Nabaz-e-punjab.com

ਮੁਹਾਲੀ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ: ਸਿੱਧੂ

ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਪਿੰਡ ਬੱਲੋਮਾਜਰਾ ਤੇ ਗਰੀਨ ਇਨਕਲੇਵ ਵਿੱਚ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ

ਗਰੀਨ ਇਨਕਲੇਵ ਵਿੱਚ ਸੀਵਰੇਜ ਦੀ ਸੁਵਿਧਾ ਲਈ 10 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਮੁਹਾਲੀ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬਿਨਾਂ ਕਿਸੇ ਪੱਖ-ਪਾਤ ਤੋਂ ਹਲਕੇ ਦਾ ਵਿਕਾਸ ਕਰਵਾ ਕੇ ਹਰੇਕ ਵਰਗ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੋਂ ਦੇ ਨਜ਼ਦੀਕੀ ਪਿੰਡ ਬੱਲੋਮਾਜਰਾ ਅਤੇ ਗਰੀਨ ਇਨਕਲੇਵ ਵਿੱਚ ਗਲੀਆਂ-ਨਾਲੀਆਂ ਪੱਕੀਆਂ ਕਰਨ ਅਤੇ ਹੋਰ ਵਿਕਾਸ ਕਾਰਜਾਂ ਦੇ ਨਿਰਮਾਣ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗਲੀਆਂ-ਨਾਲੀਆਂ ਦੇ ਬਣਨ ਨਾਲ ਪਿੰਡ ਬੱਲੋਮਾਜਰਾ ਅਤੇ ਕਲੋਨੀ ਦੇ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਲੋਕਾਂ ਦੀ ਮੰਗ ’ਤੇ ਗਰੀਨ ਇਲਕਲੇਵ ਵਿੱਚ ਸੀਵਰੇਜ ਦੀ ਸੁਵਿਧਾ ਲਈ ਜਲਦੀ ਹੀ 10 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦੇਣ ਦਾ ਐਲਾਨ ਵੀ ਕੀਤਾ।
ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਕਾਰਜਾਂ ਲਈ ਬਿਨਾਂ ਪੱਖਪਾਤ ਤੋਂ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਮੌਜੂਦਾ ਸਮੇਂ ਵਿੱਚ ਚਲ ਰਹੇ ਵਿਕਾਸ ਕੰਮਾਂ ਅਤੇ ਕਿਸੇ ਕਾਰਨ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਵਿਕਾਸ ਅਤੇ ਹੋਰ ਸਾਂਝੇ ਕੰਮਾਂ ਲਈ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਮਿਲਣ ਅਤੇ ਵਿਕਾਸ ਸਬੰਧੀ ਤਜਵੀਜ਼ਾਂ ਅਤੇ ਮਤੇ ਪਾਸ ਕਰਕੇ ਭੇਜੇ ਜਾਣ।
ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਜਸਬੀਰ ਸਿੰਘ ਜੱਸੀ ਸਰਪੰਚ ਬੱਲੋਮਾਜਰਾ, ਨੰਬਰਦਾਰ ਲਾਭ ਸਿੰਘ, ਪਾਲ ਸਿੰਘ ਪੰਚ, ਪਲਵਿੰਦਰ ਸਿੰਘ, ਨਿਰਮਲ ਸਿੰਘ, ਲਾਭ ਕੌਰ, ਵਕੀਲ ਗੁਰਵਿੰਦਰ ਸਿੰਘ ਸੋਹੀ, ਪਿਆਰਾ ਸਿੰਘ ਪ੍ਰਧਾਨ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਗਰੀਨ ਇਨਕਲੇਵ, ਮਨਜੀਤ ਸਿੰਘ ਕਾਕਾ, ਗੁਰਦੇਵ ਸਿੰਘ, ਦਲਜੀਤ ਸਿੰਘ, ਪੰਮੀ, ਅਮਰਿੰਦਰ ਸਿੰਘ, ਕੇਸਰ ਸਿੰਘ, ਕਸ਼ਮੀਰ ਸਿੰਘ, ਠੇਕੇਦਾਰ ਜਗੀਰ ਸਿੰਘ, ਸੁਖਦੇਵ ਸਿੰਘ ਵੜੈਚ, ਕਸ਼ਮੀਰਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…