20 ਫਰਵਰੀ ਤੋਂ 8 ਮਾਰਚ ਤੱਕ ਲਗਾਏ ਜਾਣਗੇ ਦੂਜੇ ਰਾਜ ਪੱਧਰੀ ਰੁਜ਼ਗਾਰ ਮੇਲੇ: ਚਰਨਜੀਤ ਚੰਨੀ

ਪੰਜਾਬ ਭਰ ਵਿੱਚ 22 ਥਾਵਾਂ ’ਤੇ ਲਗਾਏ ਜਾਣਗੇ ਰੁਜ਼ਗਾਰ ਮੇਲੇ, ਮੁੱਖ ਮੰਤਰੀ ਵੰਡਣਗੇ ਨਿਯੁਕਤੀ ਪੱਤਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਜਨਵਰੀ:
ਪੰਜਾਬ ਸਰਕਾਰ ਵਲੋਂ ਘਰ ਘਰ ਨੌਕਰੀ ਦੀ ਲੜੀ ਨੂੰ ਅੱਗੇ ਤੋਰਦਿਆਂ ਇਸ ਸਾਲ ਵੀ ਸੂਬੇ ਭਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿਚ ਰੁਜ਼ਗਾਰ ਮੇਲੇ ਲਗਾਏ ਜਾਣਗੇ। ਅੱਜ ਇੱਥੇ ਰੋਜ਼ਗਾਰ ਮੇਲਿਆਂ ਦੀ ਰੂਪ-ਰੇਖਾ ਤਿਆਰ ਕਰਨ ਲਈ ਸੱਦੀ ਗਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਸ ਸਾਲ ਰੁਜ਼ਗਾਰ ਮੇਲੇ 20 ਫਰਵਰੀ ਤੋਂ 8 ਮਾਰਚ, 2018 ਤੱਕ ਲਗਾਏ ਜਾਣਗੇ। ਇਨ੍ਹਾਂ ਰੁਜ਼ਗਾਰ ਮੇਲਿਆਂ ਦਾ ਉਦਘਾਟਨ ਇੱਕੋ ਦਿਨ 20 ਫਰਵਰੀ ਨੂੰ ਚਾਰ ਵੱਖ ਵੱਖ ਥਾਵਾਂ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਵਲੋਂ ਕੀਤਾ ਜਾਵੇਗਾ। ਅੱਠ ਮਾਰਚ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਨੌਕਰੀਆਂ ਪਾਉਣ ਵਾਲੇ ਨੌਜਵਾਨਾਂ ਨੂੰ ਲੁਧਿਆਣਾ ਵਿਖੇ ਮੈਗਾ ਰੁਜ਼ਗਾਰ ਮੇਲੇ ਦੌਰਾਨ ਨਿਯੁਕਤੀ ਪੱਤਰ ਦਿੱਤੇ ਜਾਣਗੇ।
ਸ੍ਰੀ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ।ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਸਾਲ ਪੰਜਾਬ ਸਰਕਾਰ ਵੱਲੋਂ 2000 ਹਜ਼ਾਰ ਤੋਂ ਵੱਧ ਕੰਪਨੀਆਂ ਨੂੰ ਸੱਦਾ ਪੱਤਰ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਦੀਆਂ ਦੀਆਂ ਸਾਰੀਆਂ ਵੱਡੀਆ ਛੋਟੀਆਂ ਉਦਯੋਗਿਕ ਇਕਾਈਆਂ ਨੂੰ ਇੰਨਾਂ ਮੇਲਿਆਂ ਵਿਚ ਸ਼ਾਮਿਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਇੰਨਾਂ ਰੋਜਗਾਰ ਮੇਲਿਆਂ ਦਾ ਦਾਇਰਾ ਵੀ ਵਧਾਇਆ ਜਾ ਰਿਹਾ ਹੈ। ਇਸ ਸਾਲ ਇਨਾਂ ਮੇਲਿਆਂ ਵਿਚ ਤਕਨੀਕੀ ਸਿੱਖਿਆ ਵਿਭਾਗ ਤੋਂ ਇਲਾਵਾ ਰੋਜ਼ਗਾਰ ਜਨਰੇਸ਼ਨ, ੳੱਚੇਰੀ ਸਿੱਖਿਆ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਵੀ ਭਾਈਵਾਲ ਬਣਾਇਆ ਜਾ ਰਿਹਾ ਹੈ।
ਸ੍ਰੀ ਚੰਨੀ ਨੇ ਦੱਸਿਆ ਕਿ ਸਿਧਾਂਤਕ ਤੌਰ ’ਤੇ ਫੈਸਲਾ ਕੀਤਾ ਗਿਆ ਹੈ ਕਿ 20 ਫਰਵਰੀ ਨੂੰ ਬਠਿੰਡਾ ਵਿਖੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ, ਪਟਿਆਲਾ ਵਿਖੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਅੰਮ੍ਰਿਤਸਰ ਵਿਖੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੰੜੂਆਂ ਵਿਖੇ ਉਹ ਖੱੁਦ ਰਾਜ ਪੱਧਰੀ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨਗੇ। ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਰੋਜ਼ਗਾਰ ਮੇਲਿਆਂ ਲਈ ਆਨਲਾਈਨ ਰਜਿਸ਼ਟਰੇਸ਼ਨ ਕੀਤੀ ਜਾਵੇਗੀ।ਨੌਜ਼ਵਾਨ 1 ਫਰਵਰੀ ਤੋਂ ਵਿਭਾਗ ਦੇ ਪੋਰਟਲ ’ਤੇ ਆਨਲਾਈਨ ਰਜਿਸ਼ਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਇਸ ਸਾਲ ਵਿਭਾਗ ਦੇ ਆਨਲਾਈਨ ਪੋਰਟਲ ਵਿਚ ਕਾਫੀ ਬਦਲਾਅ ਕੀਤੇ ਗਏ ਹਨ ਅਤੇ ਨੌਜਵਾਨਾਂ ਦਾ ਸੰਪੂਰਨ ਡਾਟਾ ਇਸ ਪੋਰਟਲ ’ਤੇ ਉਪਲਬਧ ਹੋਵੇਗਾ। ਇਸ ਤੋਂ ਇਲਾਵਾ ਕਿਹੜੀਆਂ ਕੰਪਨੀਆਂ ਕਿਸ ਦਿਨ ਕਿਸ ਅਦਾਰੇ ਵਿਚ ਨੌਕਰੀ ਲਈ ਇੰਟਰਵਿਊ ਕਰਨ ਪਹੁੰਚ ਰਹੀਆਂ ਹਨ ਉਸ ਬਾਰੇ ਵੀ ਦੱਸਿਆ ਜਾਵੇਗਾ।
ਇਸ ਮੌਕੇ ਸਾਰੇ ਸਬੰਧਤ ਵਿਭਾਗਾਂ, ਸਰਕਾਰੀ ਅਤੇ ਨਿੱਜੀ ਅਦਾਰਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਰੁਜ਼ਗਾਰ ਮੇਲਿਆਂ ਲਈ ਇੱਕ ਨੋਡਲ ਅਫ਼ਸਰ ਨਿਯੁਕਤ ਕਰਨ। ਇਹ ਨੋਡਲ ਅਫਸਰ ਰੋਜ਼ਗਾਰ ਮੇਲਿਆਂ ਲਈ ਸਾਰੀ ਜਾਣਕਾਰੀ ਇੱਕ ਥਾਂ ਇੱਕਤਰ ਕਰਨ ਅਤੇ ਸਾਰੇ ਕੰਮ ਨੂੰ ਇੱਕ ਲੜੀ ਵਿਚ ਪ੍ਰੋਣ ਲਈ ਇੱਕ ਕੜੀ ਵਜੋਂ ਕੰਮ ਕਰਨਗੇ। ਅੱਜ ਹੋਈ ਮੀਟਿੰਗ ਵਿਚ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਐਮ.ਪੀ ਸਿੰਘ, ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਡਾਇਰੈਕਟਰ ਸ੍ਰੀਮਤੀ ਭਾਵਨਾ ਗਰਗ, ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਸ੍ਰੀ ਪ੍ਰਵੀਨ ਥਿੰਦ, ਡੀ.ਪੀ.ਆਈ ਕਾਲਜ ਸ. ਹਰਜੀਤ ਸਿੰਘ ਤੋਂ ਇਲਾਵਾ ਮੈਡੀਕਲ ਸਿੱਖਿਆ ਵਿਭਾਗ, ਨਿੱਜੀ ਯੂਨੀਵਰਸਿਟੀਆਂ ਅਤੇ ਸਰਕਾਰੀ ਪੌਲੀਟੈਕਨੀਕ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…