ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਦਾਖ਼ਲੇ ਸ਼ੁਰੂ

ਅਧਿਆਪਕ, ਮਾਪੇ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਮਿਲ ਜੁੱਲ ਕੇ ਵਿਸ਼ੇਸ਼ ਮੁਹਿੰਮ ਚਲਾਉਣ: ਕ੍ਰਿਸ਼ਨ ਕੁਮਾਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਪਹਿਲੀ ਜਮਾਤ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਗ੍ਰਹਿਣ ਕਰਨ ਲਈ ਤਿਆਰ ਕਰਨਾ ਅਤੇ ਉਨ੍ਹਾਂ ਦਾ ਸਰਵ ਪੱਖੀ ਵਿਕਾਸ ਕਰਨ ਲਈ ਪ੍ਰੀ-ਪ੍ਰਾਇਮਰੀ ਜਮਾਤਾਂ 14 ਨਵੰਬਰ ਤੋਂ ਬਕਾਇਦਾ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਪਰ ਸਿੱਖਿਆ ਖੇਤਰ ਚੋੱ ਅਧਿਆਪਕਾਂ ਅਤੇ ਸਿੱਖਿਆ ਮਾਹਿਰਾਂ ਵੱਲੋਂ ਸਿੱਖਿਆ ਵਿਭਾਗ ਵਿੱਚ ਪ੍ਰਾਪਤ ਸੁਝਾਵਾਂ ਅਨੁਸਾਰ ਹੁਣ ਵਿਭਾਗ ਵੱਲੋੱ ਫੈਸਲਾ ਕੀਤਾ ਗਿਆ ਹੈ ਕਿ 3 ਤੋਂ 6 ਸਾਲ ਦੇ ਬੱਚਿਆਂ ਦੇ ਪ੍ਰੀ-ਪ੍ਰਾਇਮਰੀ ਲਈ ਦਾਖਲੇ 25 ਅਕਤੂਬਰ ਤੋੱ ਸ਼ੁਰੂ ਕਰ ਦਿੱਤੇ ਜਾਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਦਾਖਲਿਆਂ ਸਬੰਧੀ ਸਕੂਲਾਂ ਅੰਦਰ ਅਧਿਆਪਕਾਂ ਵੱਲੋੱ ਇਸ ਲਈ ਮੁਹਿੰਮ ਸ਼ੁਰੂ ਕੀਤੀ ਜਾਵੇ ।
ਉਨ੍ਹਾਂ ਕਿਹਾ ਇਸ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਅ) ਨੂੰ ਸਿੱਖਿਆ ਵਿਭਾਗ ਵੱਲੋੱ ਤੁਰੰਤ ਪੱਤਰ ਜਾਰੀ ਕੀਤਾ ਜਾ ਰਿਹਾ ਹੈ। ਸਿੱਖਿਆ ਸਕੱਤਰ ਵੱਲੋੱ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਅ) ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ), ਪੰਚਾਇਤ ਮੈਂਬਰ, ਸਮੂਹ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ, ਆਂਗਣਵਾੜੀ ਵਰਕਰ ਮਿਲ ਜੁੱਲ ਕੇ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਬੱਚਿਆਂ ਦਾ ਦਾਖ਼ਲਾ ਯਕੀਨੀ ਬਣਾਉਣਗੇ।
ਸਿੱਖਿਆ ਸਕੱਤਰ ਨੇ ਕਿਹਾ ਕਿ ਸਕੂਲ ਅਧਿਆਪਕ ਇਹ ਯਕੀਨੀ ਬਣਾਉਣਗੇ ਕਿ ਸਕੂਲ ਦੇ ਅਧਿਆਪਕ ਆਪਣੇ ਪਿੰਡ ਵਿੱਚ ਜਾਂ ਸਕੂਲ ਅੰਦਰ ਚਲਦੇ ਆਂਗਣਵਾੜੀ ਸੈਂਟਰਾਂ ‘ਚ ਕੰਮ ਕਰਦੇ ਆਂਗਣਵਾੜੀ ਵਰਕਰ ਅਤੇ ਹੈਲਪਰ ਨੂੰ ਪੂਰਾ ਮਾਣ-ਸਤਿਕਾਰ ਦਿੰਦਿਆਂ ਇਹਨਾਂ ਦੀਆਂ ਸੇਵਾਵਾਂ ਵੀ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੇ ਦਾਖ਼ਲੇ ਕਰਨ ਲਈ ਲੈਣਗੇ। ਇਸ ਗੱਲ ਦਾ ਪੂਰਨ ਧਿਆਨ ਰੱਖਿਆ ਜਾਵੇ ਕਿ ਇਹ ਕੰਮ ਸਿੱਖਿਆ ਵਿਭਾਗ ਅਤੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਾਂਝ/ ਯਤਨਾਂ ਸਦਕਾ ਹੀ ਨੇਪਰੇ ਚਾੜ੍ਹਿਆ ਜਾਣਾ ਹੈ।
ਉਨ੍ਹਾਂ ਕਿਹਾ ਕਿ ਸਕੂਲ ਮੁਖੀ ਬਾਕੀ ਜਮਾਤਾਂ ਦੀ ਤਰਜ਼ ’ਤੇ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਵੀ ਜ਼ਿੰਮੇਵਾਰ ਹੋਵੇਗਾ ਅਤੇ ਇਹ ਨਿਸ਼ਚਿਤ ਕਰੇਗਾ ਕਿ ਸਕੂਲ ਦੇ ਕਿਸੇ ਇਕ ਅਧਿਆਪਕ/ਐਜੂਕੇਸ਼ਨ ਸਰਵਿਸ ਪ੍ਰੋਵਾਈਡਰ/ਈ.ਜੀ.ਐਸ ਵਲੰਟੀਅਰ/ਏ.ਆਈ.ਈ ਵਲੰਟੀਅਰ ਦੀ ਡਿਊਟੀ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦਾ ਦਾਖਲਾ ਕਰਨ, ਜਮਾਤ ਲੈਣ, ਜਮਾਤ ਅੰਦਰ ਵੱਖ-ਵੱਖ ਗਤੀਵਿਧੀਆਂ ਕਰਵਾਉਣ, ਸਾਂਭ-ਸੰਭਾਲ ਆਦਿ ਲਈ ਲਗਾਏਗਾ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਹਰ ਸਕੂਲ ਦਾ ਮੁੱਖੀ ਇਹ ਯਕੀਨੀ ਬਣਾਏਗਾ ਕਿ ਪਿੰਡ ਦੇ ਗੁਰਦੁਆਰੇ/ਮੰਦਰ ਤੋਂ ਪ੍ਰੀ-ਪ੍ਰਾਇਮਰੀ ਦੇ ਖੁੱਲ੍ਹਣ ਅਤੇ ਉਸ ਵਿੱਚ ਬੱਚਿਆਂ ਦੇ ਦਾਖਲੇ ਲਈ ਲਾਊਡ ਸਪੀਕਰ ਤੋਂ ਲਗਾਤਾਰ ਪ੍ਰਚਾਰ ਕਰਵਾਉਣਾ ਯਕੀਨੀ ਬਣਾਉਣਗੇ । ਇਹ ਪ੍ਰਚਾਰ ਵੱਧ ਤੋਂ ਵੱਧ ਕੀਤਾ ਜਾਵੇ ਤਾਂ ਜੋ ਲੋਕ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ। ਸਿੱਖਿਆ ਸਕੱਤਰ ਨੇ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਯੋਜਨਾਬੰਦੀ ਤੇ ਤਿਆਰੀ ਬਾਰੇ ਦੱਸਦਿਆਂ ਕਿਹਾ ਕਿ 31 ਅਕਤੂਬਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਐਸ.ਏ.ਐਸ ਨਗਰ (ਮੁਹਾਲੀ) ਦੇ ਆਡੀਟੋਰੀਅਮ ਵਿੱਚ ਸਵੇਰੇ 10 ਵਜੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਅ), ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ), ਡਾਇਟ ਪ੍ਰਿੰਸੀਪਲ, ਬੀ.ਪੀ.ਈ.ਓ, ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ‘ ਜ਼ਿਲ੍ਹਾ ਕੋਆਰਡੀਨੇਟਰ, ਬੀ.ਐਮ.ਟੀ ਦੀ ਇੱਕ ਰੋਜ਼ਾ ਟ੍ਰੇਨਿੰਗ-ਕਮ-ਵਰਕਸ਼ਾਪ ਰੱਖੀ ਗਈ ਹੈ। ਇਸ ਟ੍ਰੇਨਿੰਗ-ਕਮ-ਵਰਕਸ਼ਾਪ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਪੂਰਨ ਯੋਜਨਾਬੰਦੀ ਤਹਿਤ ਕਿਸ ਤਰ੍ਹਾਂ ਕੰਮ ਕੀਤਾ ਜਾਣਾ ਹੈ ਬਾਰੇ ਹਰ ਪੱਖ ਨੂੰ ਵਿਚਾਰਿਆ ਜਾਣਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…