ਸਟਾਫ਼ ਨਰਸ ਦੀ ਭੇਦਭਰੀ ਹਾਲਤ ’ਚ ਮੌਤ, ਕਤਲ ਦੀ ਸ਼ੰਕਾ

ਇਤਿਹਾਸਕ ਨਗਰ ਸੋਹਾਣਾ ਦੇ ਟੋਭੇ ਨੇੜੇ ਬੈਂਚ ’ਤੇ ਪਈ ਮਿਲੀ ਮੁਟਿਆਰ ਦੀ ਲਾਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ:
ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿੱਚ ਆਪਣੀ ਸਹੇਲੀ ਨਾਲ ਪੀਜੀ ਵਿੱਚ ਰਹਿੰਦੀ ਸਟਾਫ਼ ਨਰਸ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਸੀਬ ਕੌਰ (23) ਵਾਸੀ ਅਬੋਹਰ ਵਜੋਂ ਹੋਈ ਹੈ। ਉਹ ਪੰਚਕੂਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਤਾਇਨਾਤ ਸੀ। ਇੱਕ ਰਾਹਗੀਰ ਨੇ ਬੈਂਚ ’ਤੇ ਪਈ ਨਰਸ ਦੀ ਲਾਸ਼ ਬਾਰੇ ਪੁਲੀਸ ਨੂੰ ਇਤਲਾਹ ਦਿੱਤੀ। ਮੁੱਢਲੀ ਜਾਂਚ ਵਿੱਚ ਕਤਲ ਦੀ ਸ਼ੰਕਾ ਜਾਪਦੀ ਹੈ।
ਸੂਚਨਾ ਮਿਲਦੇ ਹੀ ਸੋਹਾਣਾ ਥਾਣੇ ਦੇ ਸਬ ਇੰਸਪੈਕਟਰ ਬਰਮਾ ਸਿੰਘ ਤੁਰੰਤ ਆਪਣੇ ਨਾਲ ਪੁਲੀਸ ਕਰਮਚਾਰੀ ਲੈ ਕੇ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਨਸੀਬ ਕੌਰ ਪਹਿਲਾਂ ਮੁਹਾਲੀ ਦੇ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਦੀ ਸੀ ਅਤੇ ਫੇਜ਼-9 ਵਿੱਚ ਪੀਜੀ ਵਿੱਚ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਪਿਛਲੇ 15 ਕੁ ਦਿਨ ਪਹਿਲਾਂ ਸੋਹਾਣਾ ਵਿੱਚ ਸੈਣੀ ਪੀਜੀ ਵਿੱਚ ਆਪਣੀ ਸਹੇਲੀ ਨਾਲ ਰਹਿਣ ਲੱਗੀ ਸੀ। ਮ੍ਰਿਤਕ ਨਰਸ ਦੀ ਸਹੇਲੀ ਨੇ ਪੁਲੀਸ ਨੂੰ ਦੱਸਿਆ ਕਿ ਬੀਤੇ ਕੱਲ੍ਹ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਨਸੀਬ ਕੌਰ ਆਪਣੇ ਦੋਸਤ (ਬੁਆਏ ਫਰੈਂਡ) ਨੂੰ ਦਵਾਈ ਦੇਣ ਲਈ ਇਹ ਕਹਿ ਕੇ ਉਸ ਕੋਲੋਂ ਗਈ ਸੀ ਪ੍ਰੰਤੂ ਦੇਰ ਸ਼ਾਮ ਤੱਕ ਵਾਪਸ ਨਹੀਂ ਆਈ। ਇਸ ਤੋਂ ਬਾਅਦ ਉਹ ਦੇਰ ਰਾਤ ਤੱਕ ਉਸ (ਨਰਸ) ਨੂੰ ਫੋਨ ਕਰਦੀ ਰਹੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਅੱਜ ਸਵੇਰੇ ਜਦੋਂ ਦੁਬਾਰਾ ਫੋਨ ਲਾਇਆ ਤਾਂ ਕਿਸੇ ਰਾਹਗੀਰ ਨੇ ਚੁੱਕਿਆ ਅਤੇ ਉਸ ਦੀ ਮੌਤ ਬਾਰੇ ਦੱਸਿਆ।
ਉਧਰ, ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਐਕਟਿਵਾ ’ਤੇ ਨੌਜਵਾਨ ਆਉਂਦਾ ਦਿਖਾਈ ਦੇ ਰਿਹਾ ਹੈ। ਜਸੋ ਨਰਸ ਦੀ ਲਾਸ਼ ਨੂੰ ਸੋਹਾਣਾ ਵਿੱਚ ਟੋਭੇ ਨੇੜੇ ਇੱਕ ਬੈਂਚ ਦੇ ਰੱਖ ਕੇ ਚਲਾ ਜਾਂਦਾ ਹੈ। ਇਸ ਬਾਰੇ ਤਫ਼ਤੀਸ਼ੀ ਅਫ਼ਸਰ ਬਰਮਾ ਸਿੰਘ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਂਜ ਐਕਟਿਵਾ ਸਵਾਰ ਨੌਜਵਾਨ ਦੀ ਗੱਲ ਬਾਰੇ ਹਾਮੀ ਜ਼ਰੂਰੀ ਭਰੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨਰਸ ਦੇ ਮੋਬਾਈਲ ਫੋਨ ਅਤੇ ਕਾਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਮ੍ਰਿਤਕਾ ਦੇ ਮਾਪਿਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੇ ਆਉਣ ਅਤੇ ਬਿਆਨਾਂ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲੀਸ ਨੇ ਨਰਸ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…