ਸੂਬਾ ਪੱਧਰੀ ਤੀਜ ਮੇਲਾ: ਨਾਈਪਰ ਦੇ ਵਿਹੜੇ ਵਿੱਚ ਮੁੱਖ ਮੰਤਰੀ ਦੀ ਪਤਨੀ ਤੇ ਭੈਣ ਨੇ ਪੀਂਘਾਂ ਝੂਟੀਆਂ

ਪੰਜਾਬ ਸਰਕਾਰ ਨੇ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਲਈ ਤੀਆਂ ਦਾ ਰਾਜ ਪੱਧਰੀ ਮੇਲਾ ਧੂਮਧਾਮ ਨਾਲ ਮਨਾਇਆ

ਅਮਨ ਅਰੋੜਾ, ਇੰਦਰਬੀਰ ਨਿੱਝਰ, ਹਰਭਜਨ ਸਿੰਘ, ਬ੍ਰਹਮ ਸ਼ੰਕਰ ਜਿੰਪਾ, ਚੇਤਨ ਜੋੜਾਮਾਜਰਾ ਵੀ ਪਰਿਵਾਰਾਂ ਸਮੇਤ ਭਰੀ ਹਾਜ਼ਰੀ

ਡਾ. ਗੁਰਪ੍ਰੀਤ ਕੌਰ ਨੇ ਦਿੱਤਾ ਪੰਜਾਬ ਦੀਆਂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦਾ ਸੁਨੇਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਅੌਰਤਾਂ ਦੇ ਰਿਵਾਇਤੀ ਤਿਉਹਾਰ ‘ਤੀਆਂ’ ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਅੱਜ ਮੁਹਾਲੀ ਦੇ ਨਾਈਪਰ ਇੰਸਟੀਚਿਊਟ ਵਿਖੇ ਰਾਜ ਪੱਧਰੀ ‘ਤੀਆਂ’ ਦਾ ਮੇਲਾ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮੁੱਖ ਮਹਿਮਾਨ ਸਨ। ਜਦੋਂਕਿ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਸਮੇਤ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਇੰਦਰਬੀਰ ਸਿੰਘ ਨਿੱਝਰ, ਹਰਭਜਨ ਸਿੰਘ ਈਟੀਓ, ਬ੍ਰਹਮ ਸ਼ੰਕਰ ਜਿੰਪਾ, ਚੇਤਨ ਸਿੰਘ ਜੋੜਾਮਾਜਰਾ ਵੀ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਭਰੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ, ਮੁੱਖ ਸਕੱਤਰ ਵੀਕੇ ਜੰਜੂਆ ਦੀਆਂ ਪਤਨੀਆਂ ਵੀ ਮੌਜੂਦ ਰਹੀਆਂ। ਕਲਾਕਾਰ ਤੇ ਵਿਧਾਇਕ ਬਲਕਾਰ ਸਿੱਧੂ ਨੇ ਵੀ ਆਪਣੇ ਪਰਿਵਾਰ ਸਮੇਤ ਮੇਲੇ ਵਿੱਚ ਹਾਜ਼ਰੀ ਭਰੀ।
ਫੋਕਲੋਰ ਫੈਟਰਨਿਟੀ ਫੈਡਰੇਸ਼ਨ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਰਾਜ ਪੱਧਰੀ ਮੇਲੇ ਵਿੱਚ ‘ਤੀਆਂ ਦਾ ਪਿੜ’ ਖ਼ਾਸ ਖਿੱਚ ਦਾ ਕੇਂਦਰ ਰਿਹਾ। ਜਿਸ ਵਿੱਚ ਪੰਜਾਬ, ਪੰਜਾਬ ਵਿਰਾਸਤ ਤੇ ਸਭਿਆਚਾਰ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਮੁੱਖ ਮੰਤਰੀ ਦੀ ਪਤਨੀ ਅਤੇ ਭੈਣ ਸਮੇਤ ਹੋਰਨਾਂ ਮੁਟਿਆਰਾਂ ਨੇ ਪੀਂਘਾਂ ਪਾਈਆਂ, ਮੁਟਿਆਰਾਂ ਨੇ ਗੀਟੇ ਖੇਡੇ, ਕਿਕਲੀ ਪਾਈ, ਭੱਠੀ ਤੋਂ ਖਿੱਲਾਂ ਬਣਾਉਣ ਦੀ ਪੇਸ਼ਕਾਰੀ ਸਮੇਤ ਵੱਖ-ਵੱਖ ਵਿਭਾਗਾਂ ਵੱਲੋਂ ਪੰਜਾਬੀ ਵਿਰਾਸਤ ਨੂੰ ਰੂਪਮਾਨ ਕਰਦੀਆਂ ਵਸਤਾਂ ਦੀਆਂ ਵੱਖ-ਵੱਖ ਪ੍ਰਦਰਸ਼ਨੀਆਂ ਲਗਾਈਆਂ ਗਈਆਂ।
ਡਾ. ਗੁਰਪ੍ਰੀਤ ਕੌਰ ਨੇ ਤੀਆਂ ਦੇ ਮੇਲੇ ਦਾ ਭਰਪੂਰ ਆਨੰਦ ਮਾਣਿਆ। ਉਨ੍ਹਾਂ ਨੇ ਮੁਟਿਆਰਾਂ ਨਾਲ ਪੀਂਘ ਵੀ ਝੂਟੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭਿਆਚਾਰ ਬਹੁਤ ਅਮੀਰ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਨਵੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਸਾਂਝੇ ਯਤਨ ਕੀਤੇ ਜਾਣ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਅੌਰਤਾਂ ਦੇ ਸ਼ਸ਼ਕਤੀਕਰਨ ਲਈ ਵਚਨਬੱਧ ਹੈ। ਲੜਕੀਆਂ ਦੇ ਸਰਬਪੱਖੀ ਵਿਕਾਸ ਲਈ ਭਲਾਈ ਸਕੀਮਾਂ ਜ਼ਮੀਨੀ ਪੱਧਰ ’ਤੇ ਲਾਗੂ ਕੀਤੀਆਂ ਜਾ ਰਹੀਆਂ ਹਨ।
ਫੋਕਲੋਰ ਫੈਟਰਨਿਟੀ ਫੈਡਰੇਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਜੁਗਨੀ ਦੀ ਅਗਵਾਈ ਹੇਠ ਕਲਾਕਾਰਾਂ ਨੇ ਨਾਈਪਰ ਦੇ ਆਡੀਟੋਰੀਅਮ ਵਿੱਚ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਪੰਜਾਬੀ ਵਿਰਸੇ ਅਤੇ ਰਵਾਇਤਾਂ ਨੂੰ ਕਾਇਮ ਰੱਖਣ ਦਾ ਸੁਨੇਹਾ ਦਿੰਦੇ ਇਸ ਸਭਿਆਚਾਰਕ ਮੇਲੇ ਵਿੱਚ ਕਲਾਕਾਰਾਂ ਨੇ ਰਵਾਇਤੀ ਪਹਿਰਾਵੇ ਵਿੱਚ ਵੱਖ-ਵੱਖ ਪੰਜਾਬੀ ਲੋਕ ਗੀਤ, ਲੁੱਡੀ ਅਤੇ ਗਿੱਧਾ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਮੰਚ ਸੰਚਾਲਕ ਦੀਪ ਰਮਨ ਨੇ ਕੀਤਾ। ਅਖੀਰ ਵਿੱਚ ਡਾ. ਗੁਰਪ੍ਰੀਤ ਕੌਰ ਨੇ ਉੱਘੀਆਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਜਦੋਂਕਿ ਡਾ. ਬਲਜੀਤ ਕੌਰ ਨੇ ਡਾ. ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੂੰ ਫੁਲਕਾਰੀ ਭੇਂਟ ਕੀਤੀ।

ਵਧੀਕ ਮੁੱਖ ਸਕੱਤਰ ਸ੍ਰੀਮਤੀ ਸੀਮਾ ਜੈਨ ਨੇ ਡਾ. ਬਲਜੀਤ ਕੌਰ ਅਤੇ ਹੋਰਨਾਂ ਮਹਿਮਾਨਾਂ ਦਾ ਫੁਲਕਾਰੀ ਨਾਲ ਸਨਮਾਨ ਕੀਤਾ। ਇਸ ਮੇਲੇ ਵਿੱਚ ਡਾਇਰੈਕਟਰ ਅਰਵਿੰਦਪਾਲ ਸਿੰਘ ਸੰਧੂ, ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਏਡੀਸੀ ਅਮਨਿੰਦਰ ਕੌਰ ਬਰਾੜ ਸਮੇਤ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਪੰਜਾਬ ਦੀਆਂ…