
ਬੜਮਾਜਰਾ ਵਿੱਚ ਨੈਸ਼ਨਲ ਡੀ ਵਾਰਮਿੰਗ ਡੇਅ ਮੌਕੇ ਰਾਜ ਪੱਧਰੀ ਸਮਾਗਮ
1 ਸਾਲ ਤੋਂ 19 ਸਾਲ ਤੱਕ ਦੇ 95 ਲੱਖ ਬੱਚਿਆਂ ਨੂੰ ਖੁਆਈਆਂ ਜਾਣਗੀਆਂ ਅਲਬੈਂਡਾਜੋਲ ਦੀਆਂ ਗੋਲੀਆਂ: ਵਿਨੀ ਮਹਾਜ਼ਨ
ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਸਮੇਤ ਸਕੂਲਾਂ ਤੋਂ ਬਹਾਰ ਦੇ ਬੱਚਿਆਂ ਨੂੰ ਕੀਤਾ ਜਾਵੇਗਾ ਕਵਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਉਣ ਲਈ ਪੂਰੇ ਪੰਜਾਬ ਰਾਜ ਵਿਚ ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ 01 ਸਾਲ ਤੋਂ 19 ਸਾਲ ਤੱਕ ਦੇ 95 ਲੱਖ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਖੁਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਬੜਮਾਜਰਾ ਦੇ ਆਂਗਣਵਾੜੀ ਸੈਂਟਰ ਵਿਖੇ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ (ਨੈਸ਼ਨਲ ਡੀ ਵਾਰਮਿੰਗ ਡੇ) ਮੌਕੇ ਕਰਵਾਏ ਰਾਜਪੱਧਰੀ ਸਮਾਗਮ ਦੌਰਾਨ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਖੁਵਾਉਣ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਕੀਤਾ।
ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਚ ਅਤੇ ਜਿਹੜੇ ਬੱਚੇ ਕਿਤੇ ਵੀ ਦਾਖ਼ਲ ਨਹੀਂ ਹਨ ਜਾਂ ਸਕੂਲ ਨਹੀਂ ਜਾਂਦੇ ਉਹਨ੍ਹਾਂ ਨੂੰ ਵੀ ਆਂਗਣਵਾੜੀ ਕੇਂਦਰਾਂ ਵਿਚ ਲਿਜਾਕੇ ਅਲਬੈਂਡਾਜ਼ੋਲ ਦੀ ਗੋਲੀ ਲਾਜ਼ਮੀ ਖੁਆਈ ਜਾਵੇਗੀ ਅਤੇ ਛੋਟੇ ਬੱਚਿਆਂ ਨੂੰ ਸਿਰਪ ਪਿਲਾਇਆ ਜਾਵੇਗਾ। ਉਨ੍ਹਾਂ ਪੱਤਰਕਾਰਾਂ ਵੱਲੋਂ ਦਵਾਈ ਦੇ ਸਾਇਡ ਇਫੈਕਟ ਬਾਰੇ ਪੁੱਛਣ ਤੇ ਦੱਸਿਆ ਕਿ ਦਵਾਈ ਬੱਚਿਆਂ ਅਤੇ ਵੱਡਿਆਂ ਲਈ ਸੁਰੱਖਿਅਤ ਹੈ ਫਿਰ ਵੀ ਗੋਲੀ ਖਾਣਾ ਖਾਣ ਤੋਂ ਬਾਅਦ ਚਬਾ ਕੇ ਪਾਣੀ ਨਾਲ ਖਵਾਉਣੀ ਯਕੀਨੀ ਬਣਾਈ ਜਾਵੇਗੀ। ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਜਿਹਨ੍ਹਾਂ ਬੱਚਿਆਂ ਦੇ ਪੇਟ ਵਿਚ ਕੀੜੇ ਹੁੰਦੇ ਹਨ, ਉਹਨਾਂ ਨੂੰ ਦਵਾਈ ਖਾਣ ਉਤੇ ਮਾਮੂਲੀ ਜੀਅ ਕੱਚਾ ਹੋਣਾ, ਢਿੱਡ ਵਿਚ ਹਲਕਾ ਦਰਦ, ਉਲਟੀ, ਦਸਤ ਅਤੇ ਥਕਾਵਟ ਮਹਿਸੂਸ ਹੋ ਸਕਦੀ ਹੈ। ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਅਲਬੈਂਡਾਜ਼ੋਲ ਦੀ ਗੋਲੀ ਖੁਵਾਉਣ ਨੂੰ ਯਕੀਨੀ ਬਣਾਉਣ।
ਇਸ ਮੌਕੇ ਐਮ.ਡੀ. ਪੰਜਾਬ ਸਿਹਤ ਸਿਸਟਮਜ਼ ਨਿਗਮ ਸ੍ਰੀ ਹੁਸਨ ਲਾਲ ਨੇ ਦੱਸਿਆ ਕਿ 15 ਫਰਵਰੀ ਨੂੰ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਵਜੋਂ ਮਨਾਇਆ ਗਿਆ। ਪੇਟ ਦੇ ਕੀੜੇ ਹੋਣ ਨਾਲ ਬੱਚਿਆਂ ਵਿਚ ਕੁਪੋਸ਼ਣ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਹਮੇਸ਼ਾਂ ਥਕਾਵਟ ਰਹਿੰਦੀ ਹੈ। ਪੇਟ ਦੇ ਕੀੜਿਆਂ ਕਾਰਨ ਸੰਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਵੀ ਰੁਕਾਵਟ ਆ ਸਕਦੀ ਹੈ। ਸ੍ਰੀ ਲਾਲ ਨੇ ਦੱਸਿਆ ਕਿ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਤੋਂ ਇਲਾਵਾ ਪੇਟ ਦੇ ਕੀੜੇ ਖਾਤਮਾ ਦਿਵਸ (ਮੌਪ-ਅੱਪ ਡੇ) 20 ਫਰਵਰੀ ਨੂੰ ਮਨਾਇਆ ਜਾਵੇਗਾ। ਜਿਹੜੇ ਬੱਚੇ ਅਲਬੈਂਡਾਜ਼ੋਲ ਦੀ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਨੂੰ ਦੁਬਾਰਾ ਮੋਪਅੱਪ ਰਾਊਂਡ ਚਲਾ ਕੇ 20 ਫਰਵਰੀ ਨੁੰ ਕਵਰ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਜਿਹੜੇ ਬੱਚੇ ਕਿਸੇ ਕਾਰਣ ਕਰਕੇ ਅਲਬੈਂਡਾਜ਼ੋਲ ਦੀ ਗੋਲੀ ਨਹੀਂ ਖਾ ਸਕੇ ਉਹ 20 ਫਰਵਰੀ ਨੂੰ ਅਲਬੈਂਡਾਜ਼ੋਲ ਦੀ ਗੋਲੀ ਖਾਣ ਨੂੰ ਯਕੀਨੀ ਬਣਾਉਣ ਤਾਂ ਜੋ ਪੇਟ ਦੇ ਕੀੜਿਆਂ ਨੂੰ ਖਤਮ ਕੀਤਾ ਜਾ ਸਕੇ।
ਇਸ ਮੌਕੇ ਪ੍ਰਿੰਸੀਪਲ ਸਕੱਤਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਸ੍ਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਅਤੇ ਜਰਾਸੀਮ ਖਾਤਮਾ (ਮੌਪ-ਅੱਪ) ਦਿਵਸ ਉਤੇ ਅਲਬੈਂਡਾਜ਼ੋਲ ਦੀ ਗੋਲੀ ਖਾਣ ਵਾਲੇ ਸਾਰੇ ਵਰਗ ਦੇ ਬੱਚਿਆਂ ਦਾ ਵੱਖ ਵੱਖ ਅੰਕੜਾ ਰਿਕਾਰਡ ਰੱਖਿਆ ਜਾਵੇਗਾ। ਉਹਨ੍ਹਾਂ ਇਹ ਵੀ ਦੱਸਿਆ ਕਿ ਪੇਟ ਦੇ ਕੀੜੇ ਮਾਰਨ ਦੀ ਦਵਾਈ ਖਾਣ ਦੇ ਨਾਲ ਨਾਲ ਇਹਨਾਂ ਕੀੜਿਆਂ ਦੀ ਰੋਕਥਾਮ ਲਈ ਸਿਹਤਮੰਦ ਆਦਤਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਾਫ ਪਾਣੀ ਪੀਣਾ, ਫਲਾਂ ਤੇ ਸਬਜ਼ੀਆਂ ਨੂੰ ਸਾਫ ਪਾਣੀ ਨਾਲ ਧੋਣਾ ਅਤੇ ਖੁਲ੍ਹੇ ਥਾਵਾਂ ਤੇ ਪਖਾਨਾ ਨਾ ਜਾਣ ਆਦਿ ਬਾਰੇ ਬੱਚਿਆਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮੌਕੇ 01 ਤੋ 19 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਅਲਬੈਂਡਜੋਲ ਦਵਾਈ ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਵਿਚ ਮੁਫਤ ਦਿੱਤੀ ਗਈ।
ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਐਚ.ਐਸ.ਵਾਲੀਆ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਧਰਮਪਾਲ, ਸਿਵਲ ਸਰਜਨ ਡਾ. ਜੈ ਸਿੰਘ, ਸਹਾਇਕ ਕਮਿਸ਼ਨਰ (ਜ) ਸ. ਜਸਬੀਰ ਸਿੰਘ, ਜਿਲਾ੍ਹ ਪ੍ਰੋਗਰਾਮ ਅਫਸਰ ਸ. ਸੁਖਦੀਪ ਸਿੰਘ, ਸੀਡੀਪੀਓ ਖਰੜ-2 ਸ੍ਰੀਮਤੀ ਅਰਵਿੰਦਰ ਕੌਰ, ਐਸ.ਐਮ.ਓ ਘੰੜੂਆਂ ਡਾ. ਕੁਲਜੀਤ ਕੌਰ, ਡੀ.ਆਈ.ਓ ਡਾ. ਵੀਨਾ ਜਰੇਵਾਲ, ਐਮ.ਈ.ਆਈ.ਓ ਗੁਰਦੀਪ ਕੌਰ, ਬੀ.ਸੀ.ਸੀ.ਐਫ ਸ. ਗੁਰਪ੍ਰਸਾਦ ਸਿੰਘ ਸਰਪੰਚ ਬੜਮਾਜਰਾ ਗੁਰਮੀਤ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।