
ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ: ਪੁਲੀਸ ’ਤੇ ਅਦਾਲਤ ਦੇ ਹੁਕਮ ਨਾ ਮੰਨਣ ਦਾ ਦੋਸ਼
ਐੱਸਐੱਸਪੀ ਨੇ ਐਸਪੀ (ਦਿਹਾਤੀ) ਨਵਰੀਤ ਵਿਰਕ ਨੂੰ ਸੌਂਪੀ ਜਾਂਚ, ਐਸਐਚਓ ਨੇ ਦੋਸ਼ ਨਕਾਰੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਇੱਥੋਂ ਦੇ ਨਜ਼ਦੀਕੀ ਪਿੰਡ ਚੋਟਲਾ ਕਲਾਂ ਦਾ ਇੱਕ ਪਰਿਵਾਰ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਪੁਲੀਸ ਅਦਾਲਤ ਦੇ ਹੁਕਮ ਤੱਕ ਮੰਨਣ ਨੂੰ ਤਿਆਰ ਨਹੀਂ ਹੈ। ਪੀੜਤ ਰਵੀ ਸਿੰਘ ਪੁੱਤਰ ਜੰਗ ਸਿੰਘ ਅਤੇ ਉਸ ਦੀ ਪਤਨੀ ਕਰਮਜੀਤ ਕੌਰ ਨੇ ਮੁਹਾਲੀ ਵਿੱਚ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਜਾਂਚ ਅਧਿਕਾਰੀ ਅਤੇ ਖਰੜ ਪੁਲੀਸ ’ਤੇ ਤੰਗ ਪ੍ਰੇਸ਼ਾਨ ਕਰਨ ਅਤੇ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ ਲਾਏ ਹਨ। ਐੱਸਐੱਸਪੀ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿੰਦੇ ਹੋਏ ਪੂਰੇ ਮਾਮਲੇ ਦੀ ਜਾਂਚ ਐਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਨੂੰ ਸੌਂਪੀ ਹੈ।
ਪੀੜਤ ਰਵੀ ਸਿੰਘ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਲੜਾਈ ਝਗੜੇ ਦੇ ਮਾਮਲੇ ਵਿੱਚ ਪੁਲੀਸ ਨੇ ਉਨ੍ਹਾਂ ਦਾ ਮੋਟਰਸਾਈਕਲ ਅਤੇ ਐਕਟਿਵਾ ਸਕੂਟਰ ਆਪਣੇ ਕਬਜ਼ੇ ਵਿੱਚ ਲਏ ਸਨ। ਇਸ ਸਬੰਧੀ ਮਾਰਚ ਮਹੀਨੇ ਖਰੜ ਅਦਾਲਤ ਨੇ ਉਨ੍ਹਾਂ ਦੇ ਦੋ ਪਹੀਆ ਵਾਹਨ ਰਿਲੀਜ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਲੇਕਿਨ ਹੁਣ ਤੱਕ ਪੁਲੀਸ ਨੇ ਉਨ੍ਹਾਂ ਦੇ ਵਾਹਨ ਰਿਲੀਜ਼ ਨਹੀਂ ਕੀਤੇ। ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਜਾਂਚ ਅਧਿਕਾਰੀ ਅਤੇ ਹੋਰ ਪੁਲੀਸ ਅਫ਼ਸਰਾਂ ਨਾਲ ਥਾਣੇ ਜਾ ਕੇ ਗੱਲ ਕੀਤੀ ਤਾਂ ਉਨ੍ਹਾਂ ਨੇ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਉਨ੍ਹਾਂ ਦਾ ਇੱਥੇ ਕੋਈ ਵਾਹਨ ਨਹੀਂ ਹੈ। ਉਨ੍ਹਾਂ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਐਕਟਿਵਾ ਸਕੂਟਰ ਦੀ ਡਿੱਗੀ ਵਿੱਚ ਆਧਾਰ ਕਾਰਡ, ਪੈਨ ਕਾਰਡ, ਅਲਮਾਰੀ ਦੀਆਂ ਚਾਬੀਆਂ, ਮੋਬਾਈਲ ਫੋਨ, 10 ਹਜ਼ਾਰ ਰੁਪਏ ਨਗਦ ਅਤੇ ਕੁੱਝ ਹੋਰ ਜ਼ਰੂਰੀ ਦਸਤਾਵੇਜ਼ ਸਨ।
ਰਵੀ ਸਿੰਘ ਅਤੇ ਉਸ ਦੀ ਪਤਨੀ ਨੇ ਦੋਸ਼ ਲਾਇਆ ਕਿ ਜਿਸ ਮੁਕੱਦਮੇ ਵਿੱਚ ਪੁਲੀਸ ਨੇ ਉਨ੍ਹਾਂ ਦੇ ਵਾਹਨ ਜ਼ਬਤ ਕੀਤੇ ਹਨ, ਦਰਅਸਲ ਇਹ ਪਰਚਾ ਵੀ ਸਿਆਸੀ ਦਬਾਅ ਕਾਰਨ ਝੂਠਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਤੇ ਸਿਆਸੀ ਗੱਠਜੋੜ ਦੀਆਂ ਕਥਿਤ ਵਧੀਕੀਆਂ ਕਾਰਨ ਉਨ੍ਹਾਂ ਨੂੰ ਆਪਣਾ ਘਰ ਛੱਡ ਕੇ ਮੰਦਰ ਵਿੱਚ ਰਹਿਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਵੇਂ ਮਾਮਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਦੇ ਵਾਹਨ ਰਿਲੀਜ਼ ਕੀਤੇ ਜਾਣ।
ਉਧਰ, ਦੂਜੇ ਪਾਸੇ ਖਰੜ ਸਦਰ ਥਾਣਾ ਦੇ ਐਸਐਚਓ ਜਗਜੀਤ ਸਿੰਘ ਨੇ ਸ਼ਿਕਾਇਤ ਕਰਤਾ ਵੱਲੋਂ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਰਵੀ ਸਿੰਘ ਆਦਿ ਵਿਰੁੱਧ ਲੜਾਈ ਝਗੜੇ ਦਾ ਪਰਚਾ ਦਰਜ ਕੀਤਾ ਗਿਆ ਸੀ ਅਤੇ ਇਸ ਕੇਸ ਵਿੱਚ ਉਨ੍ਹਾਂ ਦਾ ਮੋਟਰ ਸਾਈਕਲ ਅਤੇ ਐਕਟਿਵਾ ਕਬਜ਼ੇ ਵਿੱਚ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਮੋਟਰ ਸਾਈਕਲ ਰਵੀ ਸਿੰਘ ਦੇ ਪਿਤਾ ਜੰਗ ਸਿੰਘ ਦੇ ਨਾਂ ’ਤੇ ਹੈ ਅਤੇ ਜੰਗ ਸਿੰਘ ਦੇ ਨਾਂ ’ਤੇ ਹੀ ਅਦਾਲਤ ਨੇ ਰਿਲੀਜ਼ ਹੁਕਮ ਜਾਰੀ ਕੀਤੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਬੀਤੇ ਦਿਨੀਂ ਰਵੀ ਸਿੰਘ ਮੋਟਰ ਸਾਈਕਲ ਲੈਣ ਲਈ ਥਾਣੇ ਆਇਆ ਸੀ। ਉਸ ਨੂੰ ਪੰਜਾਬੀ ਵਿੱਚ ਸਮਝਾਇਆ ਗਿਆ ਸੀ ਕਿ ਮੋਟਰ ਸਾਈਕਲ ਉਸ ਦੇ ਪਿਤਾ ਦੇ ਨਾਂ ’ਤੇ ਹੈ ਅਤੇ ਉਸੇ ਨੂੰ ਹੀ ਦਿੱਤਾ ਜਾਵੇਗਾ। ਵਾਹਨ ਚੋਰੀ ਹੋਣ ਬਾਰੇ ਪੁਲੀਸ ਦਾ ਕਹਿਣਾ ਹੈ ਕਿ ਨਵੇਂ ਥਾਣੇ ਵਿੱਚ ਸਮਾਨ ਸ਼ਿਫ਼ਟ ਕਰਨ ਸਮੇਂ ਇਹ ਵਾਹਨ ਇੱਧਰ ਉਧਰ ਹੋ ਗਏ ਸੀ ਪ੍ਰੰਤੂ ਬਾਅਦ ਵਿੱਚ ਮਿਲ ਗਏ ਹਨ ਅਤੇ ਦੋਵੇਂ ਵਾਹਨ ਥਾਣੇ ਵਿੱਚ ਮੌਜੂਦ ਸਨ।