂ ਅਧਿਆਪਕਾਂ ਨੂੰ ਤਨਖ਼ਾਹ ਨਹੀਂ ਮਿਲੀ। ਜਿਸ ਕਾਰਨ ਅਧਿਆਪਕਾਂ ਨੂੰ ਡੀਜੀਐਸਈ ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਉਧਰ, ਮੁਹਾਲੀ ਦੇ ਐਸਡੀਐਮ ਡਾ. ਆਰ.ਪੀ ਸਿੰਘ ਨੇ ਯੂਨੀਅਨ ਆਗੂਆਂ ਦੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਕਰਵਾਈ ਗਈ। ਉਨ੍ਹਾਂ ਇਸੇ ਹਫ਼ਤੇ ਚਾਰ ਮਹੀਨੇ ਦੀ ਤਨਖ਼ਾਹ ਇਕੱਠੀ ਰਿਲੀਜ਼ ਕਰਨ ਦਾ ਭਰੋਸਾ ਦਿੱਤਾ। ਇਸ ਮਗਰੋਂ ਅਧਿਆਪਕਾਂ ਨੇ ਡੀਜੀਐਸਈ ਦਫ਼ਤਰ ਦੇ ਮੂਹਰਿਓਂ ਧਰਨਾ ਚੁੱਕ ਲਿਆ ਅਤੇ ਸਿੱਖਿਆ ਭਵਨ ਦੇ ਗੇਟ ਬਾਹਰ ਧਰਨੇ ’ਤੇ ਬੈਠ ਗਏ। ਅਧਿਆਪਕ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਤਨਖ਼ਾਹ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਆ ਜਾਂਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ। ਖ਼ਬਰ ਲਿਖੇ ਜਾਣ ਤੱਕ ਦੇਰ ਸ਼ਾਮ ਧਰਨਾ ਜਾਰੀ ਸੀ।
ਇਸ ਮੌਕੇ ਜੀਟੀਯੂ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜੀਐੱਸਟੀਯੂ ਤੋਂ ਜਸਵਿੰਦਰ ਸਿੰਘ ਢਿੱਲੋਂ, ਅਮਨਦੀਪ ਦੱਧਾਹੂਰ, ਸਤਨਾਮ ਫਤਹਿਗੜ੍ਹ ਸਾਹਿਬ, ਸਰਵਣ ਸਿੰਘ ਮਾਣੂਕੇ, ਸੁਖਵਿੰਦਰ ਸਿੰਘ ਰੂਪਨਗਰ, ਭੁਪਿੰਦਰ ਸਿੰਘ ਦੁੱਗਲ, ਮਨਜੀਤ ਸਿੰਘ ਬਠਿੰਡਾ, ਗਗਨਦੀਪ ਧੂਰੀ, ਬਲਜੀਤ ਸਿੰਘ ਮੁਹਾਲੀ, ਅਮਰਿੰਦਰ ਸਿੰਘ ਫਤਹਿਗੜ੍ਹ ਸਾਹਿਬ, ਸੁਭਾਸ਼ ਚੰਦਰ ਗੁਰਦਾਸਪੁਰ, ਨਵਨੀਤ ਕੌਰ, ਸੋਨਾਲੀ ਸ਼ਰਮਾ ਜਲੰਧਰ, ਦਲਜਿੰਦਰ ਕੌਰ, ਰੋਹਿਤ ਸ਼ਰਮਾ ਕਪੂਰਥਲਾ, ਅਪਰ ਅਪਾਰ ਸਿੰਘ ਬਠਿੰਡਾ, ਗਗਨ ਫਰੀਦਕੋਟ, ਸੁਨੀਤਾ ਰਾਣੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …