nabaz-e-punjab.com

ਜਬਰ ਜਨਾਹ ਦੇ ਮਾਮਲੇ ਵਿੱਚ ਲੇਟ ਲਤੀਫ਼ੀ: ਐਸਐਸਪੀ ਵੱਲੋਂ ਥਾਣਾ ਸੋਹਾਣਾ ਦਾ ਐਸਐਚਓ ਮੁਅੱਤਲ, ਵਿਭਾਗੀ ਜਾਂਚ ਸ਼ੁਰੂ

ਰਾਹ ਪੁੱਛਣ ਦੇ ਬਹਾਨੇ ਇਕੱਲੀ ਅੌਰਤ ਨੂੰ ਕਾਰ ਵਿੱਚ ਬਿਠਾ ਕੇ ਸੁੰਨਸਾਨ ਥਾਂ ’ਤੇ ਲਿਜਾ ਕੇ ਦਿੱਤਾ ਸੀ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਸੋਹਾਣਾ ਥਾਣਾ ਦੇ ਐਸਐਸਓ ਨੇ ਮੁਲਜ਼ਮਾਂ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕਰਨ ਦੀ ਥਾਂ ਕੀਤੀ ਜਾ ਰਹੀ ਸੀ ਟਾਲ-ਮਟੋਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਮੁਹਾਲੀ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਇੱਕ ਅੌਰਤ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਪੁਲੀਸ ਦੀ ਕਥਿਤ ਲੇਟ ਲਤੀਫ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਥਾਣਾ ਸੋਹਾਣਾ ਦੇ ਐਸਐਚਓ ਦਲਜੀਤ ਸਿੰਘ ਗਿੱਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ ਅਤੇ ਥਾਣਾ ਮੁਖੀ ਦੇ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇੱਕ ਅੌਰਤ ਤੋਂ ਰਾਹ ਪੁੱਛਣ ਦੇ ਬਹਾਨੇ ਉਸ ਨੂੰ ਆਪਣੀ ਕਾਰ ਵਿੱਚ ਬਿਠਾਉਣ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਜਬਰ ਜਨਾਹ ਕਰਨ ਸਬੰਧੀ ਪੀੜਤ ਅੌਰਤ ਦੀ ਸ਼ਿਕਾਇਤ ਮਿਲਣ ਦੇ ਬਾਵਜੂਦ ਥਾਣਾ ਮੁਖੀ ਵੱਲੋਂ ਬਣਦੀ ਕਾਰਵਾਈ ਕਰਨ ਦੀ ਬਜਾਏ ਟਾਲ-ਮਟੋਲ ਕਰਨ ਅਤੇ ਖ਼ੁਦ ਮੌਕਾ ਵਾਰਦਾਤ ਦੀ ਜਾਂਚ ਕਰਨ ਦੀ ਥਾਂ ਮਹਿਜ਼ ਖਾਨਾਪੂਰਤੀ ਕਰਨ ਲਈ ਹੌਲਦਾਰ ਨੂੰ ਭੇਜ ਕੇ ਮਾਮਲੇ ਨੂੰ ਲਮਕਾਉਣ ਦੇ ਦੋਸ਼ ਹੇਠ ਐਸਐਚਓ ਨੂੰ ਮੁਅੱਤਲ ਕੀਤਾ ਗਿਆ ਹੈ।
ਉਧਰ, ਇਸ ਸਬੰਧੀ ਪੁਲੀਸ ਨੇ ਪੀੜਤ ਅੌਰਤ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 376, 506 ਦੇ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲੀਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤੀ ਗਈ ਥਾਂ ਅਤੇ ਅੌਰਤ ਨੂੰ ਕਾਰ ਵਿੱਚ ਬਿਠਾਉਣ ਵਾਲੀ ਥਾਂ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਮੰਗਲਵਾਰ ਦੀ ਰਾਤ ਨੂੰ ਸੈਕਟਰ-68 ਵਿੱਚ ਇੱਕ ਕਾਰ ਚਾਲਕ ਵੱਲੋਂ ਆਪਣੀ ਡਿਊਟੀ ਤੋਂ ਪਰਤ ਰਹੀ ਇੱਕ ਅੌਰਤ ਤੋਂ ਰਸਤਾ ਪੁੱਛਣ ਦੇ ਬਹਾਨੇ ਉਸ ਨੂੰ ਆਪਣੀ ਕਾਰ ਵਿੱਚ ਬਿਠਾਇਆ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਪਿੰਡ ਸੰਭਾਲਕੀ ਅਤੇ ਨਾਨੂੰਮਾਜਰਾ ਵਿਚਾਲੇ ਬਣ ਰਹੀ ਸੜਕ ’ਤੇ ਸੁੰਨਸਾਨ ਥਾਂ ’ਤੇ ਲਿਜਾ ਕੇ ਉਸ ਨਾਲ ਕਾਰ ਵਿੱਚ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਤੋਂ ਬਾਅਦ ਕਿਸੇ ਤਰੀਕੇ ਪੀੜਤ ਅੌਰਤ ਕਾਰ ਤੋਂ ਬਾਹਰ ਨਿਕਲਣ ਵਿੱਚ ਸਫਲ ਹੋ ਗਈ ਅਤੇ ਰੌਲਾ ਪਾਉਣ ’ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਅੌਰਤ ਨੇ ਆਪਣੇ ਪਤੀ ਨੂੰ ਆਪਬੀਤੀ ਦੱਸੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਆਪਣੀ ਪਤਨੀ ਨਾਲ ਸੋਹਾਣਾ ਥਾਣੇ ਪਹੁੰਚ ਕੇ ਸਾਰੀ ਗੱਲ ਦੱਸੀ। ਪ੍ਰੰਤੂ ਥਾਣਾ ਮੁਖੀ ਨੇ ਇਸ ਗੰਭੀਰ ਮਸਲੇ ’ਤੇ ਫੌਰੀ ਕਾਰਵਾਈ ਕਰਨ ਅਤੇ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੀ ਬਜਾਏ ਟਾਲ ਮਟੋਲ ਕਰਨ ਦਾ ਰਵੱਈਆ ਅਖ਼ਤਿਆਰ ਕੀਤਾ ਗਿਆ। ਜਦੋਂ ਇਹ ਮਾਮਲਾ ਐਸਐਸਪੀ ਦੀ ਜਾਣਕਾਰੀ ਵਿੱਚ ਆਇਆ ਤਾਂ ਉਨ੍ਹਾਂ ਨੇ ਪੁਲੀਸ ਦੀ ਲੇਟ ਲਤੀਫ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਐਸਐਚਓ ਸੋਹਾਣਾ ਦਲਜੀਤ ਸਿੰਘ ਗਿੱਲ ਨੂੰ ਮੁਅੱਤਲ ਕਰ ਦਿੱਤਾ।
ਉਧਰ, ਐਸਐਸਪੀ ਹਰਚਰਨ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਥਾਣਾ ਸੋਹਾਣਾ ਦੇ ਐਸਐਚਓ ਵੱਲੋਂ ਇਸ ਮਾਮਲੇ ਵਿੱਚ ਤੁਰੰਤ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਅਤੇ ਪੀੜਤ ਅੌਰਤ ਦੀ ਗੱਲ ਸੁਣਨ ਤੋਂ ਬਾਅਦ ਖ਼ੁਦ ਮੌਕਾ ਏ ਵਾਰਦਾਤ ’ਤੇ ਜਾ ਕੇ ਵੱਖ ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਪੜਤਾਲ ਕਰਨ ਦੀ ਥਾਂ ਇੱਕ ਹੌਲਦਾਰ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਇਸ ਗੰਭੀਰ ਮਾਮਲੇ ਨੂੰ ਬਿਨਾਂ ਵਜ੍ਹਾ ਲਮਕਾਇਆ ਗਿਆ। ਜਿਸ ਕਾਰਨ ਥਾਣਾ ਮੁਖੀ ਨੂੰ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਅੌਰਤ ਦੀ ਸ਼ਿਕਾਇਤ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …