
ਮਾਰਕੀਟ ਦੀ ਪਾਰਕਿੰਗ ’ਚ ਖੜੀ ਕਾਰ ਦਾ ਸ਼ੀਸਾ ਤੋੜ ਕੇ ਡਾਲਰ ਤੇ ਨਗਦੀ ਚੋਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਮੁਹਾਲੀ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਥੋਂ ਦੇ ਫੇਜ਼-7 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਖੜੀ ਕਾਰ ਦਾ ਸ਼ੀਸਾ ਤੋੜ ਕੇ ਹਜ਼ਾਰਾਂ ਡਾਲਰ ਅਤੇ ਲੱਖਾਂ ਰੁਪਏ ਨਗਦੀ ਚੋਰੀ ਕਰਨ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਐਚਡੀਐਫ਼ਸੀ ਬੈਂਕ ਫੇਜ਼-7 ਦੇ ਉਪਰਲੇ ਹਿੱਸੇ ਵਿੱਚ ਏਅਰ ਟਿਕਟਿੰਗ ਅਤੇ ਟੂਰ ਐਂਡ ਟਰੈਵਲ ਦਾ ਕੰਮ ਕਰਦੇ ਭਾਰਤ ਭੂਸ਼ਨ ਟਿੰਕੂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਉਸ ਦੇ ਬੇਟੇ ਨੇ ਉਨ੍ਹਾਂ ਦੇ ਦਫ਼ਤਰ ਵਿੱਚ ਕੰਮ ਕਰਦੇ ਵਿਅਕਤੀ ਨੂੰ ਬੈਗ ਦੇ ਕੇ ਕਾਰ ਵਿੱਚ ਰੱਖਣ ਲਈ ਭੇਜਿਆ ਸੀ, ਜੋ ਮਾਰਕੀਟ ਵਿੱਚ ਖੜੀ ਕਾਰ ਵਿੱਚ ਬੈਗ ਰੱਖ ਕੇ ਅਤੇ ਕਾਰ ਨੂੰ ਤਾਲਾ ਲਗਾ ਕੇ ਕੁਝ ਦੂਰੀ ’ਤੇ ਖੜ ਕੇ ਕਿਸੇ ਨਾਲ ਮੋਬਾਈਲ ’ਤੇ ਗੱਲ ਕਰਨ ਲੱਗ ਪਿਆ।
ਇਸ ਦੌਰਾਨ ਕਿਸੇ ਅਣਪਛਾਤੇ ਨੇ ਕਾਰ ਦਾ ਸ਼ੀਸਾ ਤੋੜ ਕੇ ਬੈਗ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਬੈਗ ਵਿੱਚ ਹਜ਼ਾਰਾਂ ਵਿਦੇਸ਼ੀ ਡਾਲਰ ਅਤੇ ਲੱਖਾਂ ਰੁਪਏ ਭਾਰਤੀ ਕਰੰਸੀ ਸੀ। ਇਸ ਸਬੰਧੀ ਉਨ੍ਹਾਂ ਨੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ। ਅੱਜ ਡੀਐਸਪੀ (ਸਿਟੀ-1) ਦੀ ਅਗਵਾਈ ਹੇਠ ਪੁਲੀਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਮਾਰਕੀਟ ਸਮੇਤ ਹੋਰ ਨੇੜਲੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਗਈਆਂ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਉਧਰ, ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਕਾਰੋਬਾਰੀਆਂ ਦੀ ਸੁਰੱਖਿਆ ਦੀ ਮੰਗ ਕਰਦਿਆਂ ਮਾਰਕੀਟਾਂ ਅਤੇ ਐਂਟਰੀ ਪੁਆਇੰਟਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਜਾਣ ਅਤੇ ਦਿਨ ਤੇ ਰਾਤ ਨੂੰ ਪੁਲੀਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਸ਼ਹਿਰ ਵਿੱਚ ਜੁਰਮ ਨੂੰ ਠੱਲ੍ਹ ਪੈ ਸਕੇ।