nabaz-e-punjab.com

ਭ੍ਰਿਸ਼ਟਾਚਾਰ ਵਿਰੁੱਧ ਪੰਜਾਬ ਵਿਜੀਲੈਂਸ ਨੇ ਤਿਆਰ ਕੀਤੀ ਬਹੁਪੱਖੀ ਰਣਨੀਤੀ: ਬੀ.ਕੇ. ਉਪਲ

ਆਨਲਾਈਨ ਸ਼ਿਕਾਇਤਾਂ, ਮੁਫ਼ਤ ਹੈਲਪਲਾਈਨ, ਪੋਸਟਰ ਤੇ ਜਾਗਰੂਕਤਾ ਕੈਂਪਾਂ ਰਾਹੀਂ ਵਿੱਢੀ ਮੁਹਿੰਮ

ਰਿਸ਼ਵਤਖੋਰਾਂ ਦੀਆਂ ਚਾਲਾਂ ਨੂੰ ‘ਚਾਰੇ ਖਾਨਿਓਂ ਚਿੱਤ’ ਕਰਨ ਦਾ ਤਹੱਈਆ, ਇਮਾਨਦਾਰ ਮੁਲਾਜ਼ਮ ਬੇਖੌਫ਼ ਕੰਮ ਕਰਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਅਗਸਤ:
ਸਰਕਾਰੀ ਦਫਤਰਾਂ ‘ਚੋਂ ਭ੍ਰਿਸ਼ਟਾਚਾਰ ਦੇ ਮੁਕੰਮਲ ਖ਼ਾਤਮੇ ਲਈ ਪੰਜਾਬ ਵਿਜੀਲੈਂਸ ਬਿਊਰੋ ਨੇ ਬਹੁਪੱਖੀ ਰਣਨੀਤੀ ਅਖਤਿਆਰ ਕੀਤੀ ਹੈ ਜਿਸਦੇ ਮੁਤਾਬਿਕ ਰਿਸ਼ਵਤਖੋਰਾਂ ਨੂੰ ਘੇਰਨ ਅਤੇ ਜਨਤਾ ਨੂੰ ਰਿਸ਼ਵਤਖੋਰੀ ਵਿਰੁੱਧ ਜਾਣੰੂ ਕਰਵਾਉਣ ਲਈ ਰਣਨੀਤਕ ਮੁਹਿੰਮ ਪੂਰੇ ਪੰਜਾਬ ਵਿੱਚ ਵਿੱਢੀ ਗਈ ਹੈ ਤਾਂ ਜੋ ਇਸ ਸਮਾਜਿਕ ਅਲਾਮਤ ਨੂੰ ਠੱਲ੍ਹਣ ਵਿੱਚ ਪੰਜਾਬ ਨੂੰ ਮੋਹਰੀ ਰਾਜ ਵਜੋਂ ਪੇਸ਼ ਕੀਤਾ ਜਾ ਸਕੇ। ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਬੀ.ਕੇ. ਉਪਲ ਏ.ਡੀ.ਜੀ.ਪੀ. ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭ੍ਰਿਸ਼ਟਾਚਾਰ ਮੁਕਤ ਏਜੰਡੇ ਨੂੰ ਲਾਗੂ ਕਰਨ ਦੇ ਉਦੇਸ਼ ਤਹਿਤ ਬਿਓਰੋ ਵੱਲੋਂ ਹਰ ਤਰਾਂ ਦੀ ਰਿਸ਼ਵਤਖੋਰੀ ਵਿਰੁੱਧ ਰਣਨੀਤਕ ਪਹਿਲ ਲਾਗੂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਮੁਫ਼ਤ ਹੈਲਪਲਾਈਨ, ਆਨਲਾਈਨ ਸ਼ਿਕਾਇਤਾਂ ਦਰਜ ਕਰਾਉਣ ਦੀ ਸਹੂਲਤ ਅਤੇ ਬਿਜਲਈ ਸੰਚਾਰ ਮਾਧਿਅਮਾਂ ਰਾਹੀਂ ਜਾਗਰੂਕਤਾ ਮੁਹਿੰਮ ਚਲਾਉਣ ਤੋਂ ਇਲਾਵਾ ਸਾਰੇ ਜਨਤਕ ਸਥਾਨਾਂ ‘ਤੇ ਭ੍ਰਿਸ਼ਟਾਚਾਰੀਆਂ ਸਬੰਧੀ ਸ਼ਿਕਾਇਤ ਜਾਂ ਸੂਹ ਦੇਣ ਵਾਲੇ ਕੰਧ ਚਿੱਤਰ (ਪੋਸਟਰ/ਬੈਨਰ) ਵੀ ਲਾਏ ਗਏ ਹਨ। ਇਸ ਤੋਂ ਇਲਾਵਾ ਰਾਜ ਵਿਚ ਵੱਖ-ਵੱਖ ਥਾਵਾਂ ‘ਤੇ ਜਾਗਰੂਕਤਾ ਕੈਂਪ ਵੀ ਲਾਏ ਜਾ ਰਹੇ ਹਨ ਤਾਂ ਜੋ ਭ੍ਰਿਸ਼ਟਾਚਾਰੀਆਂ ਤੇ ਰਿਸ਼ਵਤਖੋਰਾਂ ਦੀ ਚਾਲ ਨੂੰ ‘‘ਚਾਰੇ ਖਾਨਿਓਂ ਚਿੱਤ’’ ਕੀਤਾ ਜਾ ਸਕੇ। ਹੋਰ ਵੇਰਵੇ ਦਿੰਦਿਆਂ ਸ਼੍ਰੀ ਉਪਲ ਨੇ ਦੱਸਿਆ ਕਿ ਰਾਜ ਅੰਦਰ ਮੌਜੂਦ ਵਿਜੀਲੈਂਸ ਦੀਆਂ ਛੇ ਰੇਜਾਂ ਦੇ ਅਧਿਕਾਰੀਆਂ ਨੂੰ ਆਪੋ-ਆਪਣੇ ਇਲਾਕਿਆਂ ਵਿਚ ਜਾਗਰੂਕਤਾ ਕੈਂਪ ਲਾ ਕੇ ਆਮ ਲੋਕਾਂ ਦੇ ਨਾਲ-ਨਾਲ ਸਰਕਾਰੀ ਅਫਸਰਾਂ/ਕਰਮਚਾਰੀਆਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਊਰੋ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਪੂਰੀ ਤਰਾਂ ਮੁਸਤੈਦ ਰਹਿੰਦਿਆਂ 44 ਟਰੈਪ ਲਾਏ ਜਿਨਾਂ ਵਿੱਚ 52 ਸਰਕਾਰੀ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਦਬੋਚ ਲਿਆ।
ਰੋਜਮਰਾ ਦੇ ਕੰਮਾਂ ਮੌਕੇ ਜਨਤਕ ਦਫਤਰਾਂ ਵਿੱਚੋਂ ਰਿਸ਼ਵਤਖੋਰੀ ਦੀਆਂ ਸ਼ਿਕਾਇਤਾਂ ਨੂੰ ਠੱਲ ਪਾਉਣ ਲਈ ਸ਼੍ਰੀ ਬੀ. ਕੇ. ਉੱਪਲ ਨੇ ਪੀ.ਐਸ.ਪੀ.ਸੀ.ਐਲ, ਮਾਲ, ਪੁਲਿਸ ਆਦਿ ਵਿਭਾਗਾਂ ਦੇ ਪੰਜਾਬ ਵਿੱਚ ਸੀਨੀਅਰ ਅਫ਼ਸਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਖਤ ਚੌਕਸੀ ਵਰਤਣ ਅਤੇ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਖੁਦ ਨਿਗਰਾਨੀ ਕਰਨ ਤਾਂ ਜੋ ਰਿਸ਼ਵਤਖੋਰੀ ਦੀ ਅਲਾਮਤ ਨੂੰ ਜਨਮ ਦੇਣ ਵਾਲੇ ਕਾਰਨਾਂ ਨੂੰ ਮੂਲੋਂ ਹੀ ਖਤਮ ਕੀਤਾ ਜਾ ਸਕੇ। ਸ੍ਰੀ ਉਪਲ ਨੇ ਆਮ ਲੋਕਾਂ ਦੇ ਨਾਲ-ਨਾਲ ਇਮਾਨਦਾਰ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਰਾਜ ਅੰਦਰ ਚਲਾਈ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਵਿੱਚ ਮੱਦਦ ਦੇਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਮੁਲਾਜ਼ਮ ਰਿਸ਼ਵਤ ਮੰਗਦਾ ਹੈ ਤਾਂ ਇਸ ਬਾਰੇ ਬਿਊਰੋ ਦੀ ਮੁਫ਼ਤ ਹੈਲਪਲਾਈਨ 1800-1800-1000 ’ਤੇ ਜਾਣਕਾਰੀ ਦਿਓ ਜਾਂ ਬਿਓਰੋ ਦੀ ਵੈਬਸਾਈਟ ‘ਤੇ ਆਨਲਾਈਨ ਸਿਕਾਇਤ ਦਰਜ ਕਰਵਾਓ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲਿਆਂ ਦੀ ਪਛਾਣ ਅਤੇ ਦਿੱਤੀ ਗਈ ਸੂਹ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਉਨਂ੍ਹਾਂ ਇਹ ਵੀ ਆਖਿਆ ਕਿ ਇਮਾਨਦਾਰ ਅਫਸਰ ਤੇ ਮੁਲਾਜ਼ਮ ਬਿਨਾਂ ਕਿਸੇ ਡਰ ਜਾਂ ਤਣਾਅ ਤੋਂ ਆਪਣੀ ਸਰਕਾਰੀ ਡਿਊਟੀ ਤੇ ਕੰਮ-ਕਾਜ ਨਿਭਾਉਣ। ਵਿਜੀਲੈਂਸ ਵੱਲੋਂ ਕਿਸੇ ਵੀ ਨਿਰਦੋਸ਼ ਅਧਿਕਾਰੀ/ਕਰਮਚਾਰੀ ਨੂੰ ਕਿਸੇ ਵੀ ਤਰਂਾਂ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਗੁਰਬਾਣੀ ਵਿੱਚੋਂ ਲਏ ਵਿਜੀਲੈਂਸ ਬਿਊਰੋ ਦੇ ਮਿਸ਼ਨ ‘‘ਸੁੱਚ ਹੋਵੈ ਤਾਂ ਸੱਚ ਪਾਈਐ’’ ਨੂੰ ਦੁਹਰਾਉਂਦੇ ਹੋਏ ਉਨਂਾਂ ਸਪੱਸ਼ਟ ਕੀਤਾ ਹੈ ਕਿ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਤੋਂ ਨਿਜਾਤ ਪਾਉਣ ਲਈ ਆਰੰਭੀ ਇਸ ਮੁਹਿੰਮ ਦੌਰਾਨ ਵਿਜੀਲੈਂਸ ਦੇ ਅਧਿਕਾਰੀਆਂ ਦੇ ਗਲਤ ਵਰਤਾਓ ਨੂੰ ਵੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…