
ਪੰਜਾਬ ਦੇ ਬੋਰਡ ਤੇ ਕਾਰਪੋਰੇਸ਼ਨਾਂ ਦੇ ਕੱਚੇ ਮੁਲਾਜ਼ਮਾਂ ਨੂੰ ਵੀ ਰੈਗੂਲਰ ਕਰੇ ਸੂਬਾ ਸਰਕਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ 36000 ਕੱਚੇ ਕਰਮਚਾਰੀਆਂ ਨੂੰ ਪੱਕੇ ਕੀਤੇ ਜਾਣ ਦੇ ਐਲਾਨ ਦਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਪ੍ਰੈਸ ਬਿਆਨ ਰਾਹੀਂ ਐਲਾਨ ਕੀਤਾ ਗਿਆ ਹੈ ਕਿ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ, ਕੰਟਰੈਕਟ, ਵਰਕ ਚਾਰਜਡ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ ਜੋ ਕਿ ਸਲਾਹੁਣਯੋਗ ਹੈ ਪ੍ਰੰਤੂ ਮੁੱਖ ਮੰਤਰੀ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਬੋਰਡਾਂ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਇਸ ਫੈਸਲੇ ਤੋਂ ਬਾਹਰ ਹਨ। ਉਨ੍ਹਾਂ ਸਰਕਾਰ ਦੇ ਇਸ ਐਲਾਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਰਾਜ ਦੇ ਬੋਰਡ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਮੁਲਾਜ਼ਮ ਨੂੰ ਇਸ ਫੈਸਲੇ ਤੋਂ ਬਾਹਰ ਰੱਖਣਾ ਬੋਰਡਾਂ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਨਾਲ ਸਰਾਸਰ ਧੋਖਾ ਹੈ ਜਦੋਂ ਕਿ ਬੋਰਡ ਕਾਰਪੋਰੇਸ਼ਨ ਵੀ ਸਰਕਾਰ ਦਾ ਹੀ ਹਿੱਸਾ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਸਮੇਂ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ’ਤੇ ਰੈਗੂਲਰ ਕੀਤਾ ਜਾਵੇਗਾ। ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਰਕਾਰ ਨੇ ਇਸ ਪ੍ਰਤੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਬੋਰਡ ਜਥੇਬੰਦੀ ਵੱਲੋਂ ਬਾਕੀ ਮੁਲਾਜ਼ਮ ਜਥੇਬੰਦੀਆਂ ਨਾਲ ਮਿਲ ਕੇ ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਮੁਲਾਜ਼ਮ ਮਸਲਿਆਂ ਨੂੰ ਲੈ ਕੇ ਸਰਕਾਰ ਖਿਲਾਫ਼ ਧਰਨੇ ਦਿੱਤੇ ਜਾ ਰਹੇ ਹਨ। ਇਨ੍ਹਾਂ ਮੰਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਵੀ ਇਕ ਮੁੱਖ ਮੰਗ ਹੈ।
ਉਨ੍ਹਾਂ ਕਿਹਾ ਕਿ ਬੋਰਡ ਦਫ਼ਤਰ ਵਿੱਚ ਵੀ ਲੱਗਭਗ 500 ਦੇ ਕਰੀਬ ਦਿਹਾੜੀਦਾਰ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਇਹ ਮੁਲਾਜਮ ਬਹੁਤ ਹੀ ਥੋੜੀ ਤਨਖ਼ਾਹ ਤੇ ਕੰਮ ਕਰ ਰਹੇ ਹਨ, ਜਿਸ ਨਾਲ ਅੱਜ ਕੱਲ੍ਹ ਦੀ ਮਹਿੰਗਾਈ ਦੇ ਦੌਰ ਤੇ ਮੁਲਾਜ਼ਮਾਂ ਨੂੰ ਆਪਣਾ ਪਰਿਵਾਰ ਪਾਲਣਾ ਵੀ ਬਹੁਤ ਹੀ ਅੌਖਾ ਹੈ। ਉਨ੍ਹਾਂ ਕਿਹਾ ਕਿ ਬੋਰਡ ਕਾਰਪੋਰੇਸ਼ਨ ਕੋਲ ਆਪਣੇ ਵਿੱਤੀ ਸਾਧਨ ਹਨ। ਇਨ੍ਹਾਂ ਵਿੱਤੀ ਸਾਧਨਾਂ ਰਾਹੀਂ ਹੀ ਬੋਰਡ ਕਾਰਪੋਰੇਸ਼ਨ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਆਦਿ ਦਿੰਦੇ ਹਨ। ਇਸ ਲਈ ਸਰਕਾਰ ਨੂੰ ਮੰਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤੇ ਜਾਣ ਦੇ ਕੀਤੇ ਐਲਾਨ ਵਿੱਚ ਬੋਰਡ ਕਾਰਪੋਰੇਸ਼ਨਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਇਹ ਮੁਲਾਜ਼ਮ ਵੀ ਇਸ ਮਹਿੰਗਾਈ ਦੇ ਦੌਰ ਵਿੱਚ ਆਪਣਾ ਪਰਿਵਾਰ ਅਸਾਨੀ ਨਾਲ ਚਲਾ ਸਕਣ। ਇਸ ਮੌਕੇ ਗੁਰਚਰਨ ਸਿੰਘ ਤਰਮਾਲਾ, ਪਰਮਜੀਤ ਸਿੰਘ ਬੈਨੀਪਾਲ, ਕੰਵਲਜੀਤ ਗਿੱਲ, ਹਰਮਨਦੀਪ ਸਿੰਘ ਬੋਪਾਰਾਏ, ਰਮਨਦੀਪ ਗਿੱਲ, ਹਰਦੀਪ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ ਮੰਡੇਰ ਸਮੇਤ ਜਥੇਬੰਦੀ ਦੇ ਮੈਂਬਰ ਹਾਜ਼ਰ ਸਨ।