Nabaz-e-punjab.com

ਸਟੋਨ ਕਰੱਸ਼ਰ, ਸਕਰੀਨਿੰਗ ਪਲਾਂਟਾਂ ’ਤੇ ਰਾਤ ਨੂੰ ਮਾਈਨਿੰਗ ਸਬੰਧੀ ਕੰਮ ਕਰਨ ’ਤੇ ਪਾਬੰਦੀ ਦੇ ਹੁਕਮ

ਸਰਕਾਰੀ ਪ੍ਰਾਜੈਕਟਾਂ ਦੀ ਉਸਾਰੀ ਲਈ ਜੇਕਰ ਰੇਤਾ ਬਜਰੀ ਲਈ ਡੀਸੀ ਦਫ਼ਤਰ ’ਚੋਂ ਲੈਣੀ ਪਵੇਗੀ ਪ੍ਰਵਾਨਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਗਿਰੀਸ਼ ਦਿਆਲਨ ਨੇ ਫੌਜਦਾਰੀ ਜ਼ਾਬਤਾ ਸੰਘਤਾ, 1973 (1974 ਦੇ ਐਕਟ-2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੋਏ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਹੱਦ ਵਿੱਚ ਚਲ ਰਹੇ ਸਟੋਨ ਕਰੱਸ਼ਰਾਂ, ਸਕਰੀਨਿੰਗ ਪਲਾਟਾਂ ਦੇ ਕੰਮ ਦੀ ਚੈਕਿੰਗ/ਨਿਗਰਾਨੀ ਕਰਨ ਲਈ ਹੁਕਮ ਜਾਰੀ ਕੀਤੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਸਟੋਨ ਕਰੱਸ਼ਰ, ਸਕਰੀਨਿੰਗ ਪਲਾਟ ਰਾਤ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਮਾਈਨਿੰਗ ਸਬੰਧੀ ਕੰਮ ਨਹੀਂ ਕਰੇਗਾ। ਮਾਈਨਿੰਗ ਲਈ ਵਰਤੀ ਜਾਣ ਵਾਲੀ ਮਸ਼ੀਨਰੀ (ਐਕਸਕਾਵੇਟਰ/ਜੇਸੀਬੀ/ਲੋਡਰ) ਦੀ ਇਸ ਸਮੇਂ ਦੌਰਾਨ ਵਰਤੋਂ ਕਰਨ ’ਤੇ ਪੂਰਨ ਰੂਪ ਵਿੱਚ ਮਨਾਹੀ ਹੋਵੇਗੀ। ਮੁਹਾਲੀ ਜ਼ਿਲ੍ਹੇ ਵਿੱਚ ਮਾਈਨਿੰਗ ਲਈ ਵਰਤੇ ਜਾਣ ਵਾਲੇ ਵਾਹਨਾਂ ਵੱਲੋਂ ਜੇਕਰ ਨਿਰਧਾਰਿਤ ਕਪੈਸਟੀ ਭਾਵ 12 ਮੀਟਰਿਕ ਟਨ ਤੋਂ ਵੱਧ ਸਮਾਨ ਲੋਡ ਕੀਤਾ ਜਾਂਦਾ ਹੈ ਤਾਂ ਉਹ ਸਰਕਾਰ ਦੀਆਂ ਹਦਾਇਤਾਂ ਦੇ ਵਿਰੁੱਧ ਸਮਝਿਆ ਜਾਵੇਗਾ। ਇਸ ਲਈ ਨਿਰਧਾਰਿਤ ਕੀਤੇ ਗਏ ਲੋਡ ਤੋਂ ਜ਼ਿਆਦਾ ਮਾਈਨਿੰਗ ਦਾ ਸਮਾਨ ਭਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਬਲਾਕ ਮਾਜਰੀ ਦੇ ਪਿੰਡ ਅਭੀਪੁਰ, ਮੀਆਂਪੁਰ ਚੰਗਰ, ਕੁੱਬਾਹੇੜੀ, ਖ਼ਿਜ਼ਰਾਬਾਦ, ਸਲੇਮਪੁਰ ਖ਼ੁਰਦ, ਸੈਣੀ ਮਾਜਰਾ ਅਤੇ ਲੁਬਾਣਗੜ੍ਹ ਅਤੇ ਡੇਰਾਬੱਸੀ ਸਬ ਡਵੀਜ਼ਨ ਦੇ ਪਿੰਡ ਹਮਾਯੂਪੁਰ, ਹੰਡੇਸਰਾ, ਰਾਜਾਪੁਰ ਅਤੇ ਸਿੰਘਪੁਰ (ਬਹੋੜਾ ਖੇੜਾ) ਵਿੱਚ ਸਥਿਤ ਸਟੋਨ ਕਰੱਸ਼ਰਾਂ ਅਤੇ ਸਕਰੀਨਿੰਗ ਪਲਾਂਟਾਂ ਦੇ ਆਲੇ-ਦੁਆਲੇ ਸਥਿਤ ਪਿੰਡਾਂ ਵਿੱਚ ਕੋਈ ਵੀ ਵਿਅਕਤੀ ਰਾਤ ਨੂੰ ਮਾਈਨਿੰਗ ਲਈ ਵਰਤੇ ਜਾਣ ਵਾਲੇ ਟਰੱਕਾਂ/ਟਿੱਪਰਾਂ/ਟਰਾਲੀਆਂ ਦੀ ਵਰਤੋਂ ਨਹੀਂ ਕਰੇਗਾ। ਜ਼ਿਲ੍ਹੇ ਵਿੱਚ ਚੱਲ ਰਹੇ ਸਰਕਾਰੀ ਪ੍ਰਾਜੈਕਟਾਂ ਦੀ ਉਸਾਰੀ ਲਈ ਜੇਕਰ ਰੇਤਾ ਬਜਰੀ ਦੀ ਲੋੜ ਹੋਵੇਗੀ ਤਾਂ ਉਸ ਦੀ ਸਪਲਾਈ ਕਰਨ ਲਈ ਡੀਸੀ ਦਫ਼ਤਰ ਵੱਲੋਂ ਹੀ ਛੋਟ ਦਿੱਤੀ ਜਾਵੇਗੀ। ਉਸਾਰੀ ਕਰ ਰਹੀ ਕੰਪਨੀ ਇਸ ਸਬੰਧੀ ਪ੍ਰਵਾਨਗੀ ਲਈ ਸਬੰਧਤ ਵਿਭਾਗ ਰਾਹੀਂ ਡੀਸੀ ਦਫ਼ਤਰ ਵਿੱਚ ਅਪਲਾਈ ਕਰਨਗੇ। ਇਸ ਮਾਮਲੇ ਦੀ ਤੱਤਪਰਤਾ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇੱਕ ਤਰਫਾ ਜਾਰੀ ਕੀਤੇ ਗਏ ਹਨ। ਇਹ ਤਾਜ਼ਾ ਹੁਕਮ 26 ਜਨਵਰੀ 2021 ਤੱਕ ਮੁਹਾਲੀ ਜ਼ਿਲ੍ਹੇ ਵਿੱਚ ਤੁਰੰਤ ਅਸਰ ਨਾਲ ਲਾਗੂ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਮਾਲਕ ਡਾ. ਅਮਿਤ ਬਾਂਸਲ ਗ੍ਰਿਫ਼ਤਾਰ, ਮੁਹਾਲੀ ’ਚ ਕੇਸ ਦਰਜ

ਵਿਜੀਲੈਂਸ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਮਾਲਕ ਡਾ. ਅਮਿਤ ਬਾਂਸਲ ਗ੍ਰਿਫ਼ਤਾਰ, ਮੁਹਾਲੀ ’ਚ ਕੇਸ ਦਰਜ ਮੁਲਜ਼ਮ …