
ਮੁਹਾਲੀ ਵਿੱਚ ਖੁੱਲੇਗਾ ਸਟੇਟ ਫਾਇਰ ਸੇਫਟੀ ਅਤੇ ਡਿਜਾਸਟਰ ਮੈਨੇਜਮੈਂਟ ਇੰਸਟੀਚਿਊਟ
ਸੈਕਟਰ-78 ਸਥਿਤ ਫਾਇਰ ਸਟੇਸ਼ਨ ਵਿੱਚ 16 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗੀ ਇਮਾਰਤ: ਬੇਦੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ:
ਮੁਹਾਲੀ ਵਿੱਚ ਛੇਤੀ ਹੀ ਪੰਜਾਬ ਰਾਜ ਫਾਇਰ ਸੇਫਟੀ ਅਤੇ ਡਿਜਾਸਟਰ ਮੈਨੇਜਮੈਂਟ ਇੰਸਟੀਚਿਊਟ ਦੀ ਇਮਾਰਤ ਦੀ ਉਸਾਰੀ ਦਾ ਕੰਮ ਆਰੰਭ ਹੋਣ ਜਾ ਰਿਹਾ ਹੈ। ਇਸ ਇੰਸਟੀਚਿਊਟ ਵਿੱਚ ਸੂਬੇ ਦੀਆਂ ਫਾਇਰ ਬ੍ਰਿਗੇਡਾਂ ਦੇ ਮੌਜੂਦਾ ਕਰਮਚਾਰੀਆਂ ਦੇ ਨਾਲ ਨਾਲ ਨਵੇਂ ਭਰਤੀ ਹੋਣ ਵਾਲੇ ਕਰਮਚਾਰੀਆਂ ਦੀ ਟਰੇਨਿੰਗ ਦਾ ਪ੍ਰਬੰਧ ਹੋਵੇਗਾ। ਨਗਰ ਨਿਗਮ ਵੱਲੋਂ ਸਥਾਨਕ ਸੈਕਟਰ-78 ਵਿੱਚ ਪੌਣੇ ਦੋ ਏਕੜ ਥਾਂ ਵਿੱਚ ਬਣਾਏ ਜਾ ਰਹੇ ਫਾਇਰ ਸਟੇਸ਼ਨ ਵਿੱਚ ਇਸ ਇੰਸਟੀਚਿਊਟ ਦੀ ਇਮਾਰਤ ਦੀ ਵੀ ਉਸਾਰੀ ਕੀਤੀ ਜਾਵੇਗੀ ਜਿਸ ਉੱਪਰ ਲਗਭਗ 16 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ।
ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਕੇੱਦਰ ਸਰਕਾਰ ਦੀ ਸਕੀਮ ਤਹਿਤ ਬਣਾਏ ਜਾਣ ਵਾਲੇ ਇਸ ਟਰੇਨਿੰਗ ਇੰਸਟੀਚਿਊਟ ਲਈ ਕੇਂਦਰ ਸਰਕਾਰ ਵੱਲੋਂ ਰਕਮ ਜਾਰੀ ਕਰ ਦਿੱਤੀ ਗਈ ਹੈ ਅਤੇ ਨਗਰ ਨਿਗਮ ਵਲੋੱ ਇਸਦਾ ਡਿਜਾਈਨ ਤਿਆਰ ਕਰਵਾ ਕੇ ਇਸਦੀ ਉਸਾਰੀ ਆਰੰਭ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦਾ ਡਿਜਾਈਨ ਤਿਆਰ ਕਰਨ ਲਈ ਪ੍ਰਾਜੈਕਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭੇਜਿਆ ਜਾ ਰਿਹਾ ਹੈ ਅਤੇ ਡਿਜਾਈਨ ਦਾ ਫੈਸਲਾ ਹੋਣ ਤੋਂ ਬਾਅਦ ਨਿਗਮ ਵੱਲੋਂ ਇਮਾਰਤ ਦੀ ਉਸਾਰੀ ਆਰੰਭ ਕਰਵਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸ਼ਹਿਰ ਲਈ ਇਹ ਮਾਣ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਅਹਿਮ ਅਦਾਰੇ ਲਈ ਮੁਹਾਲੀ ਸ਼ਹਿਰ ਦੀ ਚੋਣ ਕੀਤੀ ਗਈ ਹੈ ਅਤੇ ਇਸ ਲਈ ਰਕਮ ਵੀ ਜਾਰੀ ਕਰ ਦਿੱਤੀ ਗਈ ਹੈ।