ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਿੱਖਿਆ ਭਵਨ ਦੇ ਬਾਹਰ ਸੂਬਾ ਪੱਧਰੀ ਧਰਨਾ

ਵਿਦਿਆਰਥੀਆਂ ਨੂੰ ਮਾਨਸਿਕ ਰੋਗੀ ਬਣਾ ਰਹੀ ਆਨਲਾਈਨ ਸਿੱਖਿਆ ਬੰਦ ਕਰਕੇ ਸਕੂਲ ਖੋਲ੍ਹਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਨਵੰਬਰ:
ਸਿੱਖਿਆ ਸਕੱਤਰ (ਪੰਜਾਬ) ਵੱਲੋਂ ਆਨਲਾਈਨ ਸਿੱਖਿਆ ਨੂੰ ਅਸਲ ਸਕੂਲੀ ਸਿੱਖਿਆ ਦੇ ਬਦਲ ਵਜੋਂ ਜਬਰੀ ਪੇਸ਼ ਕਰਕੇ ਸਿੱਖਿਆ ਦਾ ਉਜਾੜਾ ਕਰਦਿਆਂ ਨਿੱਜੀਕਰਨ ਨੂੰ ਹੋਰ ਤੇਜ ਕਰਨ, ਬੇਲੋੜੇ/ਬੇਮੌਕੇ ਹੁੰਦੇ ਆਨਲਾਈਨ ਟੈਸਟਾਂ ਤੇ ਜੂਮ ਮੀਟਿੰਗਾਂ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦਿਨ-ਰਾਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਪੰਜਾਬ ਅਚੀਵਮੈਂਟ ਸਰਵੇ ਆਦਿ ਵਿੱਚ 100 % ਆਨਲਾਈਨ ਭਾਗੀਦਾਰੀ ਦਿਖਾਉਣ ਲਈ ਗੈਰ-ਸੰਵਿਧਾਨਿਕ ਢਾਂਚੇ ਰਾਹੀਂ ਅਧਿਆਪਕਾਂ ’ਤੇ ਝੂਠੇ ਅੰਕੜੇ ਇਕੱਠੇ ਕਰਨ ਦਾ ਭਾਰੀ ਦਬਾਅ ਬਣਾਉਣ ਖ਼ਿਲਾਫ਼ ਅਤੇ ਅਨੁਪਾਤਕ ਢੰਗ ਨਾਲ ਸਾਰੇ ਸਕੂਲ ਖੋਲਣ ਦੀ ਮੰਗ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ਼) ਪੰਜਾਬ ਦੇ ਬੈਨਰ ਹੇਠ ਵੱਡੀ ਗਿਣਤੀ ਅਧਿਆਪਕਾਂ ਨੇ ਰੋਹ ਭਰਪੂਰ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ।
ਇਸ ਮੌਕੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਨਵੀਂ ਭਰਤੀ ਲਈ ਤਨਖਾਹ ਗਰੇਡਾਂ ਨੂੰ ਗਲਤ ਢੰਗ ਨਾਲ ਘਟਾਉਣ ਅਤੇ ਕੇਂਦਰੀ ਸਕੇਲ ਲਾਗੂ ਕਰਨ ਦੇ ਫੈਸਲੇ ਰੱਦ ਕਰਨ, ਕੱਚੇ, ਠੇਕਾ ਅਧਾਰਿਤ ਅਤੇ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਨੂੰ ਪੱਕਾ ਕਰਨ, ਗ੍ਰਹਿ ਜ਼ਿਲ੍ਹਿਆਂ ਤੋਂ ਬਾਹਰ ਭਰਤੀ ਹੋਣ ਅਤੇ ਤਰੱਕੀ ਲੈਣ ਵਾਲੇ ਅਧਿਆਪਕਾਂ ਨੂੰ ਬਿਨਾਂ ਕੋਈ ਸ਼ਰਤ ਲਗਾਏ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਦੇ ਕੇ ਬਦਲੀ ਪ੍ਰਕਿਰਿਆ ਸ਼ੁਰੂ ਕਰਨ, ਸਕੂਲਾਂ ਵਿੱਚ ਸਾਰੇ ਕਾਡਰਾਂ ਦੀਆਂ ਖਾਲੀ ਹਜਾਰਾਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਪੂਰੀ ਕਰਨ ਆਦਿ ਮੰਗਾਂ ਨੂੰ ਮਿੱਟੀ ਘੱਟੇ ਵਿੱਚ ਰੌਲਦਿਆਂ ਪੰਜਾਬ ਸਰਕਾਰ ਅਤੇ ਇਸ ਦੀ ਅਫਸਰਸ਼ਾਹੀ ਲਗਾਤਾਰ ਅਧਿਆਪਕ ਵਿਰੋਧੀ ਫੈਸਲੇ ਕਰ ਰਹੀ ਹੈ।
ਡੀਟੀਐੱਫ ਦੇ ਸੂਬਾਈ ਆਗੂਆਂ ਅਸ਼ਵਨੀ ਅਵਸਥੀ, ਰਾਜੀਵ ਕੁਮਾਰ, ਜਗਪਾਲ ਬੰਗੀ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਅੌਜਲਾ, ਹਰਦੀਪ ਟੋਡਰਪਰ ਅਤੇ ਦਲਜੀਤ ਸਫੀਪੁਰ ਨੇ ਦੱਸਿਆ ਕਿ 3582 ਅਧਿਆਪਕਾਂ ਸਮੇਤ ਸਮੂਹ ਮੁਲਾਜ਼ਮਾਂ ਦਾ ਪਰਖ ਸਮਾਂ ਰੱਦ ਕਰਕੇ ਮੁੱਢ ਤੋਂ ਪੂਰੇ ਤਨਖਾਹ ਸਕੇਲ, ਸਲਾਨਾ ਵਾਧੇ ਅਤੇ ਏ.ਸੀ.ਪੀ. ਲਾਗੂ ਕਰਨ, ਓਡੀਐੱਲ/5178/ 8886 ਅਧਿਆਪਕਾਂ ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ, ਪਿਕਟਸ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਾਰੇ ਲਾਭਾਂ ਸਮੇਤ ਵਿਭਾਗ ਵਿੱਚ ਸ਼ਿਫਟ ਕਰਨ, ਮੁੱਖ ਅਧਿਆਪਕਾਂ, ਪ੍ਰਿੰਸੀਪਲਾਂ, ਸੈਂਟਰ ਹੈਡ ਟੀਚਰਾਂ, ਹੈੱਡ ਟੀਚਰਾਂ ਅਤੇ ਬੀਪੀਈਓ ਲਈ ਅਧਿਆਪਕਾਂ ਦਾ ਤਰੱਕੀ ਲਈ 75 ਫੀਸਦੀ ਕੋਟਾ ਬਹਾਲ ਕਰਨ ਅਤੇ ਹਰ ਕਾਡਰ ਦੀਆਂ ਲਟਕਦੀਆਂ ਤਰੱਕੀਆਂ ਤੁਰੰਤ ਕਰਨ, ਲੈਕਚਰਾਰਾਂ ਦੀ ਰਿਵਰਸ਼ਨ ਰੱਦ ਕਰਕੇ ਸੀਨੀਅਰਤਾ ਸੂਚੀ ਤਹਿਤ ਪੈਡਿੰਗ ਮਾਸਟਰ ਕਾਡਰ ਨੂੰ ਤਰੱਕੀ ਦੇਣ, ਸੀਨੀਆਰਤਾ ਸੂਚੀਆਂ ਨੂੰ ਕਾਨੂੰਨੀ ਅੜਿੱਕੇ ਤੋਂ ਮੁਕਤ ਕਰਵਾਕੇ ਤਰੱਕੀਆਂ ਕਰਨ, ਅਧਿਆਪਕ ਸੰਘਰਸ਼ਾਂ ਦੌਰਾਨ ਹੋਈਆਂ ਸਾਰੀਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ ਸਬੰਧੀ ਚਾਰ ਕੈਬਨਿਟ ਮੰਤਰੀਆਂ ਦੀ ਕਮੇਟੀ ਵੱਲੋਂ ਜਥੇਬੰਦੀਆਂ ਨਾਲ ਕੀਤੀ ਮੀਟਿੰਗ ਦੇੇ ਫੈਸਲੇ ਲਾਗੂ ਕਰਨ ਵਿੱਚ ਸਿੱਖਿਆ ਸਕੱਤਰ ਦੁਆਰਾ ਅੜਿੱਕੇ ਬਣਨ ਕਾਰਨ ਅਧਿਆਪਕ ਵਰਗ ਵਿੱਚ ਸਖ਼ਤ ਰੋਸ ਦੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਿਰੋਧੀ ਕਾਰਵਾਈਆਂ ਤੇਜੀ ਨਾਲ ਕਰਨ ਵਾਲਾ ਸਿੱਖਿਆ ਸਕੱਤਰ ਆਪਣੇ ਦਫ਼ਤਰ ਵਿਚਲੇ ਫਰਾਡ ਦੀਆਂ ਫ਼ਾਈਲਾਂ ਗੁਆਉਣ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਕੇਸ ਨੂੰ ਲਮਕਾਉਂਦਾ ਅਤੇ ਕਮਜ਼ੋਰ ਕਰਦਾ ਹੈ ਤਾਂ ਜੋ ਦੋਸ਼ੀ ਕਾਰਵਾਈ ਤੋਂ ਬਚ ਸਕਣ ਦੋਸ਼ੀ ਸੁਰੱਖਿਅਤ ਸੇਵਾ ਮੁਕਤੀ ਦੇ ਸਾਰੇ ਲਾਭ ਲੈ ਸਕਣ।
ਇਸ ਮੌਕੇ ਮੁਕੇਸ਼ ਗੁਜਰਾਤੀ,ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਗਿੱਲ, ਤੇਜਿੰਦਰ ਕਪੂਰਥਲਾ, ਸੁਖਦੇਵ ਡਾਨਸੀਵਾਲ ਅਤੇ ਡੀ.ਐੱਮ.ਐੱਫ. ਪੰਜਾਬ ਦੇ ਜਨਰਲ ਸਕੱਤਰ ਜਰਮਨਜੀਤ ਸਿੰਘ ਛੱਜਲਵੱਡੀ ਨੇ ਮੰਗ ਕੀਤੀ ਕਿ ਸਿਲੇਬਸ ਤਰਕਸੰਗਤ ਢੰਗ ਨਾਲ ਘੱਟ ਕੀਤੇ ਜਾਣ, ਪ੍ਰੀ-ਪ੍ਰਾਇਮਰੀ ਲਈ ਲੋੜੀਂਦੇ ਅਧਿਆਪਕ ਦੇਣ, ਮਿਡ-ਡੇਅ-ਮੀਲ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ, ਹੈੱਡ ਟੀਚਰ ਦੀ ਪੋਸਟ ਲਈ ਘੱਟੋ ਘੱਟ ਵਿਦਿਆਰਥੀ ਹੋਣ ਦੀ ਸ਼ਰਤ ਹਟਾਏ ਜਾਣ, ਅਤੇ ਸੈਂਟਰ ਹੈਡ ਟੀਚਰ ਦੀ ਅਸਾਮੀ ਨੂੰ ਪ੍ਰਬੰਧਕੀ ਅਸਾਮੀ ਵਜ਼ੋਂ ਮੰਨਣ, ਮਿਡਲ ਸਕੂਲਾਂ ਵਿੱਚ ਛੇ ਅਸਾਮੀਆਂ ਦੇਣ, ਅਸਾਮੀਆਂ ਦੀ ਰਹਿੰਦੀ ਮੰਨਜੂਰੀ ਜਾਰੀ ਕਰਨ, ਸਰੀਰਕ ਸਿੱਖਿਆ/ਕੰਪਿਊਟਰ ਸਿੱਖਿਆ/ਆਰਟ ਐਂਡ ਕਰਾਫਟ ਵਿਸ਼ਿਆਂ ਨੂੰ ਦਸਵੀਂ ਜਮਾਤ ਤੱਕ ਲਾਜ਼ਮੀ ਕਰਨ, ਹਰ ਸਕੂਲ ਵਿੱਚ ਸਫਾਈ ਸੇਵਕ ਅਤੇ ਸੇਵਾਦਾਰ ਦੀ ਅਸਾਮੀ ਦੇਣ, ਕੁੱਕ ਵਰਕਰਾਂ ‘ਤੇ ਘੱਟੋ ਘੱਟ ਉਜ਼ਰਤਾਂ ਲਾਗੂ ਕਰਨ ਆਦਿ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ।
ਇਸ ਮੌਕੇ ਆਲ ਪੰਜਾਬ ਬੇਰੁਜ਼ਗਾਰ ਟੈਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ, ਆਲ ਪੰਜਾਬ ਬੇਰੁਜ਼ਗਾਰ 873 ਡੀਪੀਈ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਹਰਦੀਪ ਸਿੰਘ, ਜੁਆਇੰਟ ਐਕਸ਼ਨ ਕਮੇਟੀ ਰਿਟਾਇਰਡ ਇੰਪਲਾਈਜ ਬੋਰਡ ਕਾਰਪੋਰੇਸ਼ਨ ਐਂਡ ਕੋਪਰੇਟਿਵ ਇੰਸਟੀਚਿਊਸ਼ਨਜ਼ ਦੇ ਗੁਰਦੀਪ ਸਿੰਘ, ਬੇਰੁਜ਼ਗਾਰ ਪੀ ਟੀ ਆਈ ਯੂਨੀਅਨ ਦੇ ਭੁਪਿੰਦਰ ਸਿੰਘ, ਡੀ ਟੀ ਐੱਫ ਦੇ ਕੇਵਲ ਸਿੰਘ ਪਠਾਨਕੋਟ, ਅਮਰੀਕ ਸਿੰਘ, ਅਤਿੰਦਰਪਾਲ ਘੱਗਾ, ਲਖਵਿੰਦਰ ਸਿੰਘ, ਮਨੋਹਰ ਲਾਲ ਨਵਾਂ ਸ਼ਹਿਰ, ਜਸਵੀਰ ਅਕਾਲਗੜ੍ਹ, ਗੁਰਪਿਆਰ ਕੋਟਲੀ, ਨਿਰਭੈ ਸਿੰਘ, ਸੁਨੀਲ ਫਾਜ਼ਿਲਕਾ ਅਤੇ ਜੈਮਲ ਸਿੰਘ ਕਪੂਰਥਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…