Nabaz-e-punjab.com

ਐਨਜੀਓ ਜੀਐਸਏ ਵੱਲੋਂ ਖਾਦ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਬਣਾਉਣ ਲਈ ਰਾਜ ਪੱਧਰੀ ਕਾਨਫਰੰਸ

ਟਰਾਂਸਫੈਟ ਕਾਰਨ ਵਿਸ਼ਵ ਭਰ ਵਿੱਚ ਹਰੇਕ ਸਾਲ 5.4 ਲੱਖ ਲੋਕਾਂ ਦੀ ਹੁੰਦੀ ਹੈ ਮੌਤ: ਡਾ. ਜੇਬੀ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਅਤੇ ਗਲੋਬਲ ਹੈਲਥ ਐਡਵੋਕੇਸੀ ਇਕਿਊਬੇਟਰ ਵੱਲੋਂ ਖਾਦ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਬਣਾਉਣ ਅਤੇ ਆਮ ਲੋਕਾਂ ਨੂੰ ਇਸ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕਰਨ ਲਈ ਸੂਬਾ ਪੱਧਰੀ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਸਿਹਤ ਵਿਭਾਗ ਪੰਜਾਬ, ਪੀਜੀਆਈ, ਨਾਈਪਰ, ਕੇਂਦਰੀ ਗ੍ਰਾਮੀਣ ਐਂਡ ਉਦਯੋਗਿਕ ਵਿਕਾਸ ਕੇਂਦਰ, ਚੰਡੀਗੜ੍ਹ ਹੋਟਲ ਮੈਨੇਜਮੈਂਟ ਇੰਸਟੀਚਿਊਟ, ਫੂਡ ਸੇਫ਼ਟੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਵੱਖ ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਐਨਸੀਡੀ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਡਾ. ਜੇਬੀ ਸਿੰਘ ਨੇ ਕਿਹਾ ਕਿ ਟਰਾਂਸਫੈਟ ਨੂੰ ਭੋਜਨ ਤੋਂ ਬਾਹਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਕਾਰਨ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਸਾਲ ਦੁਨੀਆ ਭਰ ਵਿੱਚ 5.4 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ। ਪੀਜੀਆਈ ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋਫੈਸਰ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਵਿੱਚ ਪਾਰਸ਼ਲੀ ਹਾਈਡ੍ਰੋਜ਼ਨੇਸ਼ਨ ਨਾਲ ਤਿਆਰ ਹੋਣ ਵਾਲੇ ਖਾਦ ਪਦਾਰਥ\ਤੇਲਾਂ ਦੀ ਖਪਤ ਕਾਫੀ ਵਧ ਗਈ ਹੈ। ਜਿਸ ਦਾ ਮੁੱਖ ਕਾਰਨ ਜੰਕ ਫੂਡ ਜਿਹੇ ਪਦਾਰਥਾਂ ਦਾ ਸਸਤਾ ਹੋਣਾ ਹੈ। ਉਨ੍ਹਾਂ ਕਿਹਾ ਕਿ ਚੀਭ ਦੇ ਸੁਆਦ ਨੇ ਮਨੁੱਖ ਨੂੰ ਡਾਇਬੀਟਜ਼, ਕੈਂਸਰ, ਪੱਥਰੀ, ਹਾਈ ਬਲੱਡ ਪ੍ਰੈੱਸ਼ਰ, ਦਿਲ ਦੇ ਰੋਗ ਸਮੇਤ ਹੋਰ ਭਿਆਨ ਬਿਮਾਰੀਆਂ ਦਾ ਰੋਗੀ ਬਣਾ ਕੇ ਰੱਖ ਦਿੱਤਾ ਹੈ।
ਇਸ ਤੋਂ ਪਹਿਲਾਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਤੇ ਕੌਂਸਲਰ ਉਪਿੰਦਰਪ੍ਰੀਤ ਕੌਰ ਗਿੱਲ ਨੇ ਖਾਦ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਬਣਾਉਣ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਸਿਰਫ਼ ਸਿਹਤ ਵਿਭਾਗ ’ਤੇ ਹੀ ਜ਼ਿੰਮੇਵਾਰੀ ਨਹੀਂ ਸੁੱਟੀ ਜਾ ਸਕਦੀ ਹੈ, ਸਗੋਂ ਆਮ ਲੋਕਾਂ ਨੂੰ ਵੀ ਟਰਾਂਸਫੈਟ ਦੇ ਖ਼ਿਲਾਫ਼ ਜਾਗਰੂਕ ਹੋਣਾ ਪਵੇਗਾ ਤਾਂ ਕਿ ਉਨ੍ਹਾਂ ਨੂੰ ਪਤਾ ਚੱਲ ਸਕੇ ਕਿ ਜਿਹੜੇ ਖਾਦ ਪਦਾਰਥਾਂ ਦਾ ਉਹ ਪ੍ਰਯੋਗ ਕਰਦੇ ਹਨ, ਉਹ ਉਨ੍ਹਾਂ ਦੀ ਸਿਹਤ ਲਈ ਕਿੰਨੇ ਨੁਕਸਾਨ ਦਾਇਕ ਹਨ।
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਰਣਜੀਤ ਸਿੰਘ ਨੇ ਦੱਸਿਆ ਕਿ ਐਫ਼ਐਸਐਸਏਆਈ ਵੱਲੋਂ 1 ਜਨਵਰੀ 2022 ਤੱਕ ਸਾਰੇ ਪ੍ਰਕਾਰ ਦੇ ਖਾਦ ਪਦਾਰਥਾਂ\ਤੇਲਾਂ ਵਿੱਚ ਟਰਾਂਸਫੈਟ ਦੀ ਮਾਤਰਾ 2 ਪ੍ਰਤੀਸ਼ਤ ਕਰਨ ਦਾ ਰੈਗੂਲੇਸ਼ਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਫ਼ਐਸਐਸ ਐਕਟ 2006 ਦੇ ਤਹਿਤ ਹਰੇਕ ਖਾਦ ਪਦਾਰਥ ਦੇ ਪੈਕਟ ਵਿੱਚ ਟਰਾਂਸਫੈਟ (ਜੇਕਰ ਉਸ ਵਿੱਚ ਟਰਾਂਸਫੈਟ ਯੁਕਤ ਸਮੱਗਰੀ ਦਾ ਪ੍ਰਯੋਗ ਕੀਤਾ ਗਿਆ ਹੋਵੇ) ਦੀ ਮਾਤਰਾ ਦੇ ਬਾਰੇ ਦੱਸਣਾ ਬੇਹੱਦ ਜ਼ਰੂਰੀ ਹੈ। ਇਸ ਪ੍ਰਕਾਰ ਦੇ ਪੈਕਟ ’ਤੇ ਇਕ ਲਾਲ ਰੰਗ ਦਾ ਮਾਰਕ ਛਪਿਆ ਹੋਣਾ ਵੀ ਜ਼ਰੂਰੀ ਹੈ। ਇਸ ਦੀ ਉਲੰਘਣਾ ਕਰਨਾ ਜਾਂ ਲੋਕਾਂ ਨੂੰ ਭਰਮਾਉਣ ਲਈ ਪੈਕਟ ’ਤੇ ਕੋਈ ਜਾਣਕਾਰੀ ਛਾਪਣ ਦੇ ਦੋਸ਼ ਵਿੱਚ ਤਿੰਨ ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।
ਡੀਏਵੀ ਕਾਲਜ ਚੰਡੀਗੜ੍ਹ ਦੇ ਫੂਡ ਸਾਇੰਸ ਵਿਭਾਗ ਦੀ ਮੁਖੀ ਡਾ. ਗੀਤਾ ਮਹਿਰਾ ਨੇ ਕਿਹਾ ਕਿ ਟਰਾਂਸਫੈਟ ਦਾ ਮੁੱਖ ਪ੍ਰਯੋਗ ਜੰਕ ਫੂਡ ਅਤੇ ਬੇਕਰੀ ਬਣਾਉਣ ਵਾਲੇ ਉਤਪਾਦਾਂ ਵਿੱਚ ਹੁੰਦਾ ਹੈ। ਜਿਨ੍ਹਾਂ ਵਿੱਚ ਕੇਕ, ਪੇਸਟੀ, ਪੈਟੀ, ਬਰਗਰ, ਆਈਸਕ੍ਰੀਮ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਪ੍ਰਮੁੱਖ ਹਨ।
ਇਸ ਮੌਕੇ ਐਸੋਸੀਏਸ਼ਨ ਦੀ ਪ੍ਰਮੁੱਖ ਆਗੂ ਸੁਰਜੀਤ ਕੌਰ ਸੈਣੀ, ਡਾ. ਓਮ ਪ੍ਰਕਾਸ਼ ਬੀਰਾ, ਡਾ. ਰੁਪਾ ਸ਼ਿਵਾਸੰਕਰਾ, ਡਾ. ਐਸਪੀ ਸੁਰੀਲਾ, ਡਾ. ਆਸਥਾ ਬੱਗਾ, ਡਾ. ਸਵਾਤੀ ਗੌਤਮ, ਅਰਸ਼ਦੀਪ ਸਿੰਘ, ਨਿਤਲੀਨ ਕੌਰ, ਸੰਦੀਪ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …