Share on Facebook Share on Twitter Share on Google+ Share on Pinterest Share on Linkedin ਐਸਟੀਐਫ਼ ਵੱਲੋਂ ਬਲੌਂਗੀ ਨੇੜਿਓਂ ਦੋ ਵਿਅਕਤੀ 70 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਨਵੰਬਰ: ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਦੋ ਵਿਅਕਤੀਆਂ ਨੂੰ 70 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰਾਹੁਲ ਚਾਨਾ ਅਤੇ ਕ੍ਰਿਸ਼ਨ ਸਰਦਾਨਾ ਦੋਵੇਂ ਵਾਸੀ ਹਿਸਾਰ (ਹਰਿਆਣਾ) ਵਜੋਂ ਹੋਈ ਹੈ। ਮੌਜੂਦਾ ਸਮੇਂ ਵਿੱਚ ਦੋਵੇਂ ਜਣੇ ਪਿੰਡ ਧਨਾਸ (ਚੰਡੀਗੜ੍ਹ) ਵਿੱਚ ਰਹਿੰਦੇ ਸੀ। ਮੁਲਜ਼ਮ ਦੇ ਖ਼ਿਲਾਫ਼ ਐਸਟੀਐਫ਼ ਫੇਜ਼-4 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅੱਜ ਸ਼ਾਮ ਇਹ ਜਾਣਕਾਰੀ ਦਿੰਦਿਆਂ ਐਸਟੀਐਫ਼ ਰੂਪਨਗਰ ਰੇਂਜ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਟੀਐਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਐਕਟਿਵਾ ’ਤੇ ਸਵਾਰ ਹੋ ਕੇ ਨਸ਼ੇ ਦੀ ਤਸਕਰੀ ਕਰਨ ਲਈ ਚੰਡੀਗੜ੍ਹ ਤੋਂ ਖਰੜ ਵੱਲ ਆ ਰਹੇ ਹਨ। ਇਸ ਸਬੰਧੀ ਏਐਸਆਈ ਮਲਕੀਤ ਸਿੰਘ ਦੀ ਅਗਵਾਈ ਹੇਠ ਪੁਰਾਣਾ ਸੇਲ ਟੈਕਸ ਬੈਰੀਅਰ ਬਲੌਂਗੀ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰਾਹੁਲ ਚਾਨਾ ਅਤੇ ਕ੍ਰਿਸ਼ਨ ਸਰਦਾਨਾ ਨੂੰ 70 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਰਾਹੁਲ ਖ਼ਿਲਾਫ਼ ਪਹਿਲਾਂ ਵੀ ਹਰਿਆਣਾ ਦੇ ਥਾਣਾ ਭਵਾਨੀ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਹੈ ਅਤੇ ਉਸ ਦਾ ਪਤਨੀ ਨਾਲ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਹੈ। ਜਿਸ ਕਾਰਨ ਉਹ ਪਿੰਡ ਧਨਾਸ ਵਿੱਚ ਆਪਣੇ ਦੋਸਤ ਕ੍ਰਿਸ਼ਨ ਸਰਦਾਨਾ ਕੋਲ ਆ ਕੇ ਰਹਿਣ ਲੱਗ ਪਿਆ ਸੀ। ਕ੍ਰਿਸ਼ਨ ਸਰਦਾਨਾ ਬਾਰ੍ਹਵੀਂ ਤੱਕ ਪੜਿਆ ਹੈ ਜੋ ਪਹਿਲਾਂ ਆਪਣੇ ਪਿਤਾ ਨਾਲ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਪ੍ਰੰਤੂ ਪਿਤਾ ਦੀ ਮੌਤ ਤੋਂ ਬਾਅਦ ਉਸ ਨੇ ਦੁਕਾਨਦਾਰੀ ਛੱਡ ਦਿੱਤੀ। ਜਿਸ ਕਾਰਨ ਉਸ ਦੇ ਸਿਰ ’ਤੇ ਕਾਫੀ ਕਰਜ਼ਾ ਚੜ੍ਹ ਗਿਆ। ਇਸ ਦੌਰਾਨ ਉਸ ਨੇ ਆਪਣੇ ਦੋਸਤ ਰਾਹੁਲ ਨਾਲ ਮਿਲ ਕੇ ਦਿੱਲੀ ਤੋਂ ਨਾਇਜੀਰੀਅਨ ਕੋਲੋਂ ਹੈਰੋਇਨ ਲਿਆ ਕੇ ਚੰਡੀਗੜ੍ਹ, ਮੁਹਾਲੀ ਅਤੇ ਆਸ ਪਾਸ ਇਲਾਕੇ ਵਿੱਚ ਵੇਚਣੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ