
ਐੱਸਐੱਸਪੀ ਵੱਲੋਂ ਦੋ ਥਾਣੇਦਾਰ ਤੇ ਇੱਕ ਸਿਪਾਹੀ ਨੌਕਰੀ ਤੋਂ ਬਰਖ਼ਾਸਤ
ਨਬਜ਼-ਏ-ਪੰਜਾਬ, ਮੁਹਾਲੀ, 24 ਅਪਰੈਲ:
ਪੰਜਾਬ ’ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਬੱਧਤਾ ਤਹਿਤ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਵੱਲੋਂ ਪੰਜਾਬ ਪੁਲੀਸ ਦੇ ਮੁਹਾਲੀ ਜ਼ਿਲ੍ਹੇ ਵਿੱਚ ਤਾਇਨਾਤ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ’ਚੋਂ ਦੋ ਪੁਲੀਸ ਕਰਮਚਾਰੀਆਂ ’ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਹੈ। ਜਦੋਂਕਿ ਇੱਕ ਕਰਮਚਾਰੀ ’ਤੇ ਗੈਰਹਾਜ਼ਰ ਰਹਿਣ ਦਾ ਦੋਸ਼ ਹੈ।
ਐੱਸਐੱਸਪੀ ਦੀਪਕ ਪਾਰਿਕ ਵੱਲੋਂ ਹਾਲ ਹੀ ਵਿੱਚ ਬਰਖ਼ਾਸਤ ਕੀਤੇ ਇਨ੍ਹਾਂ ਪੁਲੀਸ ਕਰਮਚਾਰੀਆਂ ਵਿੱਚ ਥਾਣੇਦਾਰ (ਲੋਕਲ ਰੈਂਕ) ਹਰਵਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ (ਲੋਕਲ ਰੈਂਕ) ਕੁਲਦੀਪ ਸਿੰਘ ’ਤੇ ਭ੍ਰਿਸ਼ਟਾਚਾਰ ਅਤੇ ਸੀਨੀਅਰ ਸਿਪਾਹੀ ਜਸਵੀਰ ਸਿੰਘ ’ਤੇ ਲਗਾਤਾਰ ਡਿਊਟੀ ਤੋਂ ਗੈਰਹਾਜ਼ਰ ਰਹਿਣ ਦਾ ਦੋਸ਼ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਡਿਊਟੀ ਵਿੱਚ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।