
ਭੇਡਾਂ, ਬੱਕਰੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਭਗੌੜਾ ਮੁਲਜ਼ਮ ਗ੍ਰਿਫ਼ਤਾਰ
ਸੋਹਾਣਾ ਪੁਲੀਸ ਨੇ ਪੰਜ ਸਾਲ ਤੋਂ ਭਗੌੜੇ ਮੁਲਜ਼ਮ ਨੂੰ ਵਿਕਾਸ ਨਗਰ ਮੌਲੀ ਜੱਗਰਾਂ ਤੋਂ ਕੀਤਾ ਕਾਬੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਸੋਹਾਣਾ ਪੁਲੀਸ ਵੱਲੋਂ ਭੇਡਾਂ, ਬੱਕਰੀਆਂ ਚੋਰੀ ਕਰਨ ਵਾਲੇ ਗਰੋਹ ਦੇ ਇਕ ਭਗੌੜੇ ਮੁਲਜ਼ਮ ਮਨਪ੍ਰੀਤ ਸਿੰਘ ਵਾਸੀ ਪਿੰਡ ਨਗਲਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਵਿਕਾਸ ਨਗਰ, ਮੌਲੀ ਜੱਗਰਾਂ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏਐਸਆਈ ਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਸਾਲ 2014 ਵਿੱਚ ਜਾਨਵਰ ਚੋਰੀ ਕਰਨ ਦੇ ਦੋਸ ਹੇਠ ਸੋਹਾਣਾ ਥਾਣੇ ਵਿੱਚ ਅਪਰਾਧਿਕ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਦੋ ਹੋਰਨਾਂ ਵਿਅਕਤੀਆਂ ਦੇ ਨਾਲ ਮਿਲ ਕੇ ਪਿੰਡਾਂ ਵਿੱਚ ਭੇਡਾਂ-ਬੱਕਰੀਆਂ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਖ਼ਿਲਾਫ਼ 50 ਭੇਡਾਂ, ਦੋ ਭੇਡੂ ਅਤੇ 13 ਬੱਕਰੀਆਂ ਚੋਰੀ ਕਰਨ ਦਾ ਕੇਸ ਦਰਜ ਹੈ ਅਤੇ ਇਹ ਵਿਅਕਤੀ ਪਿਛਲੇ ਪੰਜ ਸਾਲ ਤੋਂ ਭਗੌੜਾ ਚੱਲਿਆ ਆ ਰਿਹਾ ਸੀ ਅਤੇ ਮੌਲੀ ਜੱਗਰਾਂ (ਚੰਡੀਗੜ੍ਹ) ਦੇ ਵਿਕਾਸ ਨਗਰ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।