Nabaz-e-punjab.com

ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਖਾਧ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਬਣਾਉਣ ਲਈ ਰਾਜ ਪੱਧਰੀ ਸੈਮੀਨਾਰ

ਟਰਾਂਸਫੈਟ ਦੇ ਕਾਰਨਾਂ ਵਿਸ਼ਵ ਭਰ ਵਿੱਚ ਹਰੇਕ 5 ਲੱਖ ਲੋਕਾਂ ਦੀ ਹੁੰਦੀ ਹੈ ਮੌਤ: ਡਾ. ਵਨੀਤਾ ਗੁਪਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਨਵੰਬਰ:
ਜਨਰੇਸ਼ਨ ਸੇਵੀਅਰ ਐਸੋਸੀਏਸ਼ਨ (ਜੀਅਸਏ) ਅਤੇ ਗਲੋਬਲ ਹੈਲਥ ਐਡਵੋਕੇਸੀ ਇਕਿਊਬੇਟਰ ਵੱਲੋਂ ਖਾਧ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਬਣਾਉਣ ਅਤੇ ਇਸ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕਰਨ ਲਈ ਸੁਸਾਇਟੀ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਖਾਧ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਬਣਾਉਣ ਲਈ ਆਪਣਾ ਸਹਿਯੋਗ\ਯੋਗਦਾਨ ਦੇਣ ਦੀ ਹਾਮੀ ਭਰਨ ਦਾ ਪ੍ਰਣ ਲਿਆ। ਇਸ ਮੌਕੇ ਆਮ ਲੋਕਾਂ ਵਿੱਚ ਟਰਾਂਸਫੈਟ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਤਾਬਚਾ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਗਲੋਬਲ ਹੈਲਥ ਐਡਵੋਕੇਸੀ ਇਕਿਊਬੇਟਰ ਦੀ ਡਾਇਰੈਕਟਰ ਅਤੇ ਦਿਲ ਦੇ ਰੋਗਾਂ ਦੀ ਮਾਹਰ ਡਾ. ਵਨੀਤਾ ਗੁਪਤਾ ਨੇ ਕਿਹਾ ਕਿ ਉਦਯੋਗਿਕ ਤੌਰ ’ਤੇ ਪੈਦਾ ਹੋਣ ਵਾਲੇ ਟਰਾਂਸਫੈਟ ਨੂੰ ਸਾਡੀ ਭੋਜਨ ਤੋਂ ਬਾਹਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਕਾਰਨ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅਤੇ ਹਰੇਕ ਸਾਲ ਵਿਸ਼ਵ ਭਰ ਵਿੱਚ 5 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਇੰਸ ਨੇ ਏਨੀ ਤਰੱਕੀ ਕਰ ਲਈ ਹੈ ਕਿ ਜਿਸ ਦੇ ਚੱਲਦਿਆਂ ਅੱਜ ਮਾਰਕੀਟ ਵਿੱਚ ਤੇਲ ਦੀਆਂ ਵੱਖ ਵੱਖ ਕਿਸਮਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਬਨਸਪਤੀ ਤੇਲ ਵਿੱਚ ਟਰਾਂਸਫੈਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਮਨੁੱਖੀ ਸਿਹਤ ਲਈ ਬਹੁਤ ਘਾਤਕ ਹੈ। ਲੋਕਾਂ ਵਿੱਚ ਜਾਗਰੂਕਤਾ ਨਾ ਹੋਣ ਕਾਰਨ ਬਨਸਪਤੀ ਤੇਲਾਂ ਦੀ ਵਰਤੋਂ ਵੱਧ ਹੁੰਦੀ ਹੈ ਕਿਉਂਕਿ ਹੋਰਨਾਂ ਤੇਲਾਂ ਦੇ ਮੁਕਾਬਲੇ ਇਸ ਦੀ ਕੀਮਤ ਘੱਟ ਹੈ।
ਪੀਜੀਆਈ ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋਫੈਸਰ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਰਸ਼ਕਾਂ ਵਿੱਚ ਦੇਸ਼ ਵਿੱਚ ਪਾਰਸ਼ਲੀ ਹਾਈਡ੍ਰੋਜ਼ਨੇਸ਼ਨ ਨਾਲ ਤਿਆਰ ਹੋਣ ਵਾਲੇ ਖਾਦ ਪਦਾਰਥ\ਤੇਲਾਂ ਦੀ ਖਪਤ ਕਾਫੀ ਜ਼ਿਆਦਾ ਵਧ ਗਈ ਹੈ। ਜਿਸ ਦਾ ਮੁੱਖ ਕਾਰਨ ਅਜਿਹੇ ਖਾਦ ਪਦਾਰਥਾਂ ਦਾ ਸਸਤਾ ਹੋਣਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਪੂਰੇ ਦਿਨ ਦੀ ਡਾਈਟ ਲਈ ਸਾਨੂੰ ਦੋ ਗਾਮ ਤੋਂ ਵੀ ਘੱਟ ਟਰਾਂਸਫੈਟ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਅਸਲ ਵਿੱਚ ਇਸ ਤੋਂ ਵਧੇਰੇ ਮਾਤਰਾ ਵਿੱਚ ਟਰਾਂਸਫੈਟ ਲੈ ਰਹੇ ਹਾਂ। ਜਿਸ ਦੇ ਕਾਰਨ ਕਈ ਬਿਮਾਰੀਆਂ ਜਿਵੇਂ ਕਿ ਡਾਇਬੀਟਜ਼, ਕੈਂਸਰ, ਅਲਜਾਈਮਰ, ਪੱਥਰੀ, ਹਾਈ ਬਲੱਡ ਪ੍ਰੈੱਸ਼ਰ, ਦਿਲ ਦੇ ਰੋਗ, ਇਨਰਫਟੀਲਿਟੀ ਆਦਿ ਦਾ ਸ਼ਿਕਾਰ ਹੋ ਰਹੇ ਹਨ।
ਇਸ ਮੌਕੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਤੇ ਕੌਂਸਲਰ ਉਪਿੰਦਰਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਖਾਦ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਬਣਾਉਣ ਲਈ ਵੱਖ ਵੱਖ ਵਿਭਾਗਾਂ ਨੂੰ ਸਾਂਝੇ ਤੌਰ ’ਤੇ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਸਿਰਫ਼ ਸਿਹਤ ਵਿਭਾਗ ’ਤੇ ਹੀ ਇਸ ਸਮੱਸਿਆ ਦੇ ਹੱਲ ਦੀ ਜ਼ਿੰਮੇਵਾਰੀ ਨਹੀਂ ਸੁੱਟੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਟਰਾਂਸਫੈਟ ਦੇ ਖ਼ਿਲਾਫ਼ ਜਾਗਰੂਕ ਹੋਣਾ ਪਵੇਗਾ ਤਾਂ ਕਿ ਉਨ੍ਹਾਂ ਨੂੰ ਪਤਾ ਚੱਲ ਸਕੇ ਕਿ ਜਿਨ੍ਹਾਂ ਖਾਦ ਪਦਾਰਥਾਂ ਦਾ ਉਹ ਪ੍ਰਯੋਗ ਕਰਦੇ ਹਨ, ਉਹ ਉਨ੍ਹਾਂ ਦੀ ਸਿਹਤ ਲਈ ਕਿੰਨੇ ਨੁਕਸਾਨ ਦਾਇਕ ਅਤੇ ਲਾਭਕਾਰੀ ਹਨ।
ਪ੍ਰਿੰਸੀਪਲ ਕੰਸਲਟੈਂਟ ਇੰਡੀਆ ਤੇ ਦਿਲ ਦੇ ਰੋਗਾਂ ਦੇ ਮਾਹਰ ਡਾ. ਓਮ ਪ੍ਰਕਾਸ਼ ਬੀਰਾ ਦੱਸਿਆ ਕਿ ਐਫ਼.ਐਸ.ਐਸ.ਏ.ਆਈ ਦੁਆਰਾ 1 ਜਨਵਰੀ 2022 ਤੱਕ ਸਾਰੇ ਪ੍ਰਕਾਰ ਦੇ ਖਾਦ ਪਦਾਰਥਾਂ\ਤੇਲਾਂ ਵਿੱਚ ਟਰਾਂਸਫੈਟ ਦੀ ਮਾਤਰਾ 2 ਪ੍ਰਤੀਸ਼ਤ ਕਰਨ ਦਾ ਰੈਗੂਲੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਘਟਾਇਆ ਜਾ ਸਕੇਗਾ।
ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਰਣਜੀਤ ਸਿੰਘ ਨੇ ਦੱਸਿਆ ਕਿ ਐਫ਼.ਐਸ.ਐਸ. ਐਕਟ ਦੇ ਤਹਿਤ ਹਰ ਇਕ ਖਾਦ ਪਦਾਰਥ ਦੇ ਪੈਕਟ ਵਿੱਚ ਟਰਾਂਸਫੈਟ (ਜੇਕਰ ਉਸ ਵਿੱਚ ਟਰਾਂਸਫੈਟ ਯੁਕਤ ਸਮੱਗਰੀ ਦਾ ਪ੍ਰਯੋਗ ਕੀਤਾ ਗਿਆ ਹੋਵੇ) ਦੀ ਮਾਤਰਾ ਦੇ ਬਾਰੇ ਦੱਸਣਾ ਬੇਹੱਦ ਜ਼ਰੂਰੀ ਹੈ ਅਤੇ ਇਹ ਮਾਤਰਾ ਫਿਲਹਾਲ 5 ਪ੍ਰਤੀਸ਼ਤ (ਵਜ਼ਨ ਦੇ ਅਨੁਪਾਤ ਵਿੱਚ) ਤੋਂ ਵੱਧ ਨਹੀਂ ਹੋ ਸਕਦੀ ਹੈ। ਇਸ ਪ੍ਰਕਾਰ ਦੇ ਪੈਕਟ ਵਿੱਚ ਇਕ ਲਾਲ ਰੰਗ ਦਾ ਮਾਰਕ ਛਪਿਆ ਹੋਣਾ ਵੀ ਜ਼ਰੂਰੀ ਹੈ। ਇਸ ਦੀ ਉਲੰਘਣਾ ਕਰਨਾ ਜਾਂ ਸਬੰਧਤ ਵਸਤੂ ਦੇ ਪੈਕਟ ਉੱਤੇ ਲੋਕਾਂ ਨੂੰ ਭਰਮਾਉਣ ਲਈ ਕੋਈ ਜਾਣਕਾਰੀ ਛਾਪਣ ਦੇ ਦੋਸ਼ ਵਿੱਚ ਤਿੰਨ ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…