nabaz-e-punjab.com

ਮੁਹਾਲੀ ਵਿੱਚ ਸਟਾਰਟਅੱਪ ਹੱਬ ਸਥਾਪਿਤ ਹੋਣ ਨਾਲ ਪੰਜਾਬ ਨਵੇਂ ਨਿਵੇਸ਼ਕਾਂ ਲਈ ਜ਼ਰਖੇਜ਼ ਭੂਮੀ ਸਾਬਤ ਹੋਵੇਗਾ: ਮੁੱਖ ਮੰਤਰੀ

‘ਟਾਇਕੌਨ-2018’ ਦੌਰਾਨ ਪੰਜਾਬ ਦੇ ਸਨਅਤੀ ਵਿਭਾਗ ਤੇ ਆਸਟਰੇਲੀਅਨ ਕੰਪਨੀ ਵਿਚਾਲੇ ਸਮਝੌਤਾ

ਅਗਲੇ ਸੱਤ ਸਾਲਾਂ ਦੌਰਾਨ 1 ਕਰੋੜ ਲੋਕਾਂ ਦੀ ਜ਼ਿੰਦਗੀ ਹੋਵੇਗੀ ਖ਼ੁਸ਼ਹਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਨਵੇਂ ਉੱਦਮ/ਕਾਰੋਬਾਰ ਅਤੇ ਪੂੰਜੀਕਾਰੀ ਲਈ ਇੱਕ ਪੰਘੂੜੇ ਵਰਗਾ ਰਾਜ ਸਿੱਧ ਹੋਵੇਗਾ। ਉਹ ਪੰਜਾਬ ਦੇ ਸਨਅਤੀ ਵਿਭਾਗ ਅਤੇ ਆਸਟਰੇਲੀਅਨ ਕੰਪਨੀ ਵਿਚਾਲੇ ਹਸਤਾਖ਼ਰ ਹੋਏ ਸਮਝੌਤੇ ਦੇ ਸਬੰਧ ਵਿੱਚ ਬੋਲ ਰਹੇ ਸਨ। ਜਿਸ ਅਧੀਨ ਸੰਨ 2020 ਤੱਕ ਪੰਜਾਬ ਵਿੱਚ 50 ਅਜਿਹੇ ਸਮਾਜਿਕ ਖੇਤਰ ਦੇ ਉੱਦਮ ਜਾਂ ਕਾਰੋਬਾਰ ਦੋਪਾਸੀ ਸਹਿਯੋਗ ਨਾਲ ਸਥਾਪਤ ਕੀਤੇ ਜਾਣੇ ਹਨ, ਜਿਨ੍ਹਾਂ ਸਦਕਾ ਅਗਲੇ 07 ਸਾਲਾਂ ਦੌਰਾਨ ਲਗਭਗ 1 ਕਰੋੜ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ। ਸਨਅਤਾਂ ਅਤੇ ਵਣਜ ਵਿਭਾਗ ਦੇ ਸਕੱਤਰ ਰਾਕੇਸ਼ ਵਰਮਾ ਅਤੇ ਆਸਟਰੇਲੀਆਈ ਕੰਪਨੀ ਗੂਡਲਜ਼ ਪੈਟੀ ਲਿਮਟਿਡ ਦੇ ਡਾਇਰੈਕਟਰ ਪਰਮ ਸਿੰਘ ਨੇ ਇੱਥੇ ਤੀਜੀ ‘ਟਾਇਕੌਨ-2018’ ਦੌਰਾਨ ਦਸਤਖ਼ਤ ਕੀਤੇ।
ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਹੋਏ ਇਸ ਸਮਝੌਤੇ ਤਹਿਤ 5 ਕਰੋੜ ਦੇ ਨਿਵੇਸ਼ ਨਾਲ ਅਜਿਹੇ 50 ਸਮਾਜਿਕ ਉੱਦਮ ਆਰੰਭ ਕਰਨ ਦਾ ਪ੍ਰਸਤਾਵ ਹੈ। ਜਿਨ੍ਹਾਂ ਤਹਿਤ 1 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਸਟਾਰਟਅੱਪ ਹੱਬ ਸਥਾਪਿਤ ਕਰਕੇ ਪੰਜਾਬ ਕਾਰੋਬਾਰ ਵਿੱਚ ਪੈਰ ਧਰਨ ਵਾਲੇ ਨਵੇਂ ਨਿਵੇਸ਼ਕਾਂ ਤੇ ਉੱਦਮੀਆਂ ਲਈ ਇੱਕ ਜ਼ਰਖੇਜ਼ ਭੂਮੀ ਵਜੋਂ ਸਥਾਪਿਤ ਹੋ ਰਿਹਾ ਹੈ। ਪੰਜਾਬ ਵਿੱਚ ਸਨਅਤਾਂ ਲਈ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਉਪਲਬਧਾ ਵੱਲ ਧਿਆਨ ਦਿਵਾਉਂਦਿਆਂ ਮੁੱਖ ਮੰਤਰੀ ਨੇ ਕਿਹਾ, ‘ਅਸੀਂ ਨਵੀਂ ਸਨਅਤੀ ਨੀਤੀ ਅਧੀਨ ਪੰਜਾਬ ਵਿੱਚ ਨਵਾਂ ਕਾਰੋਬਾਰੀ ਅਤੇ ਉਦਯੋਗਿਕ ਮਾਹੌਲ ਸਿਰਜਣ ਲਈ ਕਈਆਂ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ।’ ਉਨ੍ਹਾਂ ਚੰਡੀਗੜ੍ਹ ਦੇ ਹਵਾਈ ਅੱਡੇ ਦੇ ਵਿਕਾਸ ਨੂੰ ਸਾਰੇ ਖੇਤਰ ਦੇ ਸਨਅਤੀ ਵਿਕਾਸ ਲਈ ਇੱਕ ਵੱਡਾ ਕਦਮ ਦੱਸਿਆ।
ਇਸ ਤੋਂ ਪਹਿਲਾਂ ਆਪਣੇ ਕੂੰਜੀਵਤ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਅਧੀਨ ਆਰੰਭੇ ਜਾਣ ਵਾਲੇ ਪਹਿਲੇ ਸਮਾਜਿਕ ਕਾਰੋਬਾਰ ਤਹਿਤ ਮਹਿਲਾ ਉੱਦਮੀਆਂ/ਕਾਰੋਬਾਰੀਆਂ ਨੂੰ ਸ਼ਾਮਲ ਹੋਣ ਲਈ ਹੱਲਾਸ਼ੇਰੀ ਦਿੱਤੀ ਜਾਵੇਗੀ ਤਾਂ ਜੋ ਸੂਬੇ ਦੇ ਨਵੇਂ ਕਾਰੋਬਾਰੀ ਮਾਹੌਲ ਵਿੱਚ ਲਿੰਗ ਸਮਾਨਤਾ ਲਿਆਂਦੀ ਜਾ ਸਕੇ। ਅੰਮ੍ਰਿਤਸਰ ਤੋਂ ਆਰੰਭੇ ਜਾਣ ਵਾਲੇ ਇਸ ਪ੍ਰਾਜੈਕਟ ਨੂੰ ਅੱਗਿਓਂ ਦੂਜੇ ਤੇ ਤੀਜੇ ਗੇੜਾਂ ਵਿੱਚ ਹੋਰਨਾਂ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਦੁਵੱਲੇ ਸਹਿਯੋਗ ਲਈ ਸਿੱਖਿਅਤ ਅਤੇ ਨਿਪੁੰਨ ਮਾਹਿਰਾਂ ਦਾ ਇੱਕ ਅਜਿਹਾ ਨੈੱਟਵਰਕ ਤਿਆਰ ਕੀਤਾ ਜਾਵੇਗਾ। ਜਿਸ ਵਿੱਚ ਆਸਟਰੇਲੀਆ, ਸਿੰਗਾਪੁਰ, ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਹਾਂਗ ਕਾਂਗ ਵਰਗੇ ਕਾਰੋਬਾਰੀ ਦੇਸ਼ਾਂ ਅਤੇ ਸ਼ਹਿਰਾਂ ਦੇ ਤਜਰਬੇਕਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਕੈਪਟਨ ਨੇ ਕਿਹਾ ਕਿ ਪੰਜਾਬੀਆਂ ਦੀ ਕਾਰੋਬਾਰੀ ਬਿਰਤੀ ਸਾਡਾ ਸਭ ਤੋਂ ਵੱਡਾ ਸਰਮਾਇਆ ਹੈ। ਜਿਸ ਨਾਲ ਦੇਸ਼ ਵਿੱਚ ਨਵਾਂ ਕਾਰੋਬਾਰੀ ਮਾਹੌਲ ਸਥਾਪਿਤ ਕਰਨ ਦੀ ਲਹਿਰ ਚਲਾਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚਲੇ ਹਾਲਾਤ ਨਵੀਆਂ ਸਨਅਤਾਂ ਅਤੇ ਹੋਰ ਕਾਰੋਬਾਰ ਖੋਲ੍ਹਣ ਲਈ ਇੱਕ ਪੰਘੂੜੇ ਦਾ ਕੰਮ ਕਰਨਗੇ ਅਤੇ ਰਾਜ ਨੂੰ ਨਿਵੇਸ਼ ਲਈ ਸਭ ਤੋਂ ਵੱਧ ਦਿਲਕਸ਼ ਸਥਾਨ ਬਣਾ ਦਿੱਤਾ ਜਾਵੇਗਾ। ਨੌਜਵਾਨਾਂ ਨੂੰ ਵਿਕਾਸ ਦੇ ਝੰਡਾ ਬਰਦਾਰ ਐਲਾਨਦਿਆਂ ਮੁੱਖ ਮੰਤਰੀ ਨੇ ਉੱਦਮੀ ਨੌਜਵਾਨਾਂ ਨੂੰ ਹੋਕਾ ਦਿੱਤਾ ਕਿ ਉਹ ਪੰਜਾਬ ਦੇ ਨਵੇਂ ਕਾਰੋਬਾਰਾਂ ਦੀ ਸਥਾਪਤੀ ਲਈ ਦੋਸਤਾਨਾ ਮਾਹੌਲ ਦਾ ਲਾਹਾ ਲੈਣ ਅਤੇ ਸੂਬੇ ਵਿੱਚ ਨਵੇਂ ਸਨਅਤੀ ਯੂਨਿਟ ਸਥਾਪਤ ਕਰਨ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਟਾਇਕੌਨ ਚੰਡੀਗੜ੍ਹ ਦੇ ਪ੍ਰਧਾਨ ਅਲੋਕ ਰਾਮਸਿਸਾਰੀਆ, ਆਈਐਸਬੀ ਦੇ ਡੀਨ ਰਾਜ ਸ੍ਰੀਵਾਸਤਵ ਅਤੇ ਚੇਅਰ ਟਾਇਕੌਨ ਚੰਡੀਗੜ੍ਹ ਆਈ.ਐਸ ਪਾਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…