nabaz-e-punjab.com

ਪਲਾਟ ਦੇ ਸਾਂਝੇ ਸੌਦੇ ਵਿੱਚ ਇੱਕ ਹਿੱਸੇਦਾਰ ਨੇ ਪਾਵਰ ਅਟਾਰਨੀ ਲੈ ਕੇ ਆਪਣੀ ਪਤਨੀ ਦੇ ਨਾਮ ਤੇ ਕਰਵਾ ਦਿੱਤੀ ਰਜਿਸਟਰੀ

ਦੂਜੇ ਹਿੱਸੇਦਾਰ ਦੀ ਸ਼ਿਕਾਇਤ ਤੇ ਪਲਾਟ ਮਾਲਕ, ਪਹਿਲੇ ਹਿੱਸੇਦਾਰ ਅਤੇ ਉਸਦੀ ਪਤਨੀ ਦੇ ਖਿਲਾਫ ਮਾਮਲਾ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜੇ ਐਰੋਸਿਟੀ ਵਿੱਚ ਦੋ ਸਾਂਝੇਦਾਰਾਂ ਵੱਲੋਂ ਮਿਲਕੇ ਖਰੀਦੇ ਗਏ ਪਲਾਟ ਦੀ ਰਜਿਸਟਰੀ ਇਕ ਸਾਂਝੇਦਾਰ ਵੱਲੋਂ ਦੂਜੇ ਸਾਂਝੇਦਾਰ ਤੋਂ ਚੋਰੀ ਆਪਣੀ ਪਤਨੀ ਦੇ ਨਾਮ ਕਰਵਾ ਲਈ ਗਈ। ਇਸ ਮਾਮਲੇ ਵਿੱਚ ਪੀੜਤ ਦੀ ਸ਼ਿਕਾਇਤ ਤੇ ਸੋਹਾਣਾ ਪੁਲੀਸ ਨੇ ਆਪਣੀ ਪਤਨੀ ਦੇ ਨਾਮ ’ਤੇ ਰਜਿਸਟਰੀ ਕਰਵਾਉਣ ਵਾਲੇ ਕੇਐਸਬੀ ਕਰਨੈਲ ਸਿੰਘ ਭੱਟੀਆਂ, ਉਸਦੀ ਪਤਨੀ ਗੁਰਜੀਤ ਕੌਰ ਭੱਟੀਆਂ ਅਤੇ ਪਲਾਟ ਦੀ ਪਹਿਲੀ ਮਾਲਕਣ ਕੁਸੁਮ ਗੋਇਲ ਦੇ ਖ਼ਿਲਾਫ਼ ਆਈਪੀਸੀ ਦੀ ਧਾਰ 406 ਅਤੇ 420 ਮਾਮਲਾ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਰੀਠੂ ਸਿੰਘ ਚੀਮਾ ਨੇ ਦਸਿਆ ਕਿ ਉਹਨਾਂ ਨੇ ਕਰਨੈਲ ਸਿੰਘ ਭੱਟੀਆਂ (ਵਸਨੀਕ ਐਰੋਸਿਟੀ) ਦੇ ਨਾਲ ਮਿਲ ਕੇ ਏਅਰੋਸਿਟੀ ਦੇ ਬਲਾਕ ਈ ਵਿਚਲੇ 306.25 ਵਰਗ ਗਜ ਦੇ ਇੱਕ ਪਲਾਟ ਨੂੰ ਖਰੀਦਣ ਲਈ ਪੰਚਕੂਲਾ ਦੀ ਵਸਨੀਕ ਮਹਿਲਾ ਕੁਸਮ ਗੋਇਲ (ਪਤਨੀ ਨਵੀਨ ਗੋਇਲ) ਨਾਲ 49 ਲੱਖ ਰੁਪਏ ਵਿੱਚ ਸੌਦਾ ਕੀਤਾ ਸੀ। ਇਸ ਸੌਦੇ ਵਿੱਚ ਉਨ੍ਹਾਂ ਦੀ 50 ਫੀਸਦੀ ਹਿੱਸੇਦਾਰੀ ਸੀ ਅਤੇ ਉਨ੍ਹਾਂ ਵੱਲੋਂ ਆਪਣੇ ਹਿਸੇ ਦੇ 24.50 ਲੱਖ ਰੁਪਏ ਆਰਟੀਜੀਐਸ ਰਾਹੀਂ ਪਲਾਟ ਮਾਲਕ ਕੁਸਮ ਗੋਇਲ ਨੂੰ ਅਦਾ ਕਰਕੇ ਬੀਤੀ 7-5-2021 ਨੂੰ ਲਿਖਤੀ ਇਕਰਾਰਨਾਮਾ ਕਰ ਲਿਆ ਸੀ, ਨਾਲ ਹੀ ਪਲਾਟ ਮਾਲਕ ਕੁਸਮ ਗੋਇਲ ਪਾਸੋਂ ਇਸ ਪਲਾਟ ਦੀ ਐਨਓਸੀ ਗਮਾਡਾ ਤੋਂ ਲੈਣ ਲਈ ਹਲਫੀਆ ਬਿਆਨ ਵੀ ਲੈ ਲਏ ਸਨ।
ਉਨ੍ਹਾਂ ਦਸਿਆ ਕਿ ਇਸੇ ਦੌਰਾਨ ਉਹਨਾਂ ਦੇ ਹਿੱਸੇਦਾਰ ਕਰਨੈਲ ਸਿੰਘ ਭੱਟੀਆ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਤਾਂ ਇਹ ਪਲਾਟ ਅੱਗੇ ਵੇਚਣਾ ਹੀ ਹੈ ਇਸ ਲਈ ਉਹ ਇਸ ਪਲਾਟ ਦੀ ਰਜਿਸਟਰੀ ਆਪਣੇ ਨਾਮ ਨਾ ਕਰਵਾ ਕੇ, ਜਿਸ ਵਿਅਕਤੀ ਨੂੰ ਪਲਾਟ ਅੱਗੇ ਵੇਚਣਾ ਹੈ, ਸਿੱਧਾ ਉਸਦੇ ਨਾਮ ਰਜਿਸਟਰੀ ਕਰਵਾ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਕਰਨੈਲ ਸਿੰਘ ਭੱਟੀਆਂ ਨੇ ਗਮਾਡਾ ਦਫ਼ਤਰ ਵਿੱਚ ਐਨਓਸੀ ਲੈਣ ਲਈ ਦਿਤੇ ਦਸਤਾਵੇਜਾਂ ਨੂੰ ਕੈਂਸਲ ਕਰਵਾਉਣ ਲਈ ਉਹਨਾਂ ਦਾ, ਖੁਦ ਆਪਣਾ ਅਤੇ ਕੁਸਮ ਗੋਇਲ ਦੇ ਹਲਫੀਆ ਬਿਆਨ ਤਿਆਰ ਕਰਵਾ ਲਏ ਪਰੰਤੂ ਬਾਅਦ ਵਿੱਚ (7-5-2021 ਨੂੰ) ਕਰਨੈਲ ਸਿੰਘ ਨੇ ਕੁਸਮ ਗੋਇਲ ਪਾਸੋੱ ਇਸ ਪਲਾਟ ਦੀ ਆਪਣੇ ਨਾਮ ਤੇ ਜਨਰਲ ਪਾਵਰ ਆਫ ਅਟਾਰਨੀ ਲੈ ਲਈ ਜਿਸਦੇ ਅਧਾਰ ਤੇ ਮਿਤੀ 17-6-2021 ਨੂੰ ਕਰਨੈਲ ਸਿੰਘ ਭੱਟੀਆਂ ਨੇ ਇਸ ਪਲਾਟ ਦੀ ਰਜਿਸਟਰੀ ਆਪਣੀ ਪਤਨੀ ਗੁਰਜੀਤ ਕੌਰ ਭੱਟੀਆਂ ਦੇ ਨਾਮ ਤੇ ਕਰਵਾ ਲਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਪਲਾਟ ਦੀ ਅੱਧੀ ਕੀਮਤ (24.50 ਲੱਖ ਰੁਪਏ) ਕੁਸਮ ਗੋਇਲ ਨੂੰ ਦਿਤੀ ਸੀ ਪਰ ਕੁਸਮ ਗੋਇਲ ਨੇ ਪਾਵਰ ਆਫ ਅਟਾਰਨੀ ਦੋਵਾਂ ਖਰੀਦਦਾਰਾਂ ਦੇ ਨਾਮ ਤੇ ਦੇਣ ਦੀ ਬਾਏ ਸਿਰਫ ਕਰਨੈਲ ਸਿੰਘ ਭੱਟੀਆ ਦੇ ਨਾਮ ਤੇ ਦਿਤੀ ਜਿਸ ਕਾਰਨ ਉਕਤ ਪਲਾਟ ਦੀ ਰਜਿਸਟਰੀ 17-6-2021 ਨੂੰ ਕਰਨੈਲ ਸਿੰਘ ਭਟੀਆਂ ਆਪਣੀ ਪਤਨੀ ਗੁਰਜੀਤ ਕੌਰ ਭੱਟੀਆ ਦੇ ਨਾਮ ਤੇ ਕਰਵਾਉਣ ਵਿੱਚ ਕਾਮਯਾਬ ਹੋ ਗਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਕਰਨੈਲ ਸਿੰਘ ਭੱਟੀਆਂ ਵੱਲੋਂ ਕੀਤੀ ਇਸ ਧੋਖਾਧੜੀ ਦੀ ਜਾਣਕਾਰੀ ਮਿਲਣ ਤੇ ਉਹਨਾਂ ਨੇ ਇਸ ਸਬੰਧੀ ਐਸਐਸਪੀ ਮੁਹਾਲੀ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਐਸਐਸਪੀ ਮੁਹਾਲੀ ਵੱਲੋਂ ਉਹਨਾਂ ਦੀ ਸ਼ਿਕਾਇਤ ਨੂੰ ਡੀਐਸਪੀ ਸਿਟੀ 2 ਕੋਲ ਭੇਜ ਦਿੱਤਾ ਗਿਆ ਸੀ ਅਤੇ ਡੀਐਸਪੀ ਵੱਲੋਂ ਕੀਤੀ ਜਾਂਚ ਰਿਪੋਰਟ ਤੋਂ ਬਾਅਦ ਪੁਲੀਸ ਵੱਲੋਂ ਕੁਸਮ ਗੋਇਲ, ਕਰਨੈਲ ਸਿੰਘ ਭੱਟੀਆ ਅਤੇ ਉਸਦੀ ਪਤਨੀ ਗੁਰਜੀਤ ਕੌਰ ਖਿਲਾਫ ਆਈਪੀਸੀ ਦੀ ਧਾਰਾ 406 ਅਤੇ 420 ਤਹਿਤ ਮਾਮਲਾ ਦਰਜ ਕੀਤਾ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਰੀਠੂ ਸਿੰਘ ਚੀਮਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲੀਸ ਵਧਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਮੁਲਜਮਾਂ ਨੂੰ ਪੇਸ਼ ਹੋਣ ਲਈ ਪਰਵਾਨਾ ਭੇਜਿਆ ਜਾ ਰਿਹਾ ਹੈ ਅਤੇ ਪੁਲੀਸ ਵੱਲੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਧਰ, ਦੂਜੇ ਪਾਸੇ ਇਸ ਸਬੰਧੀ ਕਰਲੈਲ ਸਿੰਘ ਭੱਟੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦਾ ਰੀਠੂ ਸਿੰਘ ਚੀਮਾ ਨਾਲ ਪੈਸਿਆਂ ਦਾ ਲੈਣ ਦੇਣ ਸੀ ਅਤੇ ਰੀਠੂ ਸਿੰਘ ਵੱਲੋਂ ਆਪਣੀ ਪਹੁੰਚ ਦਾ ਫਾਇਦਾ ਲੈ ਕੇ ਉਸ ’ਤੇ ਦਬਾਅ ਪਾਉਣ ਲਈ ਇਹ ਪਰਚਾ ਦਰਜ ਕਰਵਾਇਆ ਗਿਆ ਹੈ ਜਦੋਂਕਿ ਉਹ ਪੂਰੀ ਤਰ੍ਹਾਂ ਬੇਗੁਨਾਹ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਹੋਣ ਦੀ ਜਾਣਕਾਰੀ ਮਿਲਣ ਤੇ ਉਨ੍ਹਾਂ ਵੱਲੋਂ ਐਸਐਸਪੀ ਨੂੰ ਮਾਮਲੇ ਦੀ ਮੁੜ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਐਸਐਸਪੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਫਾਈਲ ਐਸਪੀ ਸਿਟੀ ਨੂੰ ਭੇਜੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…