Nabaz-e-punjab.com

ਪੰਜਾਬ ’ਚ ਰੇਸ਼ਮ ਦੇ ਕੀੜੇ ਪਾਲਣ ਦੇ ਧੰਦੇ ਬਾਰੇ ਉਤਸ਼ਾਹਿਤ ਕਰਨ ਲਈ ਰਾਜ ਪੱਧਰੀ ਵਰਕਸ਼ਾਪ

ਪੰਜਾਬ ਸਮੇਤ ਛੇ ਸੂਬਿਆਂ ਦੇ ਖੇਤੀ ਮਾਹਰਾਂ, ਸਾਇੰਸਦਾਨਾਂ ਤੇ ਕਿਸਾਨਾਂ ਨੇ ਵਿਚਾਰਾਂ ਸਾਂਝੀ ਕੀਤੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ:
ਪੰਜਾਬ ਵਿੱਚ ਰੇਸ਼ਮ ਕੀਟ ਪਾਲਣ (ਸੈਰੀਕਲਚਰ) ਦੇ ਵਿਕਾਸ ਅਤੇ ਖੇਤੀਬਾੜੀ ਦੇ ਇਸ ਸਹਿਯੋਗੀ ਕਿੱਤੇ ਨੂੰ ਦਰਪੇਸ਼ ਅੌਕੜਾਂ ਦੇ ਹੱਲ ਲੱਭਣ ਲਈ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਅੱਜ ਇੱਥੋਂ ਦੇ ਖੇਤੀ ਭਵਨ ਵਿੱਚ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਪੰਜਾਬ ਸਮੇਤ ਛੇ ਵੱਖ ਵੱਖ ਸੂਬਿਆਂ ਦੇ ਮਾਹਰਾਂ, ਸਾਇੰਸਦਾਨਾਂ, ਅਧਿਕਾਰੀਆਂ, ਕਿਸਾਨਾਂ ਅਤੇ ਰੇਸ਼ਮ ਕੀਟ ਪਾਲਕਾਂ ਨੇ ਵਿਚਾਰਾਂ ਸਾਂਝੀ ਕੀਤੀਆਂ। ਵੱਖ-ਵੱਖ ਤਕਨੀਕੀ ਸੈਸ਼ਨਾਂ ਵਿੱਚ ਕੇਂਦਰੀ ਰੇਸ਼ਮ ਬੋਰਡ ਭਾਰਤ ਸਰਕਾਰ ਦੇ ਸਾਇੰਸਦਾਨਾਂ ਵੱਲੋਂ ਰੇਸ਼ਮ ਕੀਟ ਪਾਲਣ ਦੇ ਕਿੱਤੇ ਸਬੰਧੀ ਸਮੁੱਚੀ ਤਕਨੀਕੀ ਜਾਣਕਾਰੀ ਦਿੱਤੀ।
ਇਸ ਮੌਕੇ ਕੇਂਦਰੀ ਰੇਸ਼ਮ ਬੋਰਡ ਭਾਰਤ ਸਰਕਾਰ ਦੇ ਮੈਂਬਰ ਸਕੱਤਰ ਰਜਿਤ ਰੰਜਨ ਆਖਨਡੀਅਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਉਪ ਸਕੱਤਰ (ਤਕਨੀਕੀ) ਆਰਕੇ ਸਿਨਹਾ, ਸੈਰੀਕਲਚਰ ਨੋਡਲ ਅਫ਼ਸਰ ਤੇ ਸਾਇੰਸਦਾਨ ਸੀਐਮ ਬਾਜਪਈ, ਖਾਦੀ ਤੇ ਵਿਲੇਜ ਇੰਡਸਟਰੀ ਕਮਿਸ਼ਨ ਦੇ ਡਾਇਰੈਕਟਰ ਸੁਜੀਤ ਸਿੰਘ, ਸੀਐਸਆਰ ਐਂਡ ਟੀਆਈ ਜੰਜੂ ਡਾ. ਸੁਖੇਨ ਰਾਏ ਚੌਧਰੀ, ਆਰਐਸਆਰਐਸ ਜੰਮੂ ਦੇ ਸਾਇੰਸਦਾਨ ਡਾ. ਸਰਦਾਰ ਸਿੰਘ, ਡਾ. ਸੁਰਿੰਦਰ ਭੱਟ, ਐਸਐਸਪੀਸੀ ਦੇਹਰਾਦੂਨ ਦੇ ਸਾਇੰਸਦਾਨ ਡਾ. ਵੀਪੀ ਗੁਪਤਾ ਅਤੇ ਐਸਆਰਐਸ ਹਿਮਾਚਲ ਪ੍ਰਦੇਸ਼ ਦੇ ਸਾਇੰਸਦਾਨ ਡਾ. ਪੁਰੋਹਿਤ ਨੇ ਵਿਸ਼ੇਸ਼ ਮਹਿਮਾਨ ਸਮੇਤ ਪੰਜਾਬ, ਜੰਮੂ ਅਤੇ ਹਿਮਾਚਲ ਪ੍ਰਦੇਸ਼ ਦੇ ਲਗਭਗ 50 ਰੇਸ਼ਮ ਕੀਟ ਪਾਲਕਾਂ ਨੇ ਹਿੱਸਾ ਲਿਆ। ਜਿਨ੍ਹਾਂ ਨੇ ਤੂਤਾਂ ਦੀ ਖੇਤੀ, ਰੇਸ਼ਮ ਬੀਜ ਦੀ ਪੈਦਾਵਾਰ ਤੇ ਰੱਖ-ਰਖਾਓ, ਰੇਸ਼ਮ ਕੀੜਿਆਂ ਦਾ ਪਾਲਣ ਪੋਸ਼ਣ, ਕਾਕੂਨ ਦੀ ਪੈਦਾਵਾਰ ਤੇ ਮੰਡੀਕਰਨ ਅਤੇ ਰੇਸ਼ਮ ਕੀਟ ਪਾਲਕਾਂ ਨੂੰ ਇਸ ਕਿੱਤੇ ਵਿੱਚ ਆ ਰਹੀਆਂ ਅੌਕੜਾਂ ਹੱਲ ਕਰਨ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਰਜਿਤ ਰੰਜਨ ਨੇ ਦੱਸਿਆ ਕਿ ਪੰਜਾਬ ਦੇ ਕੰਢੀ ਇਲਾਕਿਆਂ ਵਿੱਚ ਰੇਸ਼ਮ ਕੀਟ ਪਾਲਣ ਕਿੱਤੇ ਦੇ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਸੈਰੀਕਲਚਰ ਨਾਲ ਸਬੰਧਤ ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਤਕਨੀਕੀ ਤੇ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਵਿੱਚ ਸੈਰੀਕਲਚਰ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਬਾਗਬਾਨੀ ਵਿਭਾਗ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੰਜਾਬ ਵਿੱਚ ਇਸ ਕਿੱਤੇ ਦੇ ਵਧੇਰੇ ਵਿਕਾਸ ਲਈ ਯਤਨ ਕਰਨ ਤੋਂ ਇਲਾਵਾ ਰਾਜ ਵਿੱਚ ਹੋ ਰਹੀ ਕਾਕੂਨ ਪੈਦਾਵਾਰ ਦੇ ਬਿਹਤਰ ਮੰਡੀਕਰਨ ਲਈ ਕੇਂਦਰ ਸਰਕਾਰ ਵੱਲੋਂ ਹਰ ਪੱਖੋਂ ਸਹਿਯੋਗ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਬਾਗਬਾਨੀ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਸ਼ੈਲਿੰਦਰ ਕੌਰ ਅਤੇ ਸੰਯੁਕਤ ਡਾਇਰੈਕਟਰ ਗੁਲਾਬ ਸਿੰਘ ਗਿੱਲ ਨੇ ਵਰਕਸ਼ਾਪ ਵਿੱਚ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ।
ਸ੍ਰੀਮਤੀ ਸ਼ੈਲਿੰਦਰ ਕੌਰ ਨੇ ਪੰਜਾਬ ਵਿੱਚ ਸੈਰੀਕਲਚਰ ਦੀ ਸਥਿਤੀ ਬਾਰੇ ਜਾਣੂ ਕਰਾਉਂਦਿਆਂ ਦੱਸਿਆ ਕਿ ਸੈਰੀਕਲਚਰ ਦਾ ਕਿੱਤਾ ਮੁੱਖ ਤੌਰ ’ਤੇ ਨੀਮ ਪਹਾੜੀ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਦੇ ਕਰੀਬ 1 ਹਜ਼ਾਰ ਰੇਸ਼ਮ ਕੀਟ ਪਾਲਕਾਂ ਵੱਲੋਂ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਸਾਲ ਵਿੱਚ 10 ਹਜ਼ਾਰ ਰੁਪਏ ਤੋਂ 12 ਹਜ਼ਾਰ ਰੁਪਏ ਦੀ ਆਮਦਨ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਕੁਲ 12 ਸਰਕਾਰੀ ਮਲਬਰੀ ਫਾਰਮ ਹਨ। ਵਾਤਾਵਰਨ ਅਨੁਕੂਲਿਤ ਕਿੱਤਾ ਹੋਣ ਕਰਕੇ ਰਾਜ ਵਿੱਚ ਰੇਸ਼ਮ ਬੀਜ ਦੀ ਪਾਲਣਾ ਬਸੰਤ ਰੁੱਤ ਅਤੇ ਪਤਝੜ ਰੁੱਤ ਵਿੱਚ ਕੀਤੀ ਜਾਂਦੀ ਹੈ। ਹਰ ਸਾਲ ਪੰਜਾਬ ਵਿੱਚ ਲਗਭਗ 700 ਅੌਂਸ ਤੋਂ 800 ਅੌਂਸ ਰੇਸ਼ਮ ਬੀਜ ਦੀ ਰੇਰਿੰਗ ਕੀਤੀ ਜਾਂਦੀ ਹੈ। ਜਿਸ ’ਚੋਂ 30 ਹਜ਼ਾਰ ਕਿੱਲੋ ਗਰਾਮ ਰੇਸ਼ਮ ਦੀ ਟੂਟੀ (ਕਕੂਨ) ਦੀ ਪੈਦਾਵਾਰ ਕੀਤੀ ਜਾਂਦੀ ਹੈ।
ਮੁੱਖ ਮਹਿਮਾਨ ਵੱਲੋਂ ਪੰਜਾਬ ਬਾਗ਼ਬਾਨੀ ਵਿਭਾਗ ਵੱਲੋਂ ਰੇਸ਼ਮ ਕੀਟ ਪਾਲਕਾਂ ਲਈ ਸੈਰੀਕਲਚਰ ਨਾਲ ਸਬੰਧਤ ਤਕਨੀਕੀ ਸਿਫ਼ਾਰਸ਼ਾਂ ਦਾ ਤਿਆਰ ਕੀਤਾ ਗਿਆ ਕਿਤਾਬਚਾ ਵੀ ਜਾਰੀ ਕੀਤਾ ਗਿਆ। ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਚਤੁਰਜੀਤ ਸਿੰਘ, ਐਸਓ ਮਿਸ ਮੀਨੂੰ ਬਾਲਾ ਤੇ ਮਿਸ ਇੰਦਰਜੀਤ ਕੌਰ ਅਤੇ ਮੈਨੇਜਰ ਸੈਰੀਕਲਚਰ ਅਵਤਾਰ ਸਿੰਘ ਵੀ ਮੌਜੂਦ ਰਹੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …