
ਪੰਜਾਬ ਦੇ ਮਿੰਨੀ ਬੱਸ ਅਪ੍ਰੇਟਰਾਂ ਦੀ ਮੁਹਾਲੀ ਵਿੱਚ ਹੋਈ ਸੂਬਾ ਪੱਧਰੀ ਹੰਗਾਮੀ ਮੀਟਿੰਗ
ਮਿੰਨੀ ਬੱਸਾਂ ਦੇ ਕਾਰੋਬਾਰ ਨੂੰ ਬਚਾਉਣ ਲਈ ਪਾਏਦਾਰ ਤੇ ਠੋਸ ਕਦਮ ਚੁੱਕੇ ਟਰਾਂਸਪੋਰਟ ਵਿਭਾਗ: ਐਸੋਸੀਏਸ਼ਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਹੁਣ ਤੱਕ ਦੀਆਂ ਵੱਖ ਵੱਖ ਸਰਕਾਰਾਂ ਵੱਲੋਂ ਬਣਾਈਆਂ ਗਈਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਭਰ ਦੇ ਲੱਖਾਂ ਲੋਕ ਬੇਰੁਜ਼ਗਾਰ ਹੋਣ ਕਿਨਾਰੇ ਪਹੁੰਚ ਗਏ ਹਨ। ਇਸ ਸਬੰਧੀ ਮਿੰਨੀ ਬੱਸ ਅਪ੍ਰੇਟਰਜ਼ ਐਸੋਸੀਏਸ਼ਨ ਪੰਜਾਬ ਨੇ ਟਰਾਂਸਪੋਰਟ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਨੂੰ ਅਪੀਲ ਕੀਤੀ ਗਈ ਕਿ ਮਿੰਨੀ ਬੱਸ ਅਪ੍ਰੇਟਰਾਂ ’ਤੇ ਡਿੱਗ ਰਹੀ ਇਸ ਗਾਜ਼ ਦੀ ਮਾਰ ਤੋਂ ਉਨ੍ਹਾਂ ਨੂੰ ਬਚਾਉਣ ਲਈ ਤੁਰੰਤ ਕੋਈ ਠੋਸ ਤੇ ਪਾਏਦਾਰ ਨੀਤੀ ਬਣਾਈ ਜਾਵੇ। ਅੱਜ ਇੱਥੇ ਪੰਜਾਬ ਦੇ ਮਿੰਨੀ ਬੱਸ ਅਪ੍ਰੇਟਰਾਂ ਦੀ ਹੋਈ ਰਾਜ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਗਰੇਵਾਲ, ਚੇਅਰਮੈਨ ਬਲਵਿੰਦਰ ਸਿੰਘ ਬਹਿਲਾ ਅਤੇ ਜਨਰਲ ਸਕੱਤਰ ਤਰਲੋਕ ਸਿੰਘ ਬਟਾਲਾ ਨੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸਾਲ 1980 ਤੋਂ ਲੈ ਕੇ ਹੁਣ ਤੱਕ ਦੀਆਂ ਸਰਕਾਰਾਂ ਨੇ ਜਿੰਨੀਆਂ ਵੀ ਮਿੰਨੀ ਬੱਸਾਂ ਸਬੰਧੀ ਨੀਤੀਆਂ ਬਣਾਈਆਂ ਹਨ, ਉਨ੍ਹਾਂ ਵਿੱਚ ਤਕਨੀਕੀ ਖਾਮੀਆਂ ਕਾਰਨ ਉਹ ਅਸਫਲ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਤਾਜ਼ਾ ਫੈਸਲੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਿੰਨੀ ਬੱਸਾਂ ਦੇ ਕਰੀਬ 7 ਹਜ਼ਾਰ ਪਰਮਿਟ ਰੱਦ ਕਰ ਦਿੱਤੇ ਹਨ, ਜਿਸ ਨਾਲ ਜਿਥੇ ਇਸ ਕਾਰੋਬਾਰ ਨਾਲ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੁੜੇ 2 ਲੱਖ ਦੇ ਕਰੀਬ ਲੋਕ ਬੇਰੁਜ਼ਗਾਰ ਹੋਣਗੇ, ਉਥੇ ਹੀ ਇਨ੍ਹਾਂ ਬੱਸਾਂ ਰਾਹੀਂ ਰੋਜ਼ਾਨਾ ਸਫਰ ਕਰਨ ਵਾਲੇ 20 ਲੱਖ ਦੇ ਕਰੀਬ ਮੁਸਾਫਿਰ ਵੀ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਸਾਲ 1980 ਤੋਂ ਹੀ ਵੱਖ-ਵੱਖ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਸਕੀਮਾਂ ਤਹਿਤ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ, ਧਰਮੀ ਫੌਜੀਆਂ, ਦੰਗਾ ਪੀੜ੍ਹਤਾਂ, ਅੱਤਵਾਦ ਪੀੜ੍ਹਤਾਂ ਸਮੇਤ ਹੋਰ ਕਈ ਵਰਗਾਂ ਨੂੰ ਪਰਮਿਟ ਦਿੱਤੇ ਗਏ ਹਨ। ਟਰਾਂਸਪੋਰਟ ਵਿਭਾਗ ਵੱਲੋਂ ਸਾਰੀਆਂ ਸ਼ਰਤਾਂ ਪੂਰੀਆਂ ਕਰਵਾਉਣ ਉਪਰੰਤ ਹੀ ਪਰਮਿਟ ਸਬੰਧਿਤ ਵਿਅਕਤੀਆਂ ਨੂੰ ਸੌਂਪੇ ਗਏ ਹਨ। ਇਨ੍ਹਾਂ ’ਚੋਂ ਬਹੁਤ ਸਾਰੇ ਪਰਮਿਟਧਾਰੀਆਂ ਵੱਲੋਂ ਲੱਖਾਂ ਰੁ: ਦੇ ਕਰਜੇ ਲੈ ਕੇ ਮਿੰਨੀ ਬੱਸਾਂ ਖਰੀਦਕੇ ਚਲਾਈਆਂ ਜਾ ਰਹੀਆਂ ਹਨ, ਜਿਸਦੇ ਟੈਕਸ ਦੇ ਰੂਪ ’ਚ ਸਰਕਾਰੀ ਖਜਾਨੇ ਨੂੰ ਵੀ ਅਰਬਾਂ ਰੁਪਏ ਦੀ ਆਮਦਨ ਹੋਈ ਹੈ, ਪਰ ਹੁਣ ਮਾਨਯੋਗ ਅਦਾਲਤ ਵੱਲੋਂ ਜਾਰੀ ਹੁਕਮਾਂ ਤਹਿਤ ਬਿਨਾਂ ਕਸੂਰ ਹੀ ਇਨ੍ਹਾਂ ਪਰਮਿਟ ਧਾਰੀਆਂ ਨੂੰ ਸਜ਼ਾ ਭੁਗਤਣ ਲਈ ਤਿਆਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਗੁਰਪ੍ਰਤਾਪ ਸਿੰਘ ਕਾਦੀਆਂ, ਸੁਰਿੰਦਰ ਸਿੰਘ ਗੁਰਾਇਆ, ਗੁਰਵਿੰਦਰਜੀਤ ਸਿੰਘ ਬਿੱਲੂ, ਬਲਦੇਵ ਸਿੰਘ ਅੰਮ੍ਰਿਤਸਰ, ਜਰਨੈਲ ਸਿੰਘ ਗੜ੍ਹਦੀਵਾਲਾ, ਜੱਗਾ ਸਿੰਘ ਮੋਗਾ, ਕੁਲਦੀਪ ਸਿੰਘ ਦੀਪਾ ਨਵਾਂਸ਼ਹਿਰ, ਬਲਜੀਤ ਸਿੰਘ ਤਰਨਤਾਰਨ, ਸੁਖਵਿੰਦਰ ਸਿੰਘ ਸੁੱਖੀ, ਜਗਦੀਸ਼ ਸਿੰਘ, ਭੁਪਿੰਦਰ ਸਿੰਘ ਵਾਲੀਆ, ਜਰਨੈਲ ਸਿੰਘ ਲੁਧਿਆਣਾ, ਨੀਟਾ ਧੂਰੀ, ਦਲਜਿੰਦਰ ਸਿੰਘ ਫਰੀਦਕੋਟ, ਰਣਵੀਰ ਸਿੰਘ, ਕੁਲਵੰਤ ਸਿੰਘ ਕਪੂਰਥਲਾ, ਦਲਜੀਤ ਸਿੰਘ ਗੁਰਦਾਸਪੁਰ, ਲੱਛਮਣ ਸਿੰਘ ਹੁਸ਼ਿਆਰਪੁਰ, ਜਤਿੰਦਰ ਮਾਨਸਾ, ਗੋਰਾ ਮਾਨਸਾ, ਤੀਰਥ ਸਿੰਘ ਬਠਿੰਡਾ, ਸੁਰਜੀਤ ਸਿੰਘ ਨਵਾਂਸ਼ਹਿਰ, ਤੋਤਾ ਸਿੰਘ ਬਰਨਾਲਾ, ਹਰਬੰਸ ਸਿੰਘ ਮੋਗਾ ਸਮੇਤ ਸਮੂਹ ਜ਼ਿਲ੍ਹਿਆਂ ਦੇ ਅਹੁਦੇਦਾਰ ਹਾਜ਼ਰ ਸਨ।