ਛੱਤੀਸਗੜ੍ਹ ਵਿੱਚ ਬਿਜਲੀ ਡਿੱਗਣ ਨਾਲ ਐਸਟੀਐਫ਼ ਜਵਾਨ ਦੀ ਮੌਤ, 12 ਹੋਰ ਵੀ ਝੁਲਸੇ
ਨਬਜ਼-ਏ-ਪੰਜਾਬ ਬਿਊਰੋ, ਛੱਤੀਸਗੜ੍ਹ, 11 ਮਾਰਚ:
ਛੱਤੀਸਗੜ੍ਹ ਦੇ ਜਗਦਲਪੁਰ ਦੇ ਨਕੁਲਨਾਰ-ਅਰਨਪੁਰ ਮਾਰਗ ਤੇ ਬਰੇਮ ਨੇੜੇ ਸਰਚਿੰਗ ਲਈ ਨਿਕਲੇ ਐਸ.ਟੀ.ਐਫ ਦੇ ਜਵਾਨਾਂ ਤੇ ਬਿਜਲੀ ਡਿੱਗਣ ਨਾਲ ਇਕ ਜਵਾਨ ਦੀ ਮੌਤ ਹੋ ਗਈ ਅਤੇ 12 ਹੋਰ ਝੁਲਸ ਗਏ। ਇਨ੍ਹਾਂ ਵਿੱਚ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲੀਸ ਅਧਿਕਾਰੀ ਕਮਚੋਲਨ ਕਸ਼ਯਪ ਮੁਤਾਬਕ ਐਸ.ਟੀ.ਐਫ ਦੀ ਇਹ ਪਾਰਟੀ ਬੀਤੀ ਸ਼ਾਮ ਪਾਲਨਾਰ ਤੋੱ ਅਰਨਪੁਰ ਇਲਾਕੇ ਦੇ ਲਈ ਨਿਕਲੀ ਸੀ। ਜਵਾਨ ਜਦੋੱ ਸਮੇਲੀ ਤੋੱ 9 ਕਿਲੋਮੀਟਰ ਦੂਰ ਬਰੇਮ ਤੋਂ ਗੁਜ਼ਰ ਰਹੇ ਸਨ ਤਾਂ ਅਚਾਨਕ ਮੌਸਮ ਦਾ ਮਿਜ਼ਾਜ ਬਦਲ ਗਿਆ ਅਤੇ ਬੱਦਲ ਛਾਅ ਗਏ। ਇਸ ਦਰਮਿਆਨ ਤੇਜ਼ ਹਵਾ ਦੇ ਨਾਲ ਬਾਰਸ਼ ਹੋਣ ਲੱਗੀ। ਬਾਰਸ਼ ਤੋਂ ਬਚਣ ਲਈ ਜਵਾਨਾਂ ਨੇ ਇੱਧਰ-ਉੱਧਰ ਜਗ੍ਹਾ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਦੂਰ-ਦੂਰ ਤੱਕ ਸੰਘਣੇ ਦਰਖੱਤ ਉਨ੍ਹਾਂ ਨੂੰ ਦਿਖਾਈ ਦਿੱਤੇ। ਜਵਾਨ ਅਲੱਗ-ਅਲੱਗ ਟੋਲੀਆਂ ਬਣਾ ਕੇ ਇਨ੍ਹਾਂ ਦਰੱਖਤਾਂ ਹੇਠਾਂ ਰੁੱਕ ਗਏ। ਇਸ ਦਰਮਿਆਨ ਆਸਮਾਨ ਵਿੱਚ ਬਿਜਲੀ ਕੜਕਣ ਲੱਗੀ। ਤੇਜ਼ ਗਰਜ਼ਨਾ ਦੇ ਨਾਲ ਬਿਜਲੀ ਇਕ ਅਜਿਹੇ ਦਰੱਖਤ ਤੇ ਡਿੱਗੀ, ਜਿਸ ਦੇ ਹੇਠਾਂ ਜਵਾਨ ਖੜ੍ਹੇ ਇਸ ਦੀ ਲਪੇਟ ਵਿੱਚ ਆ ਗਏ। ਦੋ ਦਰਜ਼ਨ ਜਵਾਨ ਬਿਜਲੀ ਡਿੱਗਣ ਤੋੱ ਬਾਅਦ ਬੇਹੋਸ਼ ਹੋ ਕੇ ਡਿੱਗ ਗਏ, ਜਿਨ੍ਹਾਂ ਨੂੰ ਕੁਝ ਦੇਰ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਕਿਸੇ ਤਰ੍ਹਾਂ ਹੋਸ਼ ਵਿੱਚ ਲਿਆਉੱਦਾ। ਬੁਰੀ ਤਰ੍ਹਾਂ ਨਾਲ ਝੁਲਸੇ ਧਰਮਵੀਰ ਪਟੇਲ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੌੜ ਦਿੱਤਾ। ਉਹ ਉੱਤਰ ਪ੍ਰਦੇਸ਼ ਜ਼ਿਲੇ ਦੇ ਰਹਿਣ ਵਾਲੇ ਸਨ।