Share on Facebook Share on Twitter Share on Google+ Share on Pinterest Share on Linkedin ਪੰਜਾਬ ਭਰ ਦੇ ਪੈਨਸ਼ਨਰਾਂ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਮੁਹਾਲੀ ਵਿੱਚ ਸੂਬਾ ਪੱਧਰੀ ਲਲਕਾਰ ਰੈਲੀ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਸਰਕਾਰ ਦੀ ਅਰਥੀ ਸੜੀ, ਚੱਕਾ ਜਾਮ ਕਰਕੇ ਲਾਇਆ ਧਰਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ: ਪੰਜਾਬ ਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਬੁੱਧਵਾਰ ਨੂੰ ਚੰਡੀਗੜ੍ਹ ਅਤੇ ਪੰਜਾਬ ਭਰ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਕੈਪਟਨ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖ਼ਿਲਾਫ਼ ਮੁਹਾਲੀ ਵਿੱਚ ਸੂਬਾ ਪੱਧਰੀ ਲਲਕਾਰ ਰੈਲੀ ਕੀਤੀ ਅਤੇ ਸਰਕਾਰ ਦੀ ਅਰਥੀ ਸੜ ਕੇ ਹੁਕਮਰਾਨਾਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੱਜ ਕੇ ਕੋਸਿਆ। ਵੱਖ ਵੱਖ ਬੁਲਾਰਿਆਂ ਨੇ ਮੁੱਖ ਮੰਤਰੀ ’ਤੇ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਚੋਣ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਾਇਆ। ਜਾਣਕਾਰੀ ਅਨੁਸਾਰ ਪੰਜਾਬ ਭਰ ’ਚੋਂ ਪੈਨਸ਼ਨਰਜ ਅਤੇ ਹੋਰ ਮੁਲਾਜ਼ਮ ਆਪਣੇ ਹੱਥਾਂ ਵਿੱਚ ਲਾਲ ਝੰਡੇ ਫੜ ਕੇ ਮੁਹਾਲੀ ਦੇ ਦੁਸਹਿਰਾ ਗਰਾਉਂਡ ਵਿੱਚ ਸਵੇਰੇ 11 ਵਜੇ ਹੀ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੁਪਹਿਰ ਤੱਕ ਮੁਲਾਜ਼ਮਾਂ ਦੀ ਵੱਡੀ ਭੀੜ੍ਹ ਜਮ੍ਹਾ ਹੋ ਗਈ। ਜਦੋਂਕਿ ਨਾਲ ਲਗਦੇ ਗਰਾਉਂਡ ਵਿੱਚ ਪੰਜਾਬ ਰਾਜ ਪੈਨਸ਼ਨਰ ਸੰਯੁਕਤ ਫਰੰਟ ਦੇ ਬੈਨਰ ਹੇਠ ਹੱਥਾਂ ਵਿੱਚ ਖੁੰਡੀਆਂ ਫੜ ਕੇ ਵੱਡੀ ਗਿਣਤੀ ਬਜ਼ੁਰਗ ਇਕੱਠੇ ਹੋਏ। ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੇ ਆਪਣੀਆਂ ਲਮਕ ਰਹੀਆਂ ਮੰਗਾਂ ’ਤੇ ਚਰਚਾ ਕਰਦਿਆਂ ਵੱਖੋ ਵੱਖਰੇ ਤੌਰ ’ਤੇ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ ਲੇਕਿਨ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਯੂਟੀ ਪੁਲੀਸ ਨੇ ਬੈਰੀਕੇਟ ਲਗਾ ਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਡੱਕ ਲਿਆ। ਜਿਸ ਕਾਰਨ ਪੈਨਸ਼ਨਰਾਂ ਦੀ ਪੁਲੀਸ ਨਾਲ ਬਹਿਸ ਵੀ ਹੋਈ। ਰੋਸ ਵਜੋਂ ਮੁਜ਼ਾਹਰਾਕਾਰੀ ਚੱਕਾ ਜਾਮ ਕਰਕੇ ਸੜਕ ’ਤੇ ਧਰਨਾ ਲਗਾ ਕੇ ਬੈਠ ਗਏ ਅਤੇ ਸਰਕਾਰ ਦੀ ਅਰਥੀ ਸਾੜਦਿਆਂ ਪਿੱਟ ਸਿਆਪਾ ਕੀਤਾ। ਪੈਨਸ਼ਨਰਾਂ ਦੇ ਧਰਨੇ ਨੂੰ ਸੂਬਾ ਕਨਵੀਨਰ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ, ਠਾਕੁਰ ਸਿੰਘ, ਕੇਵਲ ਸਿੰਘ, ਮੋਹਨ ਸਿੰਘ, ਐਨ.ਕੇ. ਕਲਸੀ, ਮੋਹਨ ਸਿੰਘ, ਕਰਮ ਸਿੰਘ ਧਨੋਆ, ਜਸਮੇਰ ਸਿੰਘ ਬਾਠ ਅਤੇ ਜਗਦੀਸ਼ ਸਿੰਘ ਸਰਾਓ ਨੇ ਸੰਬੋਧਨ ਕੀਤਾ ਅਤੇ ਸਰਕਾਰ ਨੂੰ ਹਫ਼ਤੇ ਭਰ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ 18 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਸੰਘਰਸ਼ ਦੇ ਅਗਲੇ ਪੜਾਅ ਵਿੱਚ ਮੰਤਰੀਆਂ ਦਾ ਪੰਜਾਬ ਭਰ ਵਿੱਚ ਘਿਰਾਓ ਕੀਤਾ ਜਾਵੇ। ਰਣਬੀਰ ਸਿੰਘ ਢਿੱਲੋਂ, ਸਤੀਸ਼ ਰਾਣਾ, ਜਰਮਨਜੀਤ ਸਿੰਘ, ਰਵਿੰਦਰ ਲੂਥਰਾ, ਕੁਲਬੀਰ ਸਿੰਘ ਸੈਦਖੇੜੀ, ਅਮਰੀਕ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ ਲੇਕਿਨ ਹੁਣ ਮੁੱਖ ਮੰਤਰੀ ਨੇ ਚੋਣ ਵਾਅਦਿਆਂ ਤੋਂ ਮੂੰਹ ਫੇਰ ਲਿਆ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਥਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਮੁਲਾਜ਼ਮ ਆਗੂ ਦਰਸ਼ਨ ਲੁਬਾਣਾ, ਹਰਭਜਨ ਸਿੰਘ ਪਿਲਖਣੀ, ਕੁਲਦੀਪ ਸਿੰਘ ਖੰਨਾ, ਕਰਮਚੰਦ ਭਾਰਦਵਾਜ, ਫੁਲਜੀਤ ਸਿੰਘ, ਰਣਜੀਤ ਸਿੰਘ ਰਾਣਵਾਂ, ਅਸ਼ੀਸ਼ ਜੁਲਾਹਾ, ਤੀਰਥ ਸਿੰਘ ਬਾਸੀ, ਗਿਆਨ ਸਿੰਘ ਘਨੌਲੀ, ਕੁਲਬੀਰ ਸਿੰਘ ਮੋਗਾ, ਜਸਵਿੰਦਰ ਸਿੰਘ ਝਬੇਲਵਾਲੀ, ਵਰਿੰਦਰ ਸਿੰਘ ਮਨਰੇਗਾ ਅਤੇ ਗੁਰਜੀਤ ਸਿੰਘ ਜਗਪਾਲ ਨੇ ਵੀ ਸੰਬੋਧਨ ਕੀਤਾ। ਅਧਿਆਪਕ ਆਗੂ ਬਲਕਾਰ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਚਾਹਲ, ਦਵਿੰਦਰ ਸਿੰਘ ਪੂਨੀਆ ਅਤੇ ਹਰਜੀਤ ਸਿੰਘ ਬਸੋਤਾ ਨੇ ਅਧਿਆਪਕਾਂ ’ਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਤਨਖ਼ਾਹ ਵਿੱਚ ਕਟੌਤੀ ਕੀਤੇ ਬਿਨਾਂ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੁਲਾਜ਼ਮ ਵਰਗ ਲੋਕ ਸਭਾ ਚੋਣਾਂ ਵਿੱਚ ਹੁਕਮਰਾਨਾਂ ਨੂੰ ਸਬਕ ਸਿਖਾਉਣ ਲਈ ਭੰਡੀ ਪ੍ਰਚਾਰ ਸ਼ੁਰੂ ਕਰੇਗਾ। ਉਨ੍ਹਾਂ ਐਲਾਨ ਕੀਤਾ ਕਿ 20 ਫਰਵਰੀ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ। (ਬਾਕਸ ਆਈਟਮ) ਉਧਰ, ਮੁੱਖ ਮੰਤਰੀ ਦੇ ਓਐਸਡੀ ਅੰਕਿਤ ਬਾਂਸਲ ਨੇ ਧਰਨੇ ਵਿੱਚ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਹਾਸਲ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾ ਕੇ ਉਨ੍ਹਾਂ ਦਾ ਸਥਾਈ ਹੱਲ ਕਰਨ ਲਈ ਯੋਗ ਪੈਰਵੀ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ