Nabaz-e-punjaACb.com

ਮੁਹਾਲੀ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਸਿੱਧੀ ਹਵਾਈ ਉਡਾਣਾਂ ਸ਼ੁਰੂ

ਪਹਿਲੀ ਫਲਾਈਟ ਵਿੱਚ ਲੌਂਗੋਵਾਲ, ਚੰਦੂਮਾਜਰਾ ਪਿਉ-ਪੁੱਤ ਸਮੇਤ 126 ਸ਼ਰਧਾਲੂ ਪਟਨਾ ਸਾਹਿਬ ਪੁੱਜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਵੀਰਵਾਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਦੀ ਪਹਿਲਕਦਮੀ ਸਦਕਾ ਸ਼ੁਰੂ ਹੋਈ ਇਸ ਹਵਾਈ ਸੇਵਾ ਸਬੰਧੀ ਸਿੱਖਾਂ ਅਤੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਸੰਸਦ ਮੈਂਬਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ, ਸਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਡਿਪਟੀ ਐਡਵੋਕੇਟ ਜਨਰਲ ਸਿਮਰਨਜੀਤ ਸਿੰਘ ਚੰਦੂਮਾਜਰਾ, ਓਐਸਡੀ ਹਰਦੇਵ ਸਿੰਘ ਹਰਪਾਲਪੁਰ, ਯੂਥ ਅਕਾਲੀ ਆਗੂ ਗੁਰਜਿੰਦਰ ਸਿੰਘ ਤਾਜ਼ਲਪੁਰ, ਸਨਅਤਕਾਰ ਪਰਦੀਪ ਸਿੰਘ ਭਾਰਜ, ਬਲਦੇਵ ਸਿੰਘ ਕੰਗ, ਜਗਜੀਤ ਸਿੰਘ ਕੋਹਲੀ, ਤੇਜਿੰਦਰ ਸਿੰਘ ਪੂਨੀਆ ਅਤੇ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰਾਂ ਸਮੇਤ 126 ਸ਼ਰਧਾਲੂਆਂ ਦਾ ਪਹਿਲਾ ਜਥਾ ਇੰਡੀਗੋ ਦੀ ਪਹਿਲੀ ਫਲਾਈਟ ਰਾਹੀਂ ਤਖ਼ਤ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਿਆ। ਅੱਜ ਸਵੇਰੇ 6.10 ਵਜੇ ਮੁਹਾਲੀ ਤੋਂ ਰਵਾਨਾ ਹੋਈ ਇਹ ਸਿੱਧੀ ਫਲਾਈਟ ਕਰੀਬ 8 ਵਜੇ ਪਟਨਾ ਸਾਹਿਬ ਵਿਖੇ ਪਹੁੰਚੀ। ਜਿੱਥੇ ਸਿੱਖ ਸ਼ਰਧਾਲੂਆਂ ਦੇ ਪਹਿਲੇ ਜਥੇ ਦਾ ਪੂਰੇ ਢੋਲ ਢਮੱਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਚੋਣਵੇਂ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਰਧਾਲੂਆਂ ਦੀ ਸਹੂਲਤ ਲਈ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਲਈ ਸਿੱਧੀ ਹਵਾਈ ਉਡਾਣ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕਾਂ ਵੱਲੋਂ ਮੁਹਾਲੀ ਤੋਂ ਤਖ਼ਤ ਪਟਨਾ ਸਾਹਿਬ ਲਈ ਸਿੱਧੀ ਹਵਾਈ ਉਡਾਣ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜੋ ਹੁਣ ਕੇਂਦਰ ਸਰਕਾਰ ਦੀ ਪਹਿਲਕਦਮੀ ਸਦਕਾ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸੰਸਦ ਮੈਂਬਰ ਦੇ ਅਹੁਦੇ ’ਤੇ ਹੁੰਦਿਆਂ ਸਿੱਖ ਧਰਮ ਦੇ ਪੰਜ ਤਖ਼ਤ ਸਾਹਿਬਾਨਾਂ ਨੂੰ ਕੌਮਾਂਤਰੀ ਹਵਾਈ ਸਫ਼ਰ ਨਾਲ ਜੋੜਨ ਦੀ ਲਗਾਤਾਰ ਵਾਰ-ਵਾਰ ਲੋਕ ਸਭਾ ਵਿੱਚ ਮੰਗ ਚੁੱਕਦੇ ਆ ਰਹੇ ਸਨ ਅਤੇ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨਾਲ ਪਟਨਾ ਸਾਹਿਬ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਇਹ ਮੰਗ ਪ੍ਰਵਾਨ ਕਰਦੇ ਹੋਏ ਮੁਹਾਲੀ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਲਈ ਹਵਾਈ ਸਫ਼ਰ ਸ਼ੁਰੂ ਕਰਨ ਦੀ ਮੰਗ ਪ੍ਰਵਾਨ ਕਰਦਿਆਂ ਇੱਥੋਂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਸਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਲਗਾਤਾਰ ਕੀਤੀ ਗਈ ਯੋਗ ਪੈਰਵੀ ਸਦਕਾ ਉਸ ਸਮੇਂ ਦੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਦੋ ਮਹੀਨੇ ਦੇ ਅੰਦਰ-ਅੰਦਰ ਤਖ਼ਤ ਪਟਨਾ ਸਾਹਿਬ ਲਈ ਹਵਾਈ ਸਫ਼ਰ ਸ਼ੁਰੂ ਕਰਨ ਦੀ ਮੰਗ ਮਨਜ਼ੂਰ ਕਰ ਲਈ ਸੀ ਪ੍ਰੰਤੂ ਕੁਝ ਤਕਨੀਕੀ ਅਤੇ ਪ੍ਰਬੰਧਕੀ ਕਾਰਨਾਂ ਕਰਕੇ ਇਹ ਮੰਗ ਪੂਰੀ ਨਹੀਂ ਚੜ੍ਹ ਸਕੀ ਸੀ, ਲੇਕਿਨ ਹੁਣ ਉਨ੍ਹਾਂ ਦੇ ਯਤਨਾਂ ਅਤੇ ਸੰਗਤਾਂ ਦੀਆਂ ਅਰਦਾਸਾਂ ਕਾਰਨ ਇਹ ਮੰਗ ਪੂਰੀ ਹੋ ਗਈ ਹੈ।
ਉਧਰ, ਏਅਰਪੋਰਟ ਅਥਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਤਖ਼ਤ ਪਟਨਾ ਸਾਹਿਬ ਲਈ ਪਹਿਲੀ ਉਡਾਣ ਸ਼ੁਰੂ ਹੋਣ ਨਾਲ ਨਾਲ ਲਖਨਊ ਲਈ ਵੀ ਸਿੰਧੀ ਉਡਾਣ ਹੋਈ ਹੈ। ਪਟਨਾ ਸਾਹਿਬ ਲਈ ਰੋਜ਼ਾਨਾ ਸਵੇਰੇ 6:10 ਵਜੇ ਫਲਾਈਟ ਉਡਾਣ ਭਰਿਆ ਕਰੇਗੀ ਅਤੇ ਉੱਥੇ ਸਵਾ 8 ਵਜੇ ਪਹੁੰਚੇਗੀ ਅਤੇ ਇਸ ਮਗਰੋਂ ਦੁਪਹਿਰ ਸਾਢੇ 12 ਵਜੇ ਪਟਨਾ ਸਾਹਿਬ ਤੋਂ ਫਲਾਈਟ ਪਹੁੰਚੇਗੀ। ਲਖਨਊ ਲਈ ਰੋਜ਼ਾਨਾ 2 ਵਜੇ ਉਡਾਣ ਜਾਇਆ ਕਰੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …