ਪ੍ਰਦੇਸ਼ ਚੋਣ ਕਮਿਸ਼ਨ ਕਾਂਗਰਸ ਦੀ ਧਿਰ ਬਣਿਆ: ਸੁਖਬੀਰ ਬਾਦਲ

ਨਗਰ ਨਿਗਮ ਚੋਣਾਂ ਵਿਚ ਲੋਕਾਂ ਦੀ ਆਵਾਜ਼ ਦਬਾਉਣ ਦੀ ਸਾਜ਼ਿਸ਼ ਘੜੀ

ਜਗਪਾਲ ਸਿੱਧੂ ਦੀ ਤੁਰੰਤ ਬਰਖਾਸਤਗੀ ਦੀ ਵੀ ਮੰਗ ਕਰੇਗਾ ਅਕਾਲੀ ਦਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 17 ਦਸੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਨਗਰ ਨਿਗਮਾਂ ਚੋਣਾਂ ਵਿਚ ਲੋਕਾਂ ਦੀ ਆਵਾਜ਼ ਦਬਾਉਣ ਲਈ ਘੜੀ ਸਾਜ਼ਿਸ਼ ਵਿਚ ਪ੍ਰਦੇਸ਼ ਚੋਣ ਕਮਿਸ਼ਨ ਕਾਂਗਰਸ ਪਾਰਟੀ ਦੀ ਧਿਰ ਬਣ ਗਿਆ । ਇਸ ਨਾਪਾਕ ਸਾਜ਼ਿਸ਼ ਤੋਂ ਪਰਦਾ ਉਠਾਉਣ ਲਈ ਪਾਰਟੀ ਹਾਈ ਕੋਰਟ ਵਿਚ ਜਾਵੇਗੀ ਅਤੇ ਸੀਬੀਆਈ ਜਾਂਚ ਦੀ ਮੰਗ ਕਰੇਗੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਕਾਂਗਰਸ ਦਾ ਹੱਥਠੋਕਾ ਬਣ ਕੇ ਇੱਕ ਉੱਚੇ ਅਹੁਦੇ ਦੇ ਵੱਕਾਰ ਨੂੰ ਢਾਹ ਲਾਉਣ ਵਾਸਤੇ ਪ੍ਰਦੇਸ਼ ਚੋਣ ਕਮਿਸ਼ਨਰ ਜਗਪਾਲ ਸਿੰਘ ਸਿੱਧੂ ਦੀ ਤੁਰੰਤ ਬਰਖਾਸਤਗੀ ਦੀ ਵੀ ਮੰਗ ਕਰੇਗੀ। ਉਹਨਾਂ ਕਿਹਾ ਕਿ ਜੇ ਉਸ ਦੇ ਮਨ ਵਿਚ ਰੱਤੀ ਭਰ ਵੀ ਖੁਦ ਲਈ ਸਨਮਾਨ ਬਚਿਆ ਹੈ ਤਾਂ ਉਸ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਉਸ ਨੇ ਉਹਨਾਂ ਲੋਕਾਂ  ਨਾਲ ਵਿਸ਼ਵਾਸ਼ਘਾਤ ਕੀਤਾ ਹੈ, ਜਿਹਨਾਂ ਦੇ ਮਨ ਵਿਚ ਚੋਣ ਕਮਿਸ਼ਨਰ ਦੇ ਦਫਤਰ ਬੇਹੱਦ ਸਤਿਕਾਰ ਹੈ ਅਤੇ ਉਹ ਉਸ ਕੋਲੋਂ ਪੱਖਪਾਤੀ ਵਤੀਰੇ ਦੀ ਉਮੀਦ ਨਹੀਂ ਕਰਦੇ।
ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼ੁਰੂ ਤੋਂ ਲੈ ਕੇ ਹੀ ਚੋਣ ਕਮਿਸ਼ਨਰ ਦਾ ਵਤੀਰਾ ਪੱਖਪਾਤੀ ਸੀ। ਅਕਾਲੀਆਂ ਦੇ ਵਫ਼ਦ ਉਸ ਨੂੰ ਪੰਜ ਵਾਰ ਮਿਲੇ। ਉਸ ਨੇ ਇੱਕ ਵਾਰ ਵੀ ਇਨਸਾਫ ਨਹੀਂ ਦਿੱਤਾ। ਅਸੀਂ ਵੋਟਰ ਸੂਚੀਆਂ ਦੇਰੀ ਨਾਲ ਦਿੱਤੇ ਜਾਣ ਅਤੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ ਨਾ ਦੇਣ ਖ਼ਿਲਾਫ ਰੋਸ ਪ੍ਰਗਟਾਇਆ। ਉਸ ਨੇ ਇਸ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਅਧਿਕਾਰੀਆਂ ਨੇ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਲੈਣ ਤੋਂ ਇਨਕਾਰ ਕਰ ਦਿੱਤਾ, ਚੋਣ ਕਮਿਸ਼ਨਰ ਫਿਰ ਵੀ ਕੁੱੱਝ ਨਹੀਂ ਕੀਤਾ। ਜਦੋਂ ਮਾਨਾਵਾਲਾ, ਫਿਰੋਜ਼ਪੁਰ ਵਿਚ ਅਕਾਲੀ ਆਗੂਆਂ ਉੱਤੇ ਗੋਲੀਆਂ ਨਾਲ ਹਮਲਾ ਕੀਤਾ ਅਤੇ ਉਹਨਾਂ ਖ਼ਿਲਾਫ ਝੂਠੇ ਕੇਸ ਦਰਜ ਕੀਤੇ ਤਦ ਵੀ ਉਸ ਨੇ ਠੋਸ ਕਾਰਵਾਈ ਨਹੀਂ ਕੀਤੀ। ਬਾਘਪੁਰਾਣਾ ਅਤੇ ਘਨੌਰ ਵਿਖੇ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਦੀਆਂ ਤਸਵੀਰਾਂ ਅਤੇ ਫਿਲਮਾਂ ਪੇਸ਼ ਕੀਤੇ ਜਾਣ ਦੇ ਬਾਵਜੂਦ ਉਸ ਨੇ ਅੱਖਾਂ ਮੁੰਦ ਲਈਆਂ। ਹੁਣ ਜਦੋਂ ਕਾਂਗਰਸੀਆਂ ਵੱਲੋਂ ਪੂਰੇ ਸੂਬੇ ਅੰਦਰ, ਖਾਸ ਕਰਕੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿਚ  ਚੋਣ ਧਾਂਦਲੀਆਂ ਕਰਨ ਅਤੇ ਅਕਾਲੀ-ਭਾਜਪਾ ਉਮੀਦਵਾਰਾਂ  ਉੱਤੇ ਹਮਲੇ ਕਰਨ ਲਈ ਸਟੇਟ ਮਸ਼ੀਨਰੀ ਦਾ ਇਸਤੇਮਾਲ ਕੀਤਾ ਗਿਆ ਹੈ, ਤਾਂ ਚੋਣ ਕਮਿਸ਼ਨਰ ਮੁੜ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਘੱਗਾ ਵਿਖੇ ਇਕ ਵਿਅਕਤੀ ਦਾ ਕਤਲ ਹੋ ਗਿਆ ਹੈ। ਕਈ ਹੋਰ ਜ਼ਖ਼ਮੀ ਹੋ ਗਏ ਹਨ। ਇੱਥੋਂ ਤਕ ਕਿ ਔਰਤਾਂ ਅਤੇ ਮੀਡੀਆ ਕਰਮੀਆਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ। ਕਾਰਵਾਈ ਕਰਨ ਅਤੇ ਆਜ਼ਾਦ ਅਤੇ ਨਿਰਪੱਖ ਨਗਰ ਨਿਗਮ ਚੋਣਾਂ ਨੂੰ ਯਕੀਨੀ ਬਣਾਉਣ ਲਈ ਹੋਰ ਉਸ ਨੂੰ ਕੀ ਚਾਹੀਦਾ ਹੈ?
ਇਹ ਟਿੱਪਣੀ ਕਰਦਿਆਂ ਕਿ ਇਹ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਪਰਿਆ ਹੈ ਜਦੋਂ ਪ੍ਰਦੇਸ਼ ਚੋਣ ਕਮਿਸ਼ਨਰ ਵਿਰੋਧੀ ਧਿਰ ਦੀਆਂ ਸ਼ਿਕਾਇਤਾਂ ਉੱਤੇ ਕੋਈ ਕਾਰਵਾਈ ਨਾ ਕਰਕੇ ਗੁੰਡਾਗਰਦੀ ਨੂੰ ਹੱਲਾਸ਼ੇਰੀ ਦਿੰਦਾ ਵੇਖਿਆ ਗਿਆ ਹੈ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ  ਇਹ ਗੱਲ ਬਹੁਤ ਹੀ ਨਿੰਦਣਯੋਗ ਹੈ ਕਿ ਚੋਣ ਕਮਿਸ਼ਨਰ ਨੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੂੰ ਚੋਣ ਧਾਂਦਲੀਆਂ  ਕਰਨ ਵਿਚ ਇੱਕ ਧਿਰ ਬਣ ਜਾਣ ਦੀ ਆਗਿਆ ਦਿੱਤੀ ਹੈ। ਉਹਨਾਂ ਕਿਹਾ ਕਿ ਜਗਪਾਲ ਸਿੱਧੂ ਨੇ ਕਿਸੇ ਵੀ ਸਿਵਲ ਜਾਂ ਪੁਲਿਸ ਅਧਿਕਾਰੀ ਖ਼ਿਲਾਫ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਦਕਿ  ਅਕਾਲੀ ਦਲ ਅਜਿਹੀਆਂ ਕਾਲੀਆਂ ਭੇਡਾਂ ਦੇ ਨਾਵਾਂ ਸਮੇਤ ਪੂਰੇ ਬਿਓਰੇ ਉਸ ਨੂੰ ਸੌਂਪ ਚੁੱਕਿਆ ਸੀ। ਅਜਿਹੇ ਹਾਲਾਤ ਵਿਚ ਇਹ ਸਪੱਸ਼ਟ ਹੈ ਕਿ ਲੋਕ ਉਸ ਤੋਂ ਕਿਸੇ ਇਨਸਾਫ ਦੀ ਉਮੀਦ ਨਹੀਂ ਕਰ ਸਕਦੇ। ਅਸੀਂ ਮਾਣਯੋਗ ਹਾਈਕੋਰਟ ਵਿਚ ਪਟੀਸ਼ਨ ਦਾਖ਼ਲ ਕਰਾਂਗੇ ਕਿ ਕਾਂਗਰਸ ਸਰਕਾਰ ਦੀਆਂ ਧੁਨਾਂ ਉੱਤੇ ਨੱਚਣ ਵਾਲੇ ਅਜਿਹੇ ਕਮਿਸ਼ਨ ਦਾ ਭੋਗ ਪਾਉਣਾ ਹੀ ਲੋਕਹਿੱਤ ਵਿਚ ਹੋਵੇਗਾ।

Load More Related Articles

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…