
ਸਰਕਾਰੀ ਹਾਈ ਸਕੂਲ ਸਨੇਟਾ ਵਿੱਚ ‘ਦੁੱਧ ਮਨੁੱਖੀ ਸਿਹਤ ਦਾ ਆਧਾਰ’ ਵਿਸ਼ੇ’ਤੇ ਰਾਜ ਪੱਧਰੀ ਸੈਮੀਨਾਰ
ਪੇਂਡੂ ਅਰਥਚਾਰੇ ਦੇ ਵਿਕਾਸ ਲਈ ਡੇਅਰੀ ਧੰਦੇ ਵਿੱਚ ਬੇਹੱਦ ਸੰਭਾਵਨਾਵਾਂ: ਬਲਬੀਰ ਸਿੱਧੂ
ਚੰਗੀ ਸਿਹਤ ਲਈ ਦੁੱਧ ਤੇ ਦੁੱਧ ਪਦਾਰਥਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ ’ਤੇ ਜ਼ੋਰ
ਦੁੱਧ ਦੀ ਮਹੱਤਤਾ ਬਾਰੇ ਵਿਸ਼ੇ ’ਤੇ ਕਰਵਾਏ ਲੇਖ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਵੰਡੇ ਇਨਾਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਪੰਜਾਬ ਡੇਅਰੀ ਵਿਕਾਸ ਬੋਰਡ ਤੇ ਇੰਡੀਅਨ ਡੇਅਰੀ ਐਸੋਸੀਏਸ਼ਨ (ਨਾਰਥ ਜੋਨ) ਪੰਜਾਬ ਚੈਪਟਰ ਅਤੇ ਮਿਲਕਫੈੱਡ ਪੰਜਾਬ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਸਨੇਟਾ ਵਿਖੇ ਕੌਮੀ ਦੁੱਧ ਦਿਵਸ ਮੌਕੇ ‘ਦੁੱਧ ਮਨੁੱਖੀ ਸਿਹਤ ਦਾ ਆਧਾਰ’ ਵਿਸ਼ੇ ’ਤੇ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਬੋਲਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਪੇਂਡੂ ਅਰਥਚਾਰੇ ਦੇ ਵਿਕਾਸ ਲਈ ਡੇਅਰੀ ਧੰਦੇ ਵਿੱਚ ਬੇਹੱਦ ਸੰਭਾਵਨਾਵਾਂ ਹਨ। ਸੂਬੇ ਵਿੱਚ ਡੇਅਰੀ ਧੰਦੇ ਨੂੰ ਆਧੁਨਿਕ ਵਿਗਿਆਨਿਕ ਲੀਹਾਂ ’ਤੇ ਲਿਆਂਦਾ ਜਾ ਰਿਹਾ ਹੈ ਅਤੇ ਇਸ ਨੀਤੀ ਤਹਿਤ ਨਵੀਆਂ ਤਕਨੀਕਾਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਖੇਤੀਬਾੜੀ ਵਿੱਚ ਆਈ ਖੜੋਤ ਕਾਰਨ ਇਹ ਡੇਅਰੀ ਧੰਦਾ ਇੱਕ ਸਫਲ ਬਦਲ ਦੇ ਰੂਪ ਵਿੱਚ ਸਾਹਮਣੇ ਆਇਆ ਹੈ ਅਤੇ ਇਸ ਕਿੱਤੇ ਵਿੱਚ ਹੋਰ ਵੀ ਵਧੇਰੇ ਸੰਭਾਵਨਾਵਾਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੁਧਾਰੂ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਆਉਣ ਕਾਰਨ ਇਸ ਕਿੱਤੇ ਵਿੱਚ ਨਵਾਂ ਇਨਕਲਾਬ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਵਿੱਚ ਮੈਡੀਕਲ ਅਤੇ ਨਾਨ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਕਾਲਜ ਆਫ਼ ਡੇਅਰੀ ਸਾਇੰਸ ਟੈਕਨਾਲੋਜੀ, ਗੁਡਵਾਸੂ ਲੁਧਿਆਣਾ ਵਿੱਚ ਵਿਜ਼ਟ ਕਰਵਾਈ ਜਾਵੇਗੀ ਅਤੇ ਪਾਇਲਟ ਪ੍ਰਾਜੈਕਟ ਤਹਿਤ ਸਭ ਤੋਂ ਪਹਿਲਾਂ ਮੁਹਾਲੀ ਹਲਕੇ ਦੇ 1 ਹਜ਼ਾਰ ਸਕੂਲੀ ਬੱਚਿਆਂ ਦਾ ਦੌਰਾ ਕਰਵਾਇਆ ਜਾਵੇਗਾ।
ਇਸ ਮੌਕੇ ਮੰਤਰੀ ਨੇ ਕਿਹਾ ਕਿ ਅੱਜ ਹਜ਼ਾਰਾਂ ਨੌਜਵਾਨ ਡਿਗਰੀਆਂ ਲੈ ਕੇ ਬੇਰੁਜ਼ਗਾਰੀ ਦੇ ਆਲਮ ਵਿੱਚ ਹਨ। ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਰੁਚੀ ਵਾਚਣ ਅਤੇ ਉਸ ਮੁਤਾਬਕ ਉਨ੍ਹਾਂ ਨੂੰ ਡਿਗਰੀ ਜਾਂ ਕੋਰਸ ਕਰਵਾਏ ਜਾਣ। ਇਸ ਕਾਰਜ ਵਿੱਚ ਅਧਿਆਪਕ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਲੇਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ, ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਉਨ੍ਹਾਂ ਬੱਚਿਆਂ ਨੂੰ ਚੰਗੀ ਸਿਹਤ ਲਈ ਦੁੱਧ ਅਤੇ ਦੁੱਧ ਪਦਾਰਥਾਂ ਨੂੰ ਆਪਣੀ ਰੋਜ਼ਾਨਾ ਖ਼ੁਰਾਕ ਦਾ ਹਿੱਸਾ ਬਣਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਫਾਸਟ ਫੂਡ, ਪੀਜ਼ਾ ਅਤੇ ਬਰਗਰ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਸਕੱਤਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਦੁੱਧ ਅਤੇ ਦੁੱਧ ਪਦਾਰਥ ਮਨੁੱਖੀ ਸਿਹਤ ਲਈ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ। ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਨ੍ਹਾਂ ਦੀ ਵਰਤੋਂ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਰਥਿਕਤਾ ਦੀ ਮਜ਼ਬੂਤੀ ਲਈ ਸੂਬੇ ਵਿੱਚ ਡੇਅਰੀ ਧੰਦੇ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਡੇਅਰੀ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਨਵੀਂ ਪੀੜ੍ਹੀ ਦੁੱਧ ਅਤੇ ਦੁੱਧ ਵਸਤਾਂ ਤੋਂ ਤੋੜ ਵਿਛੋੜਾ ਕਰਦੀ ਜਾ ਰਹੀ ਹੈ ਅਤੇ ਫਾਸਟ ਫੂਡ ਖਾਣ ਦੀ ਆਦੀ ਹੋ ਰਹੀ ਹੈ। ਜਿਸ ਦਾ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਸੈਮੀਨਾਰ ਨੂੰ ਸਹਾਇਕ ਪ੍ਰੋਫੈਸਰ ਡਾ. ਨਿਤਿਕਾ ਗੋਇਲ, ਡਾ. ਇੰਦਰਪ੍ਰੀਤ ਕੌਰ ਕੁਲਾਰ, ਡਾ. ਨਵਦੀਪ ਧਾਮ, ਸੰਯੁਕਤ ਡਾਇਰੈਕਟਰ ਜਸਵੀਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪਸ਼ੂ ਪਾਲਣ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਹਿੰਮਤ ਸਿੰਘ ਹੁੰਦਲ, ਹਰਨੇਕ ਸਿੰਘ ਨੇਕੀ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਠੇਕੇਦਾਰ ਮੋਹਣ ਸਿੰਘ ਬਠਲਾਣਾ, ਛੱਜਾ ਸਿੰਘ ਸਰਪੰਚ ਕੁਰੜੀ, ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਮਦਨ ਮੋਹਨ, ਡਿਪਟੀ ਡਾਇਰੈਕਟਰ ਡੇਅਰੀ ਕੁਲਦੀਪ ਸਿੰਘ ਜੱਸੋਵਾਲ, ਚੌਧਰੀ ਰਿਸ਼ੀਪਾਲ, ਚੌਧਰੀ ਭਗਤ ਰਾਮ, ਬਲਾਕ ਸਮਿਤੀ ਮੈਂਬਰ ਮਨਜੀਤ ਸਿੰਘ, ਬਲਬੀਰ ਸਿੰਘ ਗੋਬਿੰਦਗੜ੍ਹ, ਅਮਰਜੀਤ ਸਿੰਘ ਸੱੁਖਗੜ੍ਹ, ਫਕੀਰ ਸਿੰਘ ਮੋਟੇ ਮਾਜਰਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।