Share on Facebook Share on Twitter Share on Google+ Share on Pinterest Share on Linkedin ਐਸਟੀਐਫ਼ ਮੁਹਾਲੀ ਵੱਲੋਂ ਨਾਇਜੀਰੀਅਨ ਤੇ ਦੋ ਸਾਥੀ 150 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਨਾਇਜੀਰੀਅਨ ਸਾਲ ਪਹਿਲਾਂ ਬਿਜ਼ਨਸ ਵੀਜ਼ੇ ’ਤੇ ਭਾਰਤ ਆਇਆ ਸੀ ਪਰ ਨਸ਼ਿਆਂ ਦੀ ਤਸਕਰੀ ਦਾ ਧੰਦਾ ਸ਼ੁਰੂ ਕਰ ਲਿਆ ਐਸਟੀਐਫ਼ ਨੂੰ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਮਾਮਲੇ ਵਿੱਚ ਹੋਰ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ: ਐਸਟੀਐਫ਼ ਮੁਹਾਲੀ ਦੀ ਟੀਮ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਇੱਕ ਨਾਇਜੀਰੀਅਨ ਸਮੇਤ ਉਸ ਦੇ ਦੋ ਹੋਰ ਸਾਥੀਆਂ ਨੂੰ 150 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਨੌਨਸੋ ਇਫੈਡੀਓਰੋਆ ਅਤੇ ਮੁਕੇਸ਼ ਕੁਮਾਰ ਉਰਫ਼ ਬੌਬੀ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਪੁਸ਼ਪਿੰਦਰ ਸਿੰਘ ਉਰਫ਼ ਰਵੀ ਵਾਸੀ ਪਿੰਡ ਬਾੜੀ, ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਦੇ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਐਸਟੀਐਫ਼ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸਟੀਐਫ਼ ਥਾਣੇ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਹੈਰੋਇਨ ਵੇਚਣ ਦਾ ਗਲਤ ਧੰਦਾ ਕਰਦੇ ਹਨ, ਜੋ ਅੱਜ ਇੱਕ ਕਾਲੇ ਰੰਗ ਦੀ ਦਿੱਲੀ ਦੇ ਨੰਬਰ ਵਾਲੀ ਸਕਾਰਪਿਊ ਗੱਡੀ ਵਿੱਚ ਸਵਾਰ ਹੋ ਕੇ ਲਾਂਡਰਾਂ ਤੋਂ ਮੁਹਾਲੀ ਸ਼ਹਿਰ ਵੱਲ ਆ ਰਹੇ ਹਨ। ਇਸ ਤਰ੍ਹਾਂ ਏਐਸਆਈ ਮਲਕੀਤ ਸਿੰਘ ਦੀ ਅਗਵਾਈ ਹੇਠ ਇੱਥੋਂ ਦੇ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਨਾਕਾਬੰਦੀ ਕਰਕੇ ਨਾਇਜੀਰੀਅਨ ਅਤੇ ਮੁਕੇਸ਼ ਕੁਮਾਰ ਅਤੇ ਪੁਸ਼ਪਿੰਦਰ ਸਿੰਘ ਨੂੰ 150 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਸ੍ਰੀ ਸੋਹਲ ਨੇ ਦੱਸਿਆ ਕਿ ਮੁਲਜ਼ਮ ਨਾਇਜੀਰੀਅਨ ਪਿਛਲੇ ਸਾਲ ਬਿਜ਼ਨਸ ਵੀਜ਼ੇ ’ਤੇ ਭਾਰਤ ਆਇਆ ਸੀ, ਜੋ ਦਿੱਲੀ ਵਿੱਚ ਕੱਪੜੇ ਅਤੇ ਕਾਸਮੈਟਿਕ ਦਾ ਸਮਾਨ ਵੇਚਣ ਦਾ ਕੰਮ ਕਰਦਾ ਸੀ। ਇਸ ਦੌਰਾਨ ਮਾਰਚ 2018 ਵਿੱਚ ਉਸ ਦੇ ਵੀਜ਼ੇ ਦੀ ਮਿਆਦ ਪੁੱਗ ਗਈ ਲੇਕਿਨ ਉਹ ਵਾਪਸ ਨਾਇਜੀਰੀਆ ਨਹੀਂ ਗਿਆ ਸਗੋਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਉਹ ਮਾੜੀ ਸੰਗਤ ਵਿੱਚ ਪੈ ਗਿਆ ਅਤੇ ਹੈਰੋਇਨ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਮੁਲਜ਼ਮ ਮੁਕੇਸ਼ ਉਰਫ਼ ਬੌਬੀ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਪਾਸ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਹੈਰੋਇਨ ਦੇ ਨਸ਼ੇ ਦਾ ਸੇਵਨ ਕਰਨ ਅਤੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ। ਇੰਝ ਹੀ ਪੁਸ਼ਪਿੰਦਰ ਸਿੰਘ ਨੇ ਬੀਐਸਸੀ ਕੀਤੀ ਹੋਈ ਹੈ ਅਤੇ ਦੋ ਸਾਲ ਪਹਿਲਾਂ ਉਸ ਨੂੰ ਹੈਰੋਇਨ ਦਾ ਨਸ਼ਾ ਕਰਨ ਦੀ ਆਦਤ ਪੈ ਗਈ ਸੀ ਅਤੇ ਬਾਅਦ ਵਿੱਚ ਉਸ ਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਆਪਣੇ ਦੋਸਤ ਮੁਕੇਸ਼ ਕੁਮਾਰ ਨਾਲ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਐਸਟੀਐਫ਼ ਥਾਣਾ ਮੁਹਾਲੀ ਦੇ ਐਸਐਚਓ ਰਾਮ ਦਰਸ਼ਨ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਭਲਕੇ ਐਤਵਾਰ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਹੈਰੋਇਨ ਸਪਲਾਈ ਦੇ ਮਾਮਲੇ ਵਿੱਚ ਹੋਰ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਾਇਜੀਰੀਅਨ ਮੌਜੂਦਾ ਸਮੇਂ ਵਿੱਚ ਦਿੱਲੀ ਵਿੱਚ ਰਹਿੰਦਾ ਸੀ ਜਦੋਂਕਿ ਬੌਬੀ ਮੁਹਾਲੀ ਨਿਗਮ ਅਧੀਨ ਆਉਂਦੇ ਪਿੰਡ ਸ਼ਾਹੀਮਾਜਰਾ ਅਤੇ ਰਵੀ ਸੈਕਟਰ-40ਸੀ, ਚੰਡੀਗੜ੍ਹ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ