
ਏਡਿਡ ਕਾਲਜਾਂ ਦੇ ਅਧਿਆਪਕਾਂ ਵੱਲੋਂ ਮੰਗਾਂ ਸਬੰਧੀ ਡੀਪੀਆਈ ਦਫ਼ਤਰ ਬਾਹਰ ਸੂਬਾ ਪੱਧਰੀ ਰੋਸ ਮੁਜ਼ਾਹਰਾ
7ਵਾਂ ਪੇਅ ਸਕੇਲ ਲਾਗੂ ਕਰਨ ਵਿੱਚ ਫੇਲ ਰਹੀ ‘ਆਪ’ ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਅਧਿਆਪਕਾਂ ਨੇ ਡੀਪੀਆਈ ਦਫ਼ਤਰ ਘੇਰਿਆ
ਹੱਕੀ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ
ਨਬਜ਼-ਏ-ਪੰਜਾਬ, ਮੁਹਾਲੀ, 31 ਜਨਵਰੀ:
ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀਸੀਸੀਟੀਯੂ) ਦੇ ਬੈਨਰ ਹੇਠ ਪੰਜਾਬ ਦੇ 136 ਏਡਿਡ ਕਾਲਜ ਅਧਿਆਪਕਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਮੁਹਾਲੀ ਵਿਖੇ ਡੀਪੀਆਈ ਦਫ਼ਤਰ ਦੇ ਬਾਹਰ ਸੂਬਾ ਪੱਧਰੀ ਰੋਸ ਧਰਨਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਉਹ ਪਿਛਲੇ 9 ਸਾਲ ਤੋਂ 7ਵਾਂ ਪੇਅ ਸਕੇਲ ਲਾਗੂ ਹੋਣ ਦੀ ਉਡੀਕ ਕਰ ਰਹੇ ਹਨ ਪ੍ਰੰਤੂ ‘ਆਪ’ ਸਰਕਾਰ ਦੇ ਝੂਠੇ ਲਾਰਿਆਂ ਤੋਂ ਤੰਗ ਆ ਕੇ ਅੱਜ ਏਡਿਡ ਕਾਲਜ ਅਧਿਆਪਕਾਂ ਨੂੰ ਡੀਪੀਆਈ ਦਫ਼ਤਰ ਦੀ ਘੇਰਾਬੰਦੀ ਕਰਨ ਲਈ ਮਜਬੂਰ ਹੋਣਾ ਪਿਆ।
ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਸੀਮਾ ਜੇਤਲੀ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸੂਬੇ ਦੇ ਲੱਖਾਂ ਵਿਦਿਆਰਥੀਆਂ ਨੂੰ ਬੌਧਿਕ ਅਗਵਾਈ ਪ੍ਰਦਾਨ ਕਰ ਰਹੇ ਅਧਿਆਪਕਾਂ ਦਾ ਘੋਰ ਅਪਮਾਨ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ 7ਵਾਂ ਪੇਅ ਸਕੇਲ ਅਮਲੀ ਰੂਪ ਵਿੱਚ ਲਾਗੂ ਕਰਨ ਅਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੂਰੀ ਤਰ੍ਹਾਂ ਦਫ਼ਤਰੀ ਬਾਬੂਆਂ ਅਧੀਨ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਡੀਪੀਆਈ ਦਫ਼ਤਰ ਦੀ ਕਾਰਗੁਜ਼ਾਰੀ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਨੇ ਉਚੇਰੀ ਸਿੱਖਿਆ ਨੂੰ ਨਿਘਾਰ ਤੱਕ ਪਹੁੰਚਾ ਦਿੱਤਾ ਹੈ।
ਕੌਮੀ ਮੀਤ ਪ੍ਰਧਾਨ ਡਾ. ਵਿਨੈ ਸੋਫ਼ਤ ਅਤੇ ਸੂਬਾ ਸਕੱਤਰ ਡਾ. ਗੁਰਦਾਸ ਸਿੰਘ ਸੇਖੋਂ ਨੇ ਰਾਜ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ’ਤੇ ਪਿਛਲੀ ਦਿਨੀਂ ਪੈਨਲ ਮੀਟਿੰਗ ਦੌਰਾਨ ਕੀਤੇ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਏਡਿਡ ਕਾਲਜ ਅਧਿਆਪਕਾਂ ਦੀਆਂ ਹੱਕੀ ਮੰਗਾਂ ਜਿਵੇਂ 7ਵਾਂ ਪੇਅ ਸਕੇਲ ਅਮਲੀ ਰੂਪ ਵਿੱਚ ਲਾਗੂ ਕਰਨ, ਬਕਾਇਆ ਏਰੀਅਰ ਕਲੀਅਰ ਕਰਨ, ਏਡਿਡ ਕਾਲਜਾਂ ਵਿੱਚ ਖਾਲੀ ਅਸਾਮੀਆਂ ਭਰਨ, ਗਰਾਂਟ ਨੂੰ ਰੈਗੂਲਰ ਕਰਨ, ਸਾਰੇ ਅਧਿਆਪਕਾਂ ਲਈ 95 ਫੀਸਦੀ ਗਰਾਂਟ ਬਹਾਲ ਕਰਨ, ਅਧਿਆਪਕਾਂ ਨੂੰ ਰੈਗੂਲਰ ਕਰਨ, ਏਡਿਡ ਕਾਲਜਾਂ ਵਿੱਚ ਰੈਗੂਲਰ ਪ੍ਰਿੰਸੀਪਲਾਂ ਦੀ ਭਰਤੀ ਕਰਵਾਉਣ, ਗਰਾਂਟ ਦੀ ਵਰਤੋਂ ਦੇ ਬੋਗਸ ਯੂਟੀਲਾਈਜੇਸ਼ਨ ਸਰਟੀਫਿਕੇਟ ਲੈਣ ਦੀ ਨੀਤੀ ਵਿੱਚ ਸੁਧਾਰ, ਸਾਲ 2009 ਵਿੱਚ ਛੇਵੇਂ ਪੇਅ ਕਮਿਸ਼ਨ ਦੀ ਤਰਜ਼ ’ਤੇ ਹੁਣ ਏਡਿਡ ਕਾਲਜਾਂ ਦੀ ਗਰਾਂਟ ਵਧਾ ਕੇ ਜਾਰੀ ਕੀਤਾ ਜਾਵੇ ਤਾਂ ਸਾਡੀ ਜਥੇਬੰਦੀ ਵੱਲੋਂ ਆਪਣਾ ਸੰਘਰਸ਼ ਹੋਰ ਤਿੱਖਾ ਕਰਦਿਆਂ ਇਸ ਨੂੰ ਦਿੱਲੀ ਦੀਆਂ ਚੋਣਾਂ ਤੱਕ ਵੀ ਲੈ ਕੇ ਜਾਇਆ ਜਾਵੇਗਾ।