Share on Facebook Share on Twitter Share on Google+ Share on Pinterest Share on Linkedin ਐਸਟੀਐਫ ਵੱਲੋਂ ਸੀਆਈਏ ਇੰਸਪੈਕਟਰ ਇੰਦਰਜੀਤ ਸਿੰਘ ਨਸ਼ੀਲੇ ਪਦਾਰਥ ਤੇ ਅਸਲੇ ਸਣੇ ਗ੍ਰਿਫ਼ਤਾਰ ਇੰਸਪੈਕਟਰ ਦੇ ਘਰੋਂ 4 ਕਿੱਲੋ ਹੈਰੋਈਨ ਤੇ 3 ਕਿੱਲੋ ਸਮੈਕ ਬਰਾਮਦ, ਮੁਹਾਲੀ ਅਦਾਲਤ ਵੱਲੋਂ 19 ਜੂਨ ਤੱਕ ਪੁਲੀਸ ਰਿਮਾਂਡ ਛਾਪੇ ਦੌਰਾਨ ਇੱਕ ਪਿਸਤੋਲ, ਕਈ ਜਿੰਦਾ ਕਾਰਤੂਸ ਅਤੇ 16.50 ਲੱਖ ਰੁਪਏ ਨਕਦ ਮਿਲੇ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 12 ਜੂਨ: ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਨੇ ਸਰੱਹਦੀ ਜਿਲਾ ਤਰਨਤਾਰਨ ਵਿਚ ਨਸ਼ਾ ਤਸਕਰਾਂ ਦੀ ਮੱਦਦ ਕਰਨ ਦੇ ਦੋਸ਼ ਹੇਠ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਪਣੇ ਸਹਿਯੋਗੀਆਂ ਰਾਹੀਂ ਤਸਕਰੀ ਵੀ ਕਰਵਾਉਂਦਾ ਰਿਹਾ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ, ਏ.ਡੀ.ਜੀ.ਪੀ ਨੇ ਦੱਸਿਆ ਕਿ ਉਕਤ ਦੋਸ਼ੀ ਇੰਸਪੈਕਟਰ ਵਿਰੁੱਧ ਕੇਸ ਦਰਜ ਕਰਨ ਉਪਰੰਤ ਐਸ.ਟੀ.ਐਫ ਜਲੰਧਰ ਦੇ ਏ.ਆਈ.ਜੀ ਮੁਖਵਿੰਦਰ ਸਿੰਘ, ਏ.ਆਈ.ਜੀ ਲੁਧਿਆਣਾ ਸਨੇਹਦੀਪ ਸ਼ਰਮਾ ਅਤੇ ਏ.ਆਈ.ਜੀ ਰੂਪਨਗਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਨੇ ਸਾਂਝੇ ਤੌਰ ’ਤੇ ਛਾਪੇਮਾਰੀ ਕੀਤੀ ਅਤੇ ਇੰਸਪੈਕਟਰ ਇੰਦਰਜੀਤ ਸਿੰਘ (ਨੰਬਰ 108/ਅੰਮ੍ਰਿਤਸਰ) ਸਮੇਤ ਡੀ.ਐਸ.ਪੀ ਜਸਵੰਤ ਸਿੰਘ ਖਿਲਾਫ਼ ਵਿਸ਼ੇਸ਼ ਟਾਸਕ ਫੋਰਸ ਦੇ ਐਸ.ਏ.ਐਸ ਨਗਰ ਥਾਣੇ ਵਿੱਚ ਮੁਕੱਦਮਾ ਨੰਬਰ 1, ਮਿਤੀ 12-06-2017 ਅਧੀਨ ਐਨ.ਡੀ.ਪੀ.ਐਸ. ਕਾਨੂੰਨ ਤਹਿਤ ਧਾਰਾ 59 (2) (ਅ) ਅਤੇ ਭਾਰਤੀ ਦੰਡਾਵਲੀ ਦੀ ਧਾਰਾ 218, 466, 471, 120-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਕੀਤੀ ਛਾਪੇਮਾਰੀ ਦੌਰਾਨ ਉਕਤ ਦੋਸ਼ੀ ਇੰਸਪੈਕਟਰ ਦੀ ਰਿਹਾਇਸ਼ ਤੋਂ ਵੱਖ-ਵੱਖ ਬੋਰ ਦੇ ਕਾਫੀ ਮਾਤਰਾ ਵਿਚ ਜਿੰਦਾ ਕਾਰਤੂਸ, 9 ਐਮ.ਐਮ ਦਾ ਇਕ ਗੈਰਕਾਨੂੰਨੀ ਪਿਸਤੋਲ, 16.50 ਲੱਖ ਰੁਪਏ ਨਕਦ ਅਤੇ 3550 ਪੌਂਡ ਬਰਾਮਦ ਹੋਏ ਹਨ। ਗ੍ਰਿਫਤਾਰੀ ਉਪਰੰਤ ਕੀਤੀ ਪੁੱਛ-ਪੜਤਾਲ ਪਿੱਛੋਂ ਉਸ ਦੀ ਫਗਵਾੜਾ ਸਥਿਤ ਸਰਕਾਰੀ ਰਿਹਾਇਸ਼ ਤੋਂ 4 ਕਿਲੋ ਹੈਰੋਇਨ ਅਤੇ 3 ਕਿੱਲੋ ਸਮੈਕ ਵੀ ਬਰਾਮਦ ਹੋਈ ਹੈ ਅਤੇ ਇਸ ਦੇ ਅਧਾਰ ’ਤੇ ਉਕਤ ਦਰਜ ਮੁਕੱਦਮੇ ਵਿਚ ਐਨ.ਡੀ.ਪੀ.ਐਸ. ਕਾਨੂੰਨ ਦੀ ਧਾਰਾ 22, 61, 85 ਸਮੇਤ ਅਸਲਾ ਕਾਨੂੰਨ ਦੀ ਧਾਰਾ 25, 54, 59 ਵੀ ਜੋੜ ਦਿੱਤੀ ਗਈ ਹੈ। ਹੋਰ ਵੇਰਵੇ ਦਿੰਦਿਆਂ ਸ਼੍ਰੀ ਸਿੱਧੂ ਨੇ ਦੱਸਿਆ ਕਿ ਐਸ.ਟੀ.ਐਫ ਨੂੰ ਭਰੋਸੇਯੋਗ ਸੂਤਰਾਂ ਤੋਂ ਰਿਪੋਰਟ ਮਿਲੀ ਸੀ ਕਿ ਤਰਨਤਾਰਨ ਵਿਖੇ ਲੰਬੇ ਸਮਾਂ ਤਾਇਨਾਤ ਰਿਹਾ ਇੰਸਪੈਕਟਰ ਇੰਦਰਜੀਤ ਸਿੰਘ ਨੇ ਕੁਝ ਤਸਕਰਾਂ ਦੀ ਮਦਦ ਕਰਦਾ ਆ ਰਿਹਾ ਹੈ। ਉਹ ਅੱਜ ਕਲ ਫਿਰੋਜਪੁਰ ਰੇਂਜ ਵਿਖੇ ਬਦਲੀ ਅਧੀਨ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਸਾਲ 2013 ਅਤੇ 2014 ਦੌਰਾਨ ਆਪਣੇ ਅਧੀਨ ਆਉਂਦੇ ਖੇਤਰ ਵਿਚ ਉਹ ਤਸਕਰਾਂ ਦੀ ਮਦਦ ਕਰਨ ਤੋਂ ਇਲਾਵਾ ਉਹ ਆਪ ਵੀ ਆਪਣੇ ਸਹਿਯੋਗੀਆਂ ਨਾਲ ਤਸਕਰੀ ਕਰਨ ਵਿਚ ਸ਼ਾਮਲ ਸੀ। ਸ੍ਰੀ ਸਿੱਧੂ ਨੇ ਦੱਸਿਆ ਕਿ ਆਪਣੀ ਤਾਇਨਾਤੀ ਦੌਰਾਨ ਦੋਸ਼ੀ ਇੰਦਰਜੀਤ ਸਿੰਘ ਨੇ ਨਸ਼ਿਆਂ ਦੀ ਬਰਾਮਦਗੀ ਕੀਤੀ ਅਤੇ ਦੋਸ਼ੀ ਤਸਕਰਾਂ ਤੋਂ ਪੁੱਛ-ਗਿੱਛ ਵੇਲੇ ਪੈਸੇ ਹੜੱਪਣ ਦੇ ਉਦੇਸ਼ ਨਾਲ ਤਫਤੀਸ਼ ਵਿੱਚ ਢਿੱਲ ਵਰਤਕੇ ਉਨ੍ਹਾਂ ਨੂੰ ਰਿਹਾਅ ਕਰਵਾਉਣ ਵਿਚ ਮੱਦਦ ਕੀਤੀ। ਉਨ੍ਹਾਂ ਕਿਹਾ ਕਿ ਐਸ.ਟੀ.ਐਫ ਪਿਛਲੇ ਪੰਜ ਸਾਲਾਂ ਦੌਰਾਨ ਅਦਾਲਤਾਂ ਵਲੋਂ ਬਰੀ ਕੀਤੇ ਨਾਮੀ ਸਮਗਲਰਾਂ ਦੇ ਕੇਸਾਂ ਦੀ ਪਹਿਲਾਂ ਹੀ ਪੜਤਾਲ ਕਰ ਰਹੀ ਸੀ, ਖਾਸ ਕਰਕੇ ਜਿਨ੍ਹਾਂ ਵਿਚ ਵੱਡੀ ਮਾਤਰਾ ਵਿਚ ਡਰੱਗ ਬਰਾਮਦ ਹੋਈ ਸੀ। ਉਨ੍ਹਾਂ ਦੱਸਿਆ ਕਿ ਪੜਤਾਲ ਉਪਰੰਤ ਇਹ ਸਾਹਮਣੇ ਆਇਆ ਕਿ ਤਰਨਤਾਰਨ ਜਿਲ੍ਹੇ ਵਿਚ ਦਰਜ ਤਿੰਨ ਮੁਕੱਦਮਿਆਂ (ਮੁਕੱਦਮਾ ਨੰਬਰ 155/2013, ਮੁਕੱਦਮਾ ਨੰ: 100/2013 ਅਤੇ ਮੁਕੱਦਮਾ ਨੰ: 85/2013) ਵਿਚ ਅਦਾਲਤਾਂ ਨੇ ਇਸ ਅਧਾਰ ’ਤੇ ਦੋੋਸ਼ੀ ਤਸਕਰਾਂ ਨੁੰ ਬਰੀ ਕਰ ਦਿੱਤਾ ਕਿ ਇੰਸਪੈਕਟਰ ਇੰਦਰਜੀਤ ਸਿੰਘ ਐਨ.ਡੀ.ਪੀ.ਐਸ. ਕਾਨੂੰਨ ਦੇ ਮੁਤਾਬਿਕ ਮੁਕੱਦਮੇ ਦਰਜ਼ ਕਰਨ ਸਮੇਂ ਅਤੇ ਉਪਰੰਤ ਪੜਤਾਲ ਕਰਨ ਦੇ ਸਮਰੱਥ ਨਹੀ ਸੀ ਕਿਉਂਕਿ ਉਸ ਵੇਲੇ ਉਹ ਪੱਕਾ ਹੌਲਦਾਰ ਹੀ ਸੀ ਅਤੇ ਇੰਸਪੈਕਟਰ ਦਾ ਰੈਂਕ ਉਸ ਨੂੰ ਸਿਰਫ਼ ਰੇਂਜ ਪੱਧਰ ’ਤੇ ਹੀ ਮਿਲਿਆ ਹੋਇਆ ਸੀ। ਇਸ ਕਾਨੂੰਨ ਮੁਤਾਬਿਕ ਸਿਰਫ ਪੱਕਾ ਇੰਸਪੈਕਟਰ ਜਾਂ ਉਸ ਤੋਂ ਉਪਰਲੇ ਰੈਂਕ ਦਾ ਅਧਿਕਾਰੀ ਹੀ ਨਸ਼ਿਆਂ ਨਾਲ ਜੁੜੇ ਕੇਸਾਂ ਨੂੰ ਦਰਜ਼ ਅਤੇ ਪੜਤਾਲ ਕਰ ਸਕਦਾ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਉਕਤ ਦਰਜ਼ ਤਿੰਨਾਂ ਮੁਕੱਦਮਿਆਂ ਦੀ ਪੜਤਾਲ ਦੌਰਾਨ ਦੋਸ਼ੀ ਇੰਸਪੈਕਟਰ ਨੇ ਜਾਣ-ਬੁੱਝ ਕੇ ਖਾਮੀਆਂ ਛੱਡੀਆਂ ਅਤੇ ਗੱਡੀਆਂ ਦੇ ਨੰਬਰ ਗਲਤ ਲਿਖੇ। ਇਨ੍ਹਾਂ ਤਿੰਨੇ ਕੇਸਾਂ ਦੀ ਅਗਲੇਰੀ ਪੜਤਾਲ ਲਈ ਆਈ.ਜੀ ਸਰਹੱਦੀ ਰੇਂਜ ਅਤੇ ਜਿਲਾ ਪੁਲਿਸ ਮੁੱਖੀ ਤਰਨਤਾਰਨ ਨੂੰ ਲਿਖਿਆ ਗਿਆ, ਜਿਨ੍ਹਾਂ ਨੇ ਤੱਥਾਂ ਦੀ ਡੁੰਘਾਈ ਨਾਲ ਪੜਤਾਲ ਉਪਰੰਤ ਦੋਸ਼ੀ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਡੀ.ਐਸ.ਪੀ. ਜਸਵੰਤ ਸਿੰਘ ਦੇ ਖਿਲਾਫ ਐਨ.ਡੀ.ਪੀ.ਐਸ ਕਾਨੂੰਨ ਦੀ ਧਾਰਾ 59 (2) ਤਹਿਤ ਫੌਜਦਾਰੀ ਕਾਰਵਾਈ ਲਈ ਸਿਫਾਰਿਸ਼ ਕੀਤੀ ਸੀ। ਹੋਰ ਜਾਣਕਾਰੀ ਦਿੰਦਿਆਂ ਐਸ.ਟੀ.ਐਫ ਮੁੱਖੀ ਨੇ ਦੱਸਿਆ ਕਿ ਉਕਤ ਇੰਸਪੈਕਟਰ ਵਿਰੁੱਧ ਵਿਜੀਲੈਂਸ ਬਿਓਰੋ ਵਲੋਂ ਵੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 13 (2) ਤਹਿਤ ਮੁਕੱਦਮਾ ਦਰਜ਼ ਕੀਤਾ ਹੋਇਆ ਹੈ ਜਿਸ ਦੀ ਪੜਤਾਲ ਜਾਰੀ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਵਿਚ ਨਸ਼ਿਆਂ ਦੇ ਖਾਤਮੇ ਅਤੇ ਤਸਕਰਾਂ ਨੂੰ ਕਾਬੂ ਕਰਨ ਲਈ ਵਚਨਬੱਧ ਹੈ ਅਤੇ ਐਸ.ਟੀ.ਐਫ ਇਸ ਦਿਸ਼ਾ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪੜਤਾਲ ਦੌਰਾਨ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਕੇਸ ਵਿਚ ਤਸਕਰਾਂ ਦੇ ਜਾਲ ਨੂੰ ਉਜਾਗਰ ਕਰਨ ਲਈ ਐਸ.ਟੀ.ਐਫ ਜਲੰਧਰ ਜੋਨ ਦੇ ਆਈ.ਜੀ ਸ਼੍ਰੀ ਪਰਮੋਦ ਬਾਨ ਦੀ ਅਗਵਾਈ ਹੇਠ ਏ.ਆਈ.ਜੀ ਜਲੰਧਰ ਮੁਖਵਿੰਦਰ ਸਿੰਘ ਛੀਨਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਧਰ, ਐਸਟੀਐਫ਼ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਮੁਲਜ਼ਮ ਇੰਸਪੈਕਟਰ ਨੂੰ ਅੱਜ ਦੇਰ ਸ਼ਾਮੀ ਮੁਹਾਲੀ ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 19 ਜੂਨ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ