
ਪੰਜਾਬ ਵਿੱਚ ਸੁਰੱਖਿਆ ਸਕੂਲ ਵਾਹਨ ਸਕੀਮ ਤੇ ਟਰੈਫ਼ਿਕ ਨਿਯਮਾਂ ਬਾਰੇ ਸੂਬਾ ਪੱਧਰੀ ਸੈਮੀਨਾਰ ਕਰਵਾਇਆ
ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਵਾਹਨ ਫੋਰ ਪੁਆਇੰਟ ਜ਼ੀਰੋ ਸਕੀਮ ਪਾਇਲਟ ਪ੍ਰੋਜੈਕਟ ਦੇ ਤੌਰ ’ਤੇ ਰਸਮੀ ਸ਼ੁਰੂਆਤ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਪੰਜਾਬ ਵਿਚ ਸੇਫ ਸਕੂਲ ਵਾਹਨ ਸਕੀਮ ਅਤੇ ਰੋਡ ਸੇਫਟੀ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰ ਤੇ ਸੈਮੀਨਾਰ ਆਯੋਜਤ ਕੀਤੇ ਜਾਣਗੇ ਜਿਸ ਵਿਚ ਵਿੱਦਿਅਕ ਸੰਸਥਾਵਾਂ ਦੇ ਡਰਾਈਵਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਵਿੱਦਿਅਕ ਸੰਸਥਾਵਾਂ ਦੇ ਡਰਾਈਵਰ ਸੇਫ ਸਕੂਲ ਵਾਹਨ ਸਕੀਮ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਬਲਵਿੰਦਰ ਸਿੰਘ ਧਾਲੀਵਾਲ ਨੇ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਸਹਿਯੋਗ ਨਾਲ ਸੇਫ ਸਕੂਲ ਵਾਹਨ ਸਕੀਮ ਅਤੇ ਰੋਡ ਸੇਫਟੀ ਵਿਸ਼ੇ ’ਤੇ ਕਰਵਾਏ ਗਏ ਰਾਜ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ ਇਸ ਮੌਕੇ ਜ਼ਿਲ੍ਹੇ ਦੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ਦੇ ਇਕ ਹਜ਼ਾਰ ਤੋਂ ਵੱਧ ਡਰਾਈਵਰਾਂ ਨੇ ਹਿੱਸਾ ਲਿਆ।
ਸ੍ਰੀ ਧਾਲੀਵਾਲ ਨੇ ਇਸ ਮੌਕੇ ਆਪਣੀ ਡਿਊਟੀ ਸਮਰਪਿਤ ਭਾਵਨਾ ਅਤੇ ਟ੍ਰੈਫਿਕ ਨਿਯਮਾਂ ਦੀ ਸੁਚੱਜੀ ਪਾਲਣਾ ਕਰਨ ਵਾਲੇ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਸਨਮਾਨਿਤ ਵੀ ਕੀਤਾ। ਸ੍ਰੀ ਬੀ.ਐਸ.ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਦੇ ਡਰਾਈਵਰਾਂ ਦੀ ਡਿਊਟੀ ਬਹੁਤ ਹੀ ਮਹੱਤਵਪੂਰਨ ਅਤੇ ਜ਼ਿੰਮੇਵਾਰੀ ਵਾਲੀ ਹੁੰਦੀ ਹੈ ਕਿਉਂਕਿ ਉਨ੍ਹਾਂ ਵੱਲੋਂ ਰੋਜ਼ਾਨਾ ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਛੱਡਣਾ ਹੁੰਦਾ ਹੈ। ਉਨ੍ਹਾਂ ਇਸ ਮੌਕੇ ਸੈਮੀਨਾਰ ਵਿਚ ਸ਼ਾਮਿਲ ਡਰਾਈਵਰਾਂ ਨੂੰ ਆਪਣੀ ਡਿਊਟੀ ਪੂਰੀ ਸਮਰਪਿਤ ਭਾਵਨਾ ਦੇ ਨਾਲ ਨਾਲ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਆਖਿਆ। ਉਨ੍ਹਾਂ ਹੋਰ ਕਿਹਾ ਕਿ ਟੈ੍ਰਫਿਕ ਨਿਯਮਾਂ ਨੂੰ ਸਮੇਂ ਦੀ ਲੋੜ ਅਨੁਸਾਰ ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੈ੍ਰਫਿਕ ਨਿਯਮਾਂ ਦੀ ਪਾਲਣਾ ਨਾਲ ਹੀ ਸੜਕੀ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਡਰਾਈਵਰਾਂ ਨੂੰ ਆਪਣੇ ਵਾਹਨ ਤੇਜ਼ ਗਤੀ ਨਾਲ ਨਾ ਚਲਾਉਣ ਦੀ ਪੇ੍ਰਰਨਾ ਵੀ ਦਿੱਤੀ ਜਿਸ ਨਾਲ ਅਕਸਰ ਸੜਕੀ ਦੁਰਘਟਨਾਵਾਂ ਹੁੰਦੀਆਂ ਹਨ।
ਉਨ੍ਹਾਂ ਦੱਸਿਆ ਕਿ ਸੇਫ ਵਾਹਨ ਸਕੂਲ ਸਕੀਮ ਸਾਲ 2013 ਵਿਚ ਸ਼ੁਰੂ ਹੋਈ ਸੀ ਜਿਸ ਨੂੰ ਟਰਾਂਸਪੋਰਟ ਵਿਭਾਗ ਦੂਜੇ ਵਿਭਾਗਾਂ ਦੇ ਸਹਿਯੋਗ ਨਾਲ ਪੂਰਨ ਤੌਰ ਤੇ ਲਾਗੂ ਕਰਨ ਲਈ ਵਚਨਬੱਧ ਹੈ। ਇਸ ਸਕੀਮ ਤੇ ਕਾਫੀ ਕੰਮ ਹੋਇਆ ਹੈ ਜਿਸ ਨਾਲ ਸਕੂਲ ਵਾਹਨਾਂ ਵਿਚ ਸੁਧਾਰ ਹੋਇਆ ਹੈ ਪ੍ਰੰਤੂ ਸਾਨੂੰ ਅਜੇ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਵਿਚ ਪਹਿਲਾਂ ਕੇਵਲ ਮੁਕਤਸਰ ਜ਼ਿਲ੍ਹੇ ਦੇ ਪਿੰਡ ਮਹੂਆਣਾ ਵਿਖੇ ਇਕੋ ਇਕ ਹੈਵੀ ਡਰਾਈਵਿੰਗ ਟੈਸਟ ਟਰੈਕ ਸੀ ਜਦ ਕਿ ਪੰਜਾਬ ਸਰਕਾਰ ਹੁਣ ਤਿੰਨ ਹੋਰ ਥਾਵਾਂ ਮਲੇਰਕੋਟਲਾ, ਬਟਾਲਾ ਅਤੇ ਕਪੂਰਥਲਾ ਵਿਖੇ ਹੈਵੀ ਡਰਾਈਵਿੰਗ ਟੈਸਟ ਟਰੈਕ ਬਣਾ ਰਹੀ ਹੈ ਜਿਸ ਨਾਲ ਡਰਾਈਵਰਾਂ ਨੂੰ ਵੱਡੀ ਸਹੂਲਤ ਮਿਲੇਗੀ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਐਸ.ਏ.ਐਸ.ਨਗਰ ਜ਼ਿਲ੍ਹੇ ਵਿਚ ਆਨ ਲਾਈਨ ਵਾਹਨ ਫੋਰ ਪੁਆਇੰਟ ਜ਼ੀਰੋ ਸਕੀਮ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂ ਕੀਤੀ ਹੈ ਹੁਣ ਵਾਹਨਾਂ ਦੀ ਆਰ.ਸੀ ਡਰਾਈਵਿੰਗ ਲਾਇਸੰਸਾਂ ਦੀ ਤਰ੍ਹਾਂ ਆਨ ਲਾਈਨ ਅਪਲਾਈ ਕੀਤੀ ਜਾ ਸਕੇਗੀ ਅਤੇ ਲੋਕ ਕੰਪਿਊਟਰ ਰਾਹੀਂ ਘਰ ਬੈਠੇ ਹੀ ਆਰ.ਸੀ ਲਈ ਆਨ ਲਾਈਨ ਅਪਲਾਈ ਕਰ ਸਕਣਗੇ ਅਤੇ ਉਹ ਆਪਣਾ ਟੈਕਸ ਵੀ ਘਰ ਬੈਠੇ ਹੀ ਨੈੱਟ ਬੈਂਕਿੰਗ ਸਿਸਟਮ ਰਾਹੀਂ ਭਰ ਸਕਣਗੇ। ਉਨ੍ਹਾਂ ਦੱਸਿਆ ਕਿ ਵਾਹਨ ਫੋਰ ਪੁਆਇੰਟ ਜ਼ੀਰੋ ਸਕੀਮ 31 ਦਸੰਬਰ ਤੱਕ ਸਾਰੇ ਪੰਜਾਬ ਵਿਚ ਸ਼ੁਰੂ ਕਰ ਦਿੱਤੀ ਜਾਵੇਗੀ ਜਿਸ ਨਾਲ ਲੋਕਾਂ ਦੀ ਖੱਜਲ ਖੁਆਰੀ ਘਟੇਗੀ। ਸੈਮੀਨਾਰ ਨੁੂੰ ਸੰਬੋਧਨ ਕਰਦਿਆਂ ਐਸ.ਡੀ.ਐਮ. ਅਤੇ ਚੇਅਰਮੈਨ ਸੇਫ ਸਕੂਲ ਵਾਹਨ ਕਮੇਟੀ ਐਸ.ਏ.ਐਸ ਨਗਰ ਨੇ ਕਿਹਾ ਕਿ ਸਕੂਲਾਂ ਦੇ ਬੱਸ ਡਰਾਈਵਰਾਂ ਦੇ ਨਾਲ ਨਾਲ ਉਨ੍ਹਾਂ ਦੇ ਹੈਲਪਰਾਂ ਨੂੰ ਵੀ ਆਪਣੀ ਡਿਊਟੀ ਪੂਰੀ ਤਰ੍ਹਾਂ ਸੂਚੇਤ ਹੋ ਕੇ ਨਿਭਾਉਣੀ ਚਾਹੀਦੀ ਹੈ ਜੇਕਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਾਂਗੇ ਉਸ ਨਾਲ ਸੜਕੀ ਦੁਰਘਟਨਾਵਾਂ ਘਟਣਗੀਆਂ। ਉਨ੍ਹਾਂ ਕਿਹਾ ਕਿ ਡਰਾਈਵਰਾਂ ਨੂੰ ਆਪਣੇ ਵਾਹਨ ਤਕਨੀਕੀ ਤੌਰ ਤੇ ਠੀਕ ਰੱਖਣੇ ਚਾਹੀਦੇ ਹਨ ਅਤੇ ਡਰਾਈਵਰਾਂ ਕੋਲ ਹੈਵੀ ਲਾਇਸੰਸ ਹੋਣਾ ਜ਼ਰੂਰੀ ਹੈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਕੱਤਰ ਰਿਜਨਲ ਅਥਾਰਟੀ ਐਸ.ਏ.ਐਸ ਨਗਰ ਸ੍ਰੀ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਅਤੇ ਰੋਡ ਸੇਫਟੀ ਸੈਮੀਨਾਰ ਕਰਾਉਣ ਦਾ ਮੁੱਖ ਮੰਤਵ ਵਿੱਦਿਅਕ ਸੰਸਥਾਵਾਂ ਦੇ ਡਰਾਈਵਰਾਂ ਨੂੰ ਇਸ ਸਕੀਮ ਸਬੰਧੀ ਜਾਗਰੂਕ ਕਰਨ ਦੇ ਨਾਲ ਨਾਲ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਅਜਿਹੇ ਸੈਮੀਨਾਰ ਹੇਠਲੇ ਪੱਧਰ ਤੱਕ ਵੀ ਕਰਵਾਏ ਜਾਣਗੇ ਤਾਂ ਜੋ ਡਰਾਈਵਰਾਂ ਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਨ੍ਹਾਂ ਇਸ ਮੌਕੇ ਡਰਾਈਵਰਾਂ ਨੂੰ ਆਪਣੇ ਲਾਇਸੰਸ ਸਮੇਂ ਸਿਰ ਰਿਨਿਊ ਕਰਵਾਉਣ ਦੇ ਨਾਲ ਨਾਲ ਵਾਹਨਾਂ ਦੇ ਟੈਕਸ ਵੀ ਸਮੇਂ ਸਿਰ ਭਰਾਉਣ ਦੀ ਅਪੀਲ ਕੀਤੀ। ਉਨ੍ਹਾਂ ਹੋਰ ਦੱਸਿਆ ਕਿ ਸੇਫ ਸਕੂਲ ਵਾਹਨ ਸਕੀਮ ਤਹਿਤ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਵੀ ਡਰਾਈਵਰਾਂ ਨੁੂੰ ਜਾਣਕਾਰੀ ਦਿੱਤੀ ਜਾਂਦੀ ਹੈ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਰ.ਐਸ ਬਾਵਾ ਨੇ ਬੋਲਦਿਆਂ ਕਿਹਾ ਕਿ ਡਰਾਈਵਰੀ ਪੇਸ਼ਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਡਰਾਈਵਰਾਂ ਨੂੰ ਟੈ੍ਰਫਿਕ ਰੂਲਾਂ ਦੀ ਕਾਪੀ ਆਪਣੇ ਕੋਲ ਰੱਖਣੀ ਚਾਹੀਦੀ ਹੈ ਤਾਂ ਜੋ ਉਹ ਟੈ੍ਰਫਿਕ ਨਿਯਮਾਂ ਪ੍ਰਤੀ ਜਾਗਰੂਕ ਹੋ ਸਕਣ। ਉਨ੍ਹਾਂ ਸਕੂਲਾਂ ਅਤੇ ਕਾਲਜਾਂ ਵਿਚ ਟੈ੍ਰਫਿਕ ਨਿਯਮਾਂ ਪ੍ਰਤੀ ਕਾਰਨਰ ਹੋਣ ਦੀ ਗੱਲ ਵੀ ਆਖੀ ਤਾਂ ਜੋ ਵਿਦਿਆਰਥੀ ਟੈ੍ਰਫਿਕ ਨਿਯਮਾਂ ਨੂੰ ਪੜ੍ਹ ਕੇ ਉਨ੍ਹਾਂ ਤੇ ਅਮਲ ਕਰ ਸਕਣ। ਇਸ ਮੌਕੇ ਡਾਇਰੈਕਟਰ ਪ੍ਰਬੰਧ ਬਲਵੀਰ ਸਿੰਘ ਢੋਲ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਵਾਹਨਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਅਤੇ ਸੜਕੀ ਦੁਰਘਟਨਾਵਾਂ ਵਿਚ ਅਨੇਕਾਂ ਕੀਮਤੀ ਜਾਨਾਂ ਅਜਾਈਂ ਚਲੇ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਟਰੈਫ਼ਿਕ ਨਿਯਮਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਤਾਂ ਸੜਕੀਂ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਵਰਸਿਟੀ ਵਿੱਚ ਆਉਂਦੇ ਜਾਂਦੇ ਹਮੇਸ਼ਾ ਟਰੈਫ਼ਿਕ ਨਿਯਮਾਂ ਦਾ ਖਾਸ ਧਿਆਨ ਰੱਖਣ।
ਸੈਮੀਨਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਡੀਨ ਡਾ. ਤਿਰਲੋਕ ਸਿੰਘ, ਕੋਆਰਡੀਨੇਟਰ ਰੋਡ ਸੇਫਟੀ ਮਨਮੋਹਨ ਲੋਥਰਾ ਅੌਵਾਇਡ ਐਕਸੀਡੈਂਟ ਸੰਸਥਾ ਐਸ.ਏ.ਐਸ ਨਗਰ ਦੇ ਪ੍ਰਧਾਨ ਸ੍ਰੀ ਹਰਪ੍ਰੀਤ ਸਿੰਘ, ਐਮ.ਵੀ.ਆਈ ਰਣਪ੍ਰੀਤ ਸਿੰਘ ਭਿਊਰਾ, ਏ.ਡੀ.ਟੀ.ਓ ਸਿਮਰਨ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਟਰੈਫ਼ਿਕ ਨਿਯਮਾ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਹੁੰ ਵੀ ਚੁਕਾਈ ਗਈ।