
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਵੱਲੋਂ ਦੋ ਮੁਲਜ਼ਮ ਅਸਲੇ ਸਣੇ ਗ੍ਰਿਫ਼ਤਾਰ
ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਟਾਰਗੇਟ ਕਰਨ ਨਾਲ ਪੰਜਾਬ ਵਿੱਚ ਦੰਗੇ ਫਸਾਦ ਹੋਣ ਦਾ ਖ਼ਦਸ਼ਾ
ਪੰਜਾਬ ਵਿੱਚ ਰਸੂਖਵਾਨ ਲੋਕਾਂ ਤੋਂ ਫਿਰੌਤੀਆਂ ਵਸੂਲ ਰਹੇ ਸਨ ਮੁਲਜ਼ਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਵਿਦੇਸ਼ੀ ਮੁਲਕਾਂ ਵਿੱਚ ਬੈਠ ਕੇ ਪੰਜਾਬ ਸਮੇਤ ਗੁਆਂਢੀ ਸੂਬਿਆਂ ਵਿੱਚ ਫਿਰੌਤੀਆਂ ਮੰਗਣ ਲਈ ਉੱਘੇ ਕਾਰੋਬਾਰੀਆਂ ਨੂੰ ਡਰਾਉਣ ਧਮਕਾਉਣ ਵਾਲੇ ਇੱਕ ਹੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਉਨ੍ਹਾਂ ਦੇ ਦੋ ਸਾਥੀਆਂ ਸੁਮਿਤ ਕੁਮਾਰ ਵਾਸੀ ਸੋਨੀਪਤ (ਹਰਿਆਣਾ) ਅਤੇ ਸ਼ਾਹਰੁਖ਼ ਖਾਨ ਵਾਸੀ ਸੁਲਤਾਨ ਨਗਰ, ਜ਼ਿਲ੍ਹਾ ਮੇਰਠ (ਯੂਪੀ) ਨੂੰ ਮੁਹਾਲੀ ਏਅਰਪੋਰਟ ਸੜਕ ’ਤੇ ਸਥਿਤ ਪਿੰਡ ਛੱਤ ਨੇੜਲੇ ਲਾਲ ਬੱਤੀ ਚੌਰਾਹੇ ਤੋਂ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਅੱਜ ਇੱਥੇ ਇਸ ਗੱਲ ਦਾ ਖੁਲਾਸਾ ਕਰਦਿਆਂ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਏਆਈਜੀ ਅਸ਼ਵਨੀ ਕੁਮਾਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 2 ਪਿਸਤੌਲ ਅਤੇ 7 ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਸਥਿਤ ਐਸਐਸਓਸੀ ਥਾਣੇ ਵਿੱਚ ਧਾਰਾ 384,153,153ਏ, 120-ਬੀ ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।।
ਏਆਈਜੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਸਿੰਘ ਵਾਸੀ ਪਿੰਡ ਡਾਲਾ (ਮੋਗਾ) ਹਾਲ ਵਾਸੀ ਕੈਨੇਡਾ ਅਤੇ ਗੁਰਜੰਟ ਸਿੰਘ ਉਰਫ਼ ਜੰਟਾ ਵਾਸੀ ਪਿੰਡ ਸੁਹਾਵੀ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਹਾਲ ਵਾਸੀ ਆਸਟ੍ਰੇਲੀਆ। ਵਿਦੇਸ਼ਾਂ ਵਿੱਚ ਬੈਠ ਕੇ ਗਲਤ ਕਾਰਵਾਈਆਂ ਕਰ ਰਹੇ ਹਨ। ਪੁਲੀਸ ਅਨੁਸਾਰ ਮੁਲਜ਼ਮ ਆਈਐਸਆਈ ਏਜੰਸੀ ਨਾਲ ਮਿਲ ਕੇ ਭਾਰਤ ਵਿੱਚ ਆਪਣੇ ਸਾਥੀਆਂ ਨੂੰ ਅਸਲਾ ਸਪਲਾਈ ਕੀਤਾ ਹੈ ਅਤੇ ਉਹ ਪੰਜਾਬ ਵਿੱਚ ਰਸੂਖਵਾਨ ਲੋਕਾਂ ਤੋਂ ਫਿਰੋਤੀਆਂ ਵਸੂਲ ਰਹੇ ਹਨ। ਇਹੀ ਨਹੀਂ ਇਹ ਵਿਅਕਤੀ ਫਿਰਕੂ ਤਣਾਅ ਪੈਦਾ ਕਰਨ ਲਈ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਟਾਰਗੇਟ ਕਰਨ ਦਾ ਯਤਨ ਕਰ ਰਹੇ ਹਨ। ਜਿਸ ਨਾਲ ਪੰਜਾਬ ’ਚ ਦੰਗੇ ਫਸਾਦ ਹੋ ਸਕਦੇ ਹਨ।
ਏਆਈਜੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਫੇਸਬੁੱਕ ਰਾਹੀਂ ਅਰਸ਼ਦੀਪ ਸਿੰਘ ਅਤੇ ਗੁਰਜੰਟ ਸਿੰਘ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਕਹਿਣ ’ਤੇ ਮੁਹਾਲੀ ਵਿੱਚ ਕਿਸੇ ਰਸੂਖਦਾਰ ਵਿਅਕਤੀ ਨੂੰ ਡਰਾਉਣ ਧਮਕਾਉਣ ਆਏ ਸਨ। ਮੁਲਜ਼ਮਾਂ ਨੇ ਪੀਸੀਏ ਸਟੇਡੀਅਮ ਦੀਆਂ ਲਾਈਟਾਂ ਕੋਲ ਪਹੁੰਚ ਕੇ ਅਰਸ਼ਦੀਪ ਅਤੇ ਗੁਰਜੰਟ ਵੱਲੋਂ ਦੱਸੀ ਲੋਕੇਸ਼ਨ ’ਤੇ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਪੁਲੀਸ ਦੇ ਧੱਕੇ ਚੜ੍ਹ ਗਏ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਇਕ ਵੱਡੀ ਵਾਰਦਾਤ ਹੋਣ ਤੋਂ ਟਲ ਗਈ ਹੈ। ਮੁਲਜ਼ਮ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਫਿਰੌਤੀਆਂ ਮੰਗਣ ਅਤੇ ਦੰਗਾ ਫਸਾਦ ਕਰਵਾਉਣ ਦੀ ਸਾਜ਼ਿਸ਼ ਰਚਨ ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।