ਐਸਐਸਪੀ ਨੂੰ ਸ਼ਰਾਬ ਦੀ ਢੋਅ-ਢੁਆਈ ਵਾਲੇ ਵਾਹਨਾਂ ਦੀ ਆਵਾਜਾਈ ’ਤੇ ਸਖ਼ਤ ਨਜ਼ਰ ਰੱਖਣ ਦੇ ਹੁਕਮ

ਡੀਸੀ ਨੇ ਸ਼ਰਾਬ ਦੀ ਵਿਕਰੀ, ਸਪਲਾਈ ਅਤੇ ਸਟਾਕ ’ਤੇ ਨਿਗਰਾਨੀ ਪ੍ਰਣਾਲੀ ਦੀ ਕੀਤੀ ਸਮੀਖਿਆ

ਨਬਜ਼-ਏ-ਪੰਜਾਬ, ਮੁਹਾਲੀ, 23 ਅਪਰੈਲ:
ਲੋਕ ਸਭਾ ਚੋਣਾਂ-2024 ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ ਦੇ ਰਿਕਾਰਡ ਦੀ ਰੋਜ਼ਾਨਾ ਦੇ ਆਧਾਰ ’ਤੇ ਜਾਂਚ ਕਰਕੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਸਬੰਧੀ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਐਸਐਸਪੀ ਸੰਦੀਪ ਗਰਗ ਦੀ ਮੌਜੂਦਗੀ ਵਿੱਚ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ ਤੋਂ ਇਸ ਸਾਰੇ ਸਮਾਨ ਦੀ ਢੋਆ-ਢੁਆਈ ਲਈ ਤਿੱਖੀ ਨਜ਼ਰ ਰੱਖਣੀ ਜ਼ਰੂਰੀ ਹੈ।
ਉਨ੍ਹਾਂ ਨੇ ਸਹਾਇਕ ਕਮਿਸ਼ਨਰ ਮੁਨੀਸ਼ ਨਈਅਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਮਿਥੇਨੌਲ/ਇੰਡਸਟਰੀਅਲ ਸਪਿਰਟ ਦੀ ਖ਼ਰੀਦ ਅਤੇ ਵਿਕਰੀ ਦੇ ਸਹੀ ਰਿਕਾਰਡ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਜੀਐਸਟੀ ਅਫ਼ਸਰਾਂ ਅਤੇ ਐਸਡੀਐਮਜ਼ ਨਾਲ ਮਿਲ ਕੇ ਨਿਯਮਤ ਤੌਰ ’ਤੇ ਨਿਗਰਾਨੀ ਕਰਨਾ ਯਕੀਨੀ ਬਣਾਉਣ।
ਸਹਾਇਕ ਕਮਿਸ਼ਨਰ ਆਬਕਾਰੀ ਅਸ਼ੋਕ ਚਲਹੋਤਰਾ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਗੰਭੀਰ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਬੰਧਤਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਬਕਾਰੀ ਅਤੇ ਪੁਲੀਸ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨਾਜਾਇਜ਼ ਸ਼ਰਾਬ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ।
ਡੀਸੀ ਨੇ ਆਬਕਾਰੀ ਅਤੇ ਪੁਲੀਸ ਨੂੰ ਕਿਹਾ ਕਿ ਸਾਰੀਆਂ ਖੰਡਰ ਇਮਾਰਤਾਂ, ਗੋਦਾਮਾਂ, ਰਾਈਸ ਸ਼ੈਲਰ, ਕੋਲਡ ਸਟੋਰਾਂ, ਢਾਬਿਆਂ ਅਤੇ ਹੋਰ ਖਾਲੀ ਇਮਾਰਤਾਂ ਦੀ ਚੈਕਿੰਗ ਕਰਨ ਤਾਂ ਜੋ ਸ਼ਰਾਬ ਦੇ ਗੈਰ-ਕਾਨੂੰਨੀ ਭੰਡਾਰਨ ਦੀ ਸੰਭਾਵਨਾ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਐਸਐਸਪੀ ਸੰਦੀਪ ਗਰਗ ਨੂੰ ਸ਼ਰਾਬ ਦੀ ਢੋਆ-ਢੁਆਈ ਵਾਲੇ ਵਾਹਨਾਂ ਦੀ ਆਵਾਜਾਈ ’ਤੇ ਸਖ਼ਤ ਨਜ਼ਰ ਰੱਖਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਗੁਆਂਢੀ ਰਾਜਾਂ ਨਾਲ ਲੱਗਦੀਆਂ ਸਰਹੱਦਾਂ ’ਤੇ ਅੰਤਰਰਾਜੀ ਨਾਕੇ ਲਗਾਏ ਜਾਣ। ਆਬਕਾਰੀ ਅਧਿਕਾਰੀਆਂ ਨੂੰ ਸ਼ਰਾਬ ਦੇ ਠੇਕਿਆਂ/ਪੇਟੀਆਂ ਦੀ ਨਾਜਾਇਜ਼ ਵਿਕਰੀ ’ਤੇ ਰੋਕ ਲਗਾਉਣ ਲਈ ਸ਼ਰਾਬ ਦੇ ਠੇਕਿਆਂ ’ਤੇ ਰਜਿਸਟਰਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ। ਮੀਟਿੰਗ ਵਿੱਚ ਏਡੀਸੀ (ਜ) ਵਿਰਾਜ ਐਸ ਤਿੜਕੇ, ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਸਹਾਇਕ ਕਮਿਸ਼ਨਰ (ਜ) ਡੇਵੀ ਗੋਇਲ, ਡੀਐਸਪੀ (ਐਚ) ਰਾਜੇਸ਼ ਹਸਤੀਰ ਅਤੇ ਤਹਿਸੀਲਦਾਰ (ਚੋਣਾਂ) ਸੰਜੇ ਕੁਮਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …