
ਸ਼ੇਅਰ ਮਾਰਕੀਟ ’ਚ ਪੈਸੇ ਲਗਾਉਣ ਦਾ ਮਾਮਲਾ: ਧੋਖਾਧੜੀ ਦੇ ਦੋਸ਼ ਵਿੱਚ ਤਿੰਨ ਗੁਜਰਾਤੀ ਗ੍ਰਿਫ਼ਤਾਰ
21 ਲੱਖ ਦੀ ਨਗਦੀ, ਕਾਰ, ਪੈਸੇ ਗਿਣਨ ਵਾਲੀ ਮਸ਼ੀਨ ਤੇ ਮੋਬਾਈਲ ਫੋਨ ਬਰਾਮਦ
ਨਬਜ਼-ਏ-ਪੰਜਾਬ, ਮੁਹਾਲੀ, 3 ਅਪਰੈਲ:
ਮੁਹਾਲੀ ਪੁਲੀਸ ਨੇ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਟੇਲ ਪਿਊਸ, ਨੀਰਜ ਭਾਈ ਅਤੇ ਗੋਹਿਲ ਨਿਕੁਲ ਵਾਸੀ ਗੁਜਰਾਤ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਸਾਈਬਰ ਸੈੱਲ ਨੂੰ ਸ਼ਿਕਾਇਤ ਮਿਲੀ ਸੀ ਕਿ ਮੋਬਾਈਲ ਐਪਲੀਕੇਸ਼ਨ ਰਾਹੀਂ ਸ਼ੇਅਰ ਮਾਰਕੀਟ ਵਿੱਚ ਪੈਸੇ ਲਗਾਉਣ ਬਦਲੇ 15 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਇਸ ਮਾਮਲੇ ਵਿੱਚ ਜਦੋਂ ਪੀੜਤ ਨੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਕੋਲੋਂ ਹੋਰ ਪੈਸਿਆਂ ਦੀ ਮੰਗ ਕੀਤੀ ਗਈ। ਇਸ ਸਬੰਧੀ ਪੀੜਤ ਨੂੰ ਇਕ ਵਿਅਕਤੀ ਨਾਲ ਸੰਪਰਕ ਕਰਨ ਲਈ ਕਿਹਾ ਗਿਆ।
ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਵੱਲੋਂ ਪੀੜਤ ਦੀ ਸ਼ਿਕਾਇਤ ’ਤੇ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਪੁਲੀਸ ਨੇ ਉਕਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਕੋਲੋਂ 21 ਲੱਖ ਰੁਪਏ ਦੀ ਨਗਦੀ, ਇਕ ਕਾਰ, ਸਕੂਟਰ, ਪੈਸੇ ਗਿਣਨ ਵਾਲੀ ਮਸ਼ੀਨ, ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਕੋਲੋਂ ਮੁੱਢਲੀ ਪੁੱਛਗਿੱਛ ਵਿੱਚ ਇਹ ਖੁਲਾਸਾ ਹੋਇਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਸ਼ੇਅਰ ਮਾਰਕੀਟ ਦੀ ਆੜ ਵਿੱਚ ਆਪਣਾ ਠੱਗੀ ਦਾ ਗਰੋਹ ਚਲਾ ਰਹੇ ਸੀ। ਉਹ ਰੋਜ਼ਾਨਾ ਕਰੀਬ 70 ਤੋਂ 80 ਲੱਖ ਦੀ ਨਗਦੀ ਇਕੱਠੀ ਕਰ ਰਹੇ ਸਨ। ਐੱਸਐੱਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।