nabaz-e-punjab.com

ਸਰਕਾਰੀ ਸਕੂਲਾਂ ਵਿੱਚ ਡੀਪੀਈ ਤੇ ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਰਾਹ ਪੱਧਰਾ

ਡੀਪੀਈ ਤੇ ਲੈਕਚਰਾਰਾਂ ਦੀਆਂ 947 ਅਸਾਮੀਆਂ ਲਈ 11 ਤੇ 12 ਜਨਵਰੀ ਨੂੰ ਹੋਵੇਗਾ ਲਿਖਤੀ ਟੈੱਸਟ

ਉਮੀਦਵਾਰਾਂ ਦੀ ਸਹੂਲਤ ਲਈ ਸਾਰੀ ਜਾਣਕਾਰੀ ਵੈੱਬਸਾਈਟ ’ਤੇ ਕੀਤੀ ਅਪਲੋਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਡੀਪੀਈ ਅਤੇ ਲੈਕਚਰਾਰਾਂ ਦੀਆਂ ਸੈਂਕੜੇ ਅਸਾਮੀਆਂ ਭਰਨ ਲਈ ਰਾਹ ਪੱਧਰਾ ਹੋ ਗਿਆ ਹੈ। ਇਹ ਅਸਾਮੀਆਂ ਪਿਛਲੇ ਚਾਰ ਸਾਲਾਂ ਤੋਂ ਖਾਲੀ ਪਈਆਂ ਹਨ। ਵਿੱਤ ਵਿਭਾਗ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਹੁਣ ਇਹ ਸਾਰੀਆਂ ਅਸਾਮੀਆਂ ਭਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਡੀਪੀਈ ਅਤੇ ਲੈਕਚਰਾਰਾਂ ਦੀ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਹੁਣ ਲਿਖਤੀ ਟੈੱਸਟ ਲਿਆ ਜਾਵੇਗਾ। ਇਸ ਮਗਰੋਂ ਸਫਲ ਉਮੀਦਵਾਰਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਨਵੇਂ ਸਿੱਖਿਆ ਸੈਸ਼ਨ ਵਿੱਚ ਸਬੰਧਤ ਸਕੂਲਾਂ ਵਿੱਚ ਡੀਪੀਈ ਅਤੇ ਲੈਕਚਰਾਰ ਤਾਇਨਾਤ ਕੀਤੇ ਜਾਣਗੇ।
ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ (ਭਰਤੀ) ਕਰਮਜੀਤ ਸਿੰਘ ਨੇ ਦੱਸਿਆ ਕਿ ਡੀਪੀਆਈ ਅਤੇ ਲੈਕਚਰਾਰਾਂ ਦੀ ਭਰਤੀ ਸਬੰਧੀ 11 ਤੇ 12 ਜਨਵਰੀ ਨੂੰ ਲਿਖਤੀ ਟੈੱਸਟ ਲਿਆ ਜਾਵੇਗਾ। ਇਸ ਸਬੰਧੀ ਸਾਰੀ ਜਾਣਕਾਰੀ ਵਿਭਾਗ ਦੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਿਖਤੀ ਟੈੱਸਟ ਸਬੰਧੀ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ 17 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਜਿਨ੍ਹਾਂ ’ਚੋਂ ਲੁਧਿਆਣਾ ਵਿੱਚ 11 ਅਤੇ ਅੰਮ੍ਰਿਤਸਰ ਵਿੱਚ 6 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਵਿੱਚ ਲਗਭਗ 900 ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਡੀਪੀਈ ਦੀਆਂ 873 ਅਤੇ ਲੈਕਚਰਾਰ ਦੀਆਂ 74 ਅਸਾਮੀਆਂ ਲਈ ਕਰੀਬ 10 ਹਜ਼ਾਰ 500 ਉਮੀਦਵਾਰ ਲਿਖਤੀ ਟੈੱਸਟ ਵਿੱਚ ਅਪੀਅਰ ਹੋਣਗੇ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਡੀਪੀਈ ਮਾਸਟਰ ਕਾਡਰ ਦੀਆਂ 873 ਅਸਾਮੀਆਂ ਅਤੇ ਲੈਕਚਰਾਰਾਂ ਸਰੀਰਕ ਸਿੱਖਿਆ ਦੀਆਂ 74 ਅਸਾਮੀਆਂ ਦੀ ਭਰਤੀ ਲਈ 31 ਦਸੰਬਰ 2016 ਤੋਂ 24 ਜਨਵਰੀ 2017 ਤੱਕ ਅਸਾਮੀਆਂ ਭਰਨ ਦਾ ਵੱਖ ਵੱਖ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ। ਇਸ਼ਤਿਹਾਰ ਦੀਆਂ ਸ਼ਰਤਾਂ ਅਨੁਸਾਰ ਇਨ੍ਹਾਂ ਅਸਾਮੀਆਂ ਦੇ ਵਿਭਾਗੀ ਟੈੱਸਟ ਲਏ ਜਾਣੇ ਹਨ। ਇਸ ਸਾਰਾ ਸ਼ਡਿਊਲ ਪਹਿਲਾਂ ਹੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਹੁਣ ਵਿਭਾਗ ਵੱਲੋਂ ਆਪਣੀ ਵੈੱਬਸਾਈਟ ’ਤੇ ਲਿਖਤੀ ਟੈੱਸਟ ਲੈਣ ਸਬੰਧੀ ਓਐਮਆਰ ਸੀਟ ਦਾ ਨਮੂਨਾ ਅਤੇ ਉਮੀਦਵਾਰਾਂ ਲਈ ਜ਼ਰੂਰੀ ਦਿਸ਼ਾਂ-ਨਿਰਦੇਸ਼ ਅਪਲੋਡ ਕਰ ਦਿੱਤੇ ਗਏ ਹਨ। ਉਮੀਦਵਾਰਾਂ ਨੂੰ ਲਿਖਤੀ ਟੈੱਸਟ ਬਾਰੇ ਮੋਬਾਈਲ ’ਤੇ ਵੀ ਸੰਦੇਸ਼ ਭੇਜੇ ਗਏ ਹਨ। ਇਸ ਤੋਂ ਇਲਾਵਾ ਪਬਲਿਕ ਨੋਟਿਸ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਉਹ ਆਪਣੇ ਐਡਮਿੰਨ ਕਾਰਡ ਵੈੱਬਸਾਈਟ ਤੋਂ ਆਪਣੇ ਯੂਜ਼ਰ ਆਈਡੀ ਅਕਾਉਂਟ ਤੋਂ ਲਾਗਿਨ ਕਰਕੇ ਡਾਊਨਲੋਡ ਕਰ ਸਕਦੇ ਹਨ।
(ਬਾਕਸ ਆਈਟਮ)
ਸਿੱਖਿਆ ਵਿਭਾਗ ਵੱਲੋਂ ਸਾਲ 2016-17 ਵਿੱਚ ਉਕਤ ਅਸਾਮੀਆਂ ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਜਾਰੀ ਕਰਕੇ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ। ਆਨਲਾਈਨ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਦੇ ਸੂਬਾ ਪੱਧਰੀ ਦੋ ਟੈੱਸਟ ਲਏ ਜਾਣਗੇ। ਜਿਨ੍ਹਾਂ ’ਚ ਇਕ ਆਬਜੈਕਟਿਵ ਅਤੇ ਦੂਜਾ ਸਬੰਧਤ ਵਿਸ਼ੇ ਦਾ ਹੋਵੇਗਾ। ਇਹ ਦੋਵੇਂ ਟੈੱਸਟ 150-150 ਅੰਕਾਂ ਦੇ ਹੋਣਗੇ। ਦੋਵੇਂ ਟੈੱਸਟਾਂ ਦੇ ਪ੍ਰਾਪਤ ਅੰਕ ਜੋੜ ਕੇ ਉਮੀਦਵਾਰਾਂ ਦੀ ਨਿਰੋਲ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ।
ਅਖ਼ਬਾਰੀ ਇਸ਼ਤਿਹਾਰ ਮੁਤਾਬਕ ਜੇਕਰ ਇਕ ਤੋਂ ਵੱਧ ਉਮੀਦਵਾਰਾਂ ਦੇ ਫਾਈਨਲ ਮੈਰਿਟ ਵਿੱਚ ਬਰਾਬਰ ਅੰਕ ਆਉਂਦੇ ਹਨ ਤਾਂ ਜਿਸ ਉਮੀਦਵਾਰ ਦੀ ਉਮਰ ਵੱਧ ਹੋਵੇਗੀ, ਉਸ ਨੂੰ ਮੈਰਿਟ ’ਚ ਪਹਿਲਾ ਰੱਖਿਆ ਜਾਵੇਗਾ। ਜੇਕਰ ਇਕ ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਵੇਂ ਇਕੋ ਜਿਹੇ ਹੋਣਗੇ ਤਾਂ ਜਿਸ ਉਮੀਦਵਾਰ ਦੇ ਡੀਪੀਈ ਲਈ ਗਰੈਜੂਏਸ਼ਨ ਅਤੇ ਲੈਕਚਰਾਰ ਲਈ ਪੋਸਟ ਗਰੈਜੂਏਸ਼ਨ ਸਬੰਧਤ ਵਿਸ਼ੇ ’ਚ ਵੱਧ ਅੰਕ ਹੋਣਗੇ। ਉਸ ਨੂੰ ਮੈਰਿਟ ਵਿੱਚ ਪਹਿਲਾ ਰੱਖਿਆ ਜਾਵੇਗਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…