ਅਤਿ-ਆਧੁਨਿਕ ਕੈਂਸਰ ਕੇਅਰ ਸੇਵਾਵਾਂ ਨਵੰਬਰ ਤੋਂ ਮੁਹੱਈਆ ਕਰਵਾਈਆਂ ਜਾਣਗੀਆਂ: ਮੁੱਖ ਸਕੱਤਰ

ਮੁੱਖ ਸਕੱਤਰ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਨਿਰਮਾਣ ਸਥਾਨ ਦਾ ਦੌਰਾ ਕਰਕੇ ਪ੍ਰਗਤੀ ਦੀ ਕੀਤੀ ਸਮੀਖਿਆ

ਹੁਣ ਤੱਕ 65,000 ਕੈਂਸਰ ਮਰੀਜ਼ਾਂ ਨੂੰ ਨਗਦ ਰਹਿਤ ਇਲਾਜ ਮੁਹੱਈਆ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਗਸਤ:
ਨਿਊ ਚੰਡੀਗੜ੍ਹ (ਮੁਹਾਲੀ) ਵਿਖੇ ਮੈਡੀਸਿਟੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਭਰੋਸਾ ਦਵਾਇਆ ਕਿ ਇਸ ਅਤਿ-ਆਧੁਨਿਕ ਕੈਂਸਰ ਟਰਸ਼ਰੀ ਕੇਅਰ ਸਹੂਲਤਾਂ ਨੂੰ ਇਸੇ ਸਾਲ ਨਵੰਬਰ ਤੋਂ ਕਾਰਜਸ਼ੀਲ ਕੀਤਾ ਜਾਵੇਗਾ। ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਇਸ ਵੱਕਾਰੀ ਪ੍ਰਾਜੈਕਟ ਦੇ ਛੇਤੀ ਉਦਘਾਟਨ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ। ਅਧਿਕਾਰੀਆਂ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਮੁਕੰਮਲ ਹੋਣ ਕੰਢੇ ਹੈ।
ਇਸ ਮਹੱਤਵਪੂਰਨ ਸਿਹਤ ਸੰਭਾਲ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ 300 ਬੈੱਡਾਂ ਵਾਲਾ ਇਹ ਅਤਿ-ਆਧੁਨਿਕ ਹਸਪਤਾਲ ਸਮੁੱਚੇ ਉੱਤਰੀ ਖੇਤਰ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ, ਲਈ ਤੀਜੇ ਦਰਜੇ ਦੀਆਂ ਸੇਵਾਵਾਂ ਲਈ ਸੈਂਟਰ ਵਜੋਂ ਕੰਮ ਕਰੇਗਾ। ਹਸਪਤਾਲ ਵਿੱਚ ਰੇਡੀਓਥੈਰੇਪੀ, ਰੇਡੀਓਲੋਜੀ, ਸੀਟੀ ਸਕੈਨ, ਐਮਆਰਆਈ, ਅਲਟਰਾਸਾਊਂਡ, ਐਕਸ-ਰੇ, ਮੈਮੋਗ੍ਰਾਫੀ, ਮੈਡੀਕਲ ਓਨਕੋਲੋਜੀ, ਕੀਮੋਥੈਰੇਪੀ, ਡੇ-ਕੇਅਰ ਵਾਰਡ, ਪੈਥੋਲੋਜੀ ਅਤੇ ਲੈਬ ਸਹੂਲਤਾਂ, ਮਾਈਨਰ ਓਟੀ, ਓਪੀਡੀ ਸੇਵਾਵਾਂ ਸ਼ੁਰੂ ਕਰਨ ਤੋਂ ਇਲਾਵਾ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪੈਲੀਏਟਿਵ ਕੇਅਰ ਪ੍ਰੀਵੇਂਟਿਵ ਓਨਕੋਲੋਜੀ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸਹੂਲਤਾਂ ਨਵੰਬਰ ਤੋਂ ਮਰੀਜਾਂ ਲਈ ਉਪਲਬਧ ਹੋਣਗੀਆਂ। ਮੁੱਖ ਸਕੱਤਰ ਨੇ ਕਿਹਾ ਕਿ ਪ੍ਰਮਾਣੂ ਊਰਜਾ ਵਿਭਾਗ ਅਧੀਨ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੀ ਇਕ ਇਕਾਈ 663.74 ਕਰੋੜ ਰੁਪਏ ਦੀ ਮਨਜ਼ੂਰਸ਼ੁਦਾ ਲਾਗਤ ਨਾਲ 40,545 ਵਰਗ ਮੀਟਰ ਖੇਤਰ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਲਈ 50 ਏਕੜ ਜ਼ਮੀਨ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਈ ਗਈ ਹੈ। ਇੱਥੇ ਡਾਕਟਰਾਂ ਅਤੇ ਨਰਸਾਂ ਲਈ ਰਿਹਾਇਸ਼ੀ ਹੋਸਟਲ ਅਤੇ ਫੈਕਲਟੀ ਲਈ ਰਿਹਾਇਸ਼ ਦੀ ਸਹੂਲਤ ਤੋਂ ਇਲਾਵਾ, ਹਸਪਤਾਲ ਵਿੱਚ ਬਣਾਈ ਗਈ ਧਰਮਸ਼ਾਲਾ ਵਿੱਚ ਕੈਂਸਰ ਮਰੀਜ਼ਾਂ ਲਈ ਠਹਿਰਨ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸੰਗਰੂਰ ਅਤੇ ਬਠਿੰਡਾ ਵਿੱਚ ਦੋ ਅਤਿ-ਆਧੁਨਿਕ ਕੈਂਸਰ ਹਸਪਤਾਲ ਪਹਿਲਾਂ ਹੀ ਕਾਰਜਸ਼ੀਲ ਹਨ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ, ਡਾਇਰੈਕਟਰ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਡਾ. ਆਰ.ਏ. ਬਡਵੇ, ਡੀਸੀ ਮੁਹਾਲੀ ਗਿਰੀਸ਼ ਦਿਆਲਨ, ਡਾਇਰੈਕਟਰ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨਿਊ ਚੰਡੀਗੜ੍ਹ ਡਾ. ਰਾਕੇਸ਼ ਕਪੂਰ, ਅਫ਼ਸਰ ਇੰਚਾਰਜ ਐਚਬੀਸੀਐਚ ਐਂਡ ਆਰਸੀ ਨਿਊ ਚੰਡੀਗੜ੍ਹ ਡਾ. ਆਸ਼ੀਸ਼ ਗੁਲੀਆ ਮੌਜੂਦ ਸਨ। ਸੰਗਰੂਰ ਦੇ ਹੋਮੀ ਭਾਭਾ ਕੈਂਸਰ ਹਸਪਤਾਲ ਵਿੱਚ ਹੁਣ ਤੱਕ 23,000 ਤੋਂ ਵੱਧ ਕੈਂਸਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਜਦਕਿ ਬਠਿੰਡਾ ਦੇ ਐਡਵਾਂਸ ਕੈਂਸਰ ਡਾਇਗਨੋਸਿਸ, ਟਰੀਟਮੈਂਟ ਐਂਡ ਰਿਸਰਚ ਸੈਂਟਰ ਵਿੱਚ ਹੁਣ ਤੱਕ 2500 ਤੋਂ ਵੱਧ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕੈਂਸਰ ਦੇ ਇਲਾਜ ਦੀਆਂ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਫਾਜ਼ਿਲਕਾ ਵਿੱਚ ਇੱਕ ਤੀਜੇ ਦਰਜੇ ਦਾ ਕੈਂਸਰ ਕੇਅਰ ਸੈਂਟਰ ਵੀ ਸਥਾਪਤ ਕੀਤਾ ਜਾ ਰਿਹਾ ਹੈ। ਮੁੱਖ ਸਕੱਤਰ ਨੇ ਦੱਸਿਆ ਕਿ ਇਸ ਸੈਂਟਰ ਸਬੰਧੀ ਮੁੱਖ ਸਿਵਲ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਅਗਲੇ ਸਾਲ ਇਸ ਦੇ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ।

ਸ੍ਰੀਮਤੀ ਮਹਾਜਨ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਕੈਂਸਰ ਹਸਪਤਾਲਾਂ ਵਿੱਚ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ 65,000 ਤੋਂ ਵੱਧ ਕੈਂਸਰ ਮਰੀਜ਼ਾਂ ਨੂੰ ਨਕਦ ਰਹਿਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਇਹ ਪ੍ਰੋਜੈਕਟ ਮੁਕੰਮਲ ਹੋਣ ’ਤੇ ਨਾ ਸਿਰਫ਼ ਇਸ ਖੇਤਰ ਲਈ ਸਿਹਤ ਸਹੂਲਤਾਂ ਨੂੰ ਪਹੁੰਚਯੋਗ ਬਣਾਏਗਾ ਬਲਕਿ ਮੈਡੀਕਲ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਸਹਾਇਤਾ ਕਰੇਗਾ ਕਿਉਂਕਿ ਸੂਬਾ ਸਰਕਾਰ ਵੱਖ-ਵੱਖ ਪਹਿਲਕਦਮੀਆਂ ਰਾਹੀਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੁਹਾਲੀ ਨੂੰ ਮੈਡੀਕਲ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…