
ਖ਼ਾਕੀ ’ਤੇ ਲੱਗਿਆ ਬਦਨਾਮੀ ਦਾ ਦਾਗ: ਐਸਐਸਪੀ ਵੱਲੋਂ ਟਰੈਫ਼ਿਕ ਪੁਲੀਸ ਦਾ ਹੌਲਦਾਰ ਤੇ ਮਹਿਲਾ ਸਿਪਾਹੀ ਮੁਅੱਤਲ
ਮੁਹਾਲੀ ਟ੍ਰੈਫ਼ਿਕ ਪੁਲੀਸ ਦੇ ਦੋ ਮੁਲਾਜ਼ਮ ਨਾਕੇ ’ਤੇ ਸ਼ਰ੍ਹੇਆਮ ਰਿਸ਼ਵਤ ਲੈਂਦੇ ਕੈਮਰੇ ਵਿੱਚ ਹੋਏ ਕੈਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਆਪਣੇ ਕਾਰਨਾਮਿਆਂ ਕਾਰਨ ਅਕਸਰ ਹੀ ਚਰਚਾ ਵਿੱਚ ਰਹਿਣ ਵਾਲੀ ਪੰਜਾਬ ਪੁਲੀਸ ਦਾ ਇੱਕ ਹੋਰ ਰਿਸ਼ਵਤਖੋਰੀ ਦਾ ਕਾਰਨਾਮਾ ਕੈਮਰੇ ਵਿੱਚ ਕੈਦ ਹੋ ਗਿਆ ਹੈ। ਵੀਰਵਾਰ ਨੂੰ ਸਵੇਰੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਰਿਸ਼ਵਤਖੋਰੀ ਦੀ ਇਸ ਵੀਡੀਓ ਵਿੱਚ ਮੁਹਾਲੀ ਟ੍ਰੈਫਿਕ ਪੁਲੀਸ ਦਾ ਹੌਲਦਾਰ ਅਤੇ ਇੱਕ ਮਹਿਲਾ ਸਿਪਾਹੀ ਕਿਸੇ ਵਾਹਨ ਚਾਲਕ ਤੋਂ ਰਿਸ਼ਵਤ ਲੈਂਦੇ ਹੋਏ ਦਿਖਾਈ ਦੇ ਰਹੇ ਹਨ।
ਵਾਇਰਲ ਹੋਈ ਇਹ ਵੀਡੀਓ ਦੇਖਣ ਤੋਂ ਪਤਾ ਚਲਦਾ ਹੈ ਕਿ ਇਹ ਘਟਨਾ ਫੇਜ਼-7 ਦੇ ਚਾਵਲਾ ਚੌਂਕ ਦੀ ਹੈ। ਜਿੱਥੇ ਕਿ ਟ੍ਰੈਫਿਕ ਪੁਲੀਸ ਨੇ ਨਾਕਾ ਲਾਇਆ ਹੋਇਆ ਸੀ ਤੇ ਉਥੋੱ ਲੰਘਣ ਵਾਲੇ ਵਾਹਨ ਚਾਲਕਾਂ ਦੇ ਕਾਗਜਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਵੀਡੀਓ ਵਿੱਚ ਵੀ ਟ੍ਰੈਫਿਕ ਪੁਲੀਸ ਦਾ ਮੁਲਾਜ਼ਮ ਕਿਸੇ ਵਾਹਨ ਚਾਲਕ ਦੇ ਕਾਗਜ ਚੈਕ ਕਰ ਰਿਹਾ ਹੈ। ਇਸ ਵਾਹਨ ਚਾਲਕ ਦੇ ਹੱਥ ਵਿੱਚ ਹੈਲਮਟ ਵੀ ਫੜਿਆ ਹੋਇਆ ਹੈ। ਵਾਹਨ ਚਾਲਕ ਦਾ ਕੋਈ ਕਾਗਜ ਚੈਕ ਕਰਨ ਮੌਕੇ ਮਹਿਲਾ ਪੁਲੀਸ ਮੁਲਾਜਮ ਵੀ ਨੇੜੇ ਹੀ ਖੜੀ ਹੈ ਪਰ ਬਾਅਦ ਵਿੱਚ ਮਰਦ ਪੁਲੀਸ ਮੁਲਾਜ਼ਮ ਉਸ ਮਹਿਲਾ ਮੁਲਾਜ਼ਮ ਨੂੰ ਇਸ਼ਾਰੇ ਨਾਲ ਪੁਲੀਸ ਗੱਡੀ ਦੇ ਉਹਲੇ ਵਿੱਚ ਭੇਜ ਦਿੰਦਾ ਹੈ ਅਤੇ ਵਾਹਨ ਚਾਲਕ ਨੂੰ ਕਹਿੰਦਾ ਹੈ ਕਿ ਜੇ ਉਸਨੇ ਆਪਣਾ ਚਲਾਨ ਨਹੀਂ ਕਰਵਾਉਣਾ ਤਾਂ ਉਹ ਪੁਲੀਸ ਗੱਡੀ ਦੇ ਦੂਸਰੇ ਪਾਸੇ ਖੜੀ ਮਹਿਲਾ ਮੁਲਾਜਮ ਨੂੰ ਮਿਲ ਲਵੇ। ਦੂਸਰੇ ਪਾਸੇ ਵਾਹਨ ਚਾਲਕ ਤੋਂ ਉਕਤ ਮਹਿਲਾ ਮੁਲਾਜ਼ਮ ਰਿਸ਼ਵਤ ਲੈਂਦੀ ਹੋਈ ਸਾਫ ਦਿਖਾਈ ਦਿੰਦੀ ਹੈ ਜੋ ਕਿ ਵਾਹਨ ਚਾਲਕ ਦੇ ਹੱਥ ’ਚੋਂ ਆਪਣੇ ਹੱਥ ਵਿੱਚ ਪੈਸੇ ਫੜਦੀ ਹੋਈ ਸਪਸ਼ਟ ਦਿਖਾਈ ਦੇ ਰਹੀ ਹੈ।
ਮੁਹਾਲੀ ਟ੍ਰੈਫਿਕ ਪੁਲੀਸ ਦੇ ਮੁਲਾਜਮਾਂ ਵਲੋੱ ਰਿਸ਼ਵਤ ਲੈਣ ਦੀ ਇਹ ਵੀਡੀਓ ਪੂਰੀ ਦੁਨੀਆਂ ਵਿਚ ਵਾਇਰਲ ਹੋ ਗਈ ਹੈ। ਇਸ ਤਰ੍ਹਾਂ ਇਹਨਾਂ ਮੁਲਾਜ਼ਮਾਂ ਨੇ ਖਾਕੀ ਨੂੰ ਇਕ ਵਾਰ ਫੇਰ ਦਾਗਦਾਰ ਕਰ ਦਿੱਤਾ ਹੈ। ਇਸੇ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵੀਡੀਓ ਵਿੱਚ ਦਿਖਾਈ ਦੇ ਰਹੇ ਟਰੈਫ਼ਕਿ ਪੁਲੀਸ ਦੇ ਹੌਲਦਾਰ ਅਸ਼ੋਕ ਕੁਮਾਰ ਅਤੇ ਮਹਿਲਾ ਸਿਪਾਹੀ ਪੂਜਾ ਰਾਣੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੋਵੇਂ ਮੁਲਾਜ਼ਮਾਂ ਦੇ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਟ੍ਰੈਫਿਕ ਪੁਲੀਸ ਦੇ ਇੰਚਾਰਜ ਦੀ ਜਵਾਬਤਲਬੀ ਵੀ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਇਸ ਤੋੱ ਪਹਿਲਾਂ ਵੀ ਪੰਜਾਬ ਪੁਲੀਸ ਅਤੇ ਉਸਦੀ ਟ੍ਰੈਫਿਕ ਪੁਲੀਸ ਅਕਸਰ ਹੀ ਆਪਣੇ ਕਾਰਨਾਮਿਆਂ ਕਾਰਨ ਚਰਚਾ ਵਿੱਚ ਰਹਿੰਦੀ ਹੈ। ਪੰਜਾਬ ਪੁਲੀਸ ਦੇ ਕਈ ਉਚ ਅਧਿਕਾਰੀ ਵੀ ਆਪਣੇ ਉਚ ਅਧਿਕਾਰੀਆਂ ਉਪਰ ਕਈ ਤਰ੍ਹਾਂ ਦੇ ਦੋਸ਼ ਅਤੇ ਪ੍ਰਤੀ ਦੋਸ਼ ਲਗਾ ਚੁੱਕੇ ਹਨ। ਦੋਸ਼ ਲਾਉਣ ਦਾ ਇਹ ਮਾਮਲਾ ਇੰਨਾ ਵੱਧ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੁਲੀਸ ਅਧਿਕਾਰੀਆਂ ਨੂੰ ਅਜਿਹਾ ਨਾ ਕਰਨ ਦੀ ਤਾੜਨਾ ਕੀਤੀ ਗਈ। ਹੁਣ ਮੁਹਾਲੀ ਟ੍ਰੈਫਿਕ ਪੁਲੀਸ ਤੇ ਦੋ ਮੁਲਾਜਮਾਂ ਦੇ ਰਿਸ਼ਵਤ ਲੈਂਦਿਆਂ ਕੈਮਰੇ ਵਿੱਚ ਕੈਦ ਹੋਣ ਦੀ ਘਟਨਾ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ।
ਆਮ ਲੋਕ ਅਕਸਰ ਹੀ ਇਹ ਦੋਸ਼ ਲਾਉਂਦੇ ਰਹਿੰਦੇ ਹਨ ਕਿ ਟ੍ਰੈਫਿਕ ਪੁਲੀਸ ਵੱਲੋਂ ਲਾਏ ਜਾਂਦੇ ਥਾਂ ਥਾਂ ਨਾਕਿਆਂ ਦਾ ਮੁੱਖ ਮੰਤਵ ਹੀ ਵਾਹਨ ਚਾਲਕਾਂ ਦੇ ਚਲਾਨ ਕਰਨ ਅਤੇ ਵਾਹਨ ਚਾਲਕਾਂ ਤੋੱ ਕਥਿਤ ਰੂਪ ਵਿੱਚ ਪੈਸੇ ਬਟੋਰਨ ਤੋਂ ਹੁੰਦਾ ਹੈ। ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਦੀ ਥਾਂ ਟ੍ਰੈਫਿਕ ਪੁਲੀਸ ਕਰਮਚਾਰੀ ਅਕਸਰ ਹੀ ਕਿਸੇ ਸ਼ਿਕਾਰ ਦੀ ਤਾੜ ਵਿੱਚ ਰਹਿੰਦੇ ਹਨ। ਆਮ ਵਾਹਨ ਚਾਲਕ ਵੀ ਚਲਾਨ ਕਰਵਾ ਕੇ ਤਰੀਕਾਂ ਭੁਗਤਣ ਦੀ ਥਾਂ ਕੁਝ ਲੈ ਦੇ ਕੇ ਮਾਮਲਾ ਰਫਾ ਦਫਾ ਕਰਨ ਨੂੰ ਤਰਜੀਹ ਦਿੰਦੇ ਹਨ ਜਿਸ ਕਰਕੇ ਰਿਸ਼ਵਤਖੋਰ ਪੁਲੀਸ ਮੁਲਾਜਮਾਂ ਦੇ ਹੌਂਸਲੇ ਦਿਨੋ ਦਿਨ ਵਧਦੇ ਜਾ ਰਹੇ ਹਨ।