
ਅਵਾਰਾ ਪਸ਼ੂਆਂ ਵੱਲੋਂ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀ ਕਈ ਏਕੜ ਫਸਲ ਤਬਾਹ
ਪੀੜਤ ਕਿਸਾਨਾਂ ਵੱਲੋਂ ਡੀਸੀ ਮੁਹਾਲੀ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ\ਮਾਜਰੀ, 4 ਦਸੰਬਰ:
ਇੱਥੋਂ ਨੇੜਲੇ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨ ਅੱਜ ਕੱਲ੍ਹ ਅਵਾਰਾ ਪਸ਼ੂਆਂ ਦੁਆਰਾ ਮਚਾਏ ਆਤੰਕ ਤੋਂ ਬਹੁਤ ਦੁਖੀ ਹਨ, ਕਿਉਂਕਿ ਇਨ੍ਹਾਂ ਆਵਾਰਾ ਪਸ਼ੂਆਂ ਦੁਆਰਾ ਉਨ੍ਹਾਂ ਦੀ ਕਈ ਏਕੜ ਕਣਕ ਦੀ ਫ਼ਸਲ ਨੂੰ ਬਿਲਕੁਲ ਹੀ ਤਬਾਹ ਕਰਕੇ ਰੱਖ ਦਿੱਤਾ ਹੈ। ਅੱਜ ਇਸ ਸਬੰਧੀ ਪੱਤਰਕਾਰਾਂ ਨੂੰ ਮੌਕਾ ਵਿਖਾਉਂਦਿਆਂ ਇਲਾਕੇ ਦੇ ਪਿੰਡ ਕੰਸਾਲਾ ਦੇ ਕਿਸਾਨ ਦੀਦਾਰ ਸਿੰਘ, ਦਲਜੀਤ ਸਿੰਘ, ਹਰਿੰਦਰ ਸਿੰਘ, ਗੁਰਜੰਟ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਲਾਡੀ, ਕਰਮ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ, ਅਮਨਦੀਪ ਸਿੰਘ, ਬਲਬੀਰ ਸਿੰਘ ਅਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਰਾਤ ਸਮੇਂ ਉਨ੍ਹਾਂ ਦੇ ਖੇਤਾਂ ਵਿੱਚ ਅਵਾਰਾ ਪਸ਼ੂਆਂ ਦੇ ਝੁੰਡਾਂ ਦੁਆਰਾ ਉਨ੍ਹਾਂ ਦੀ ਬੀਜੀ ਕਣਕ ਦੀ ਫ਼ਸਲ ਨੂੰ ਬਿਲਕੁਲ ਹੀ ਰੁੰਡ ਮਰੁੰਡ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਆਪਣੀ ਫ਼ਸਲ ਦੀ ਰਾਖੀ ਲਈ ਉਹ ਬੈਠ ਕੇ ਰਾਤਾਂ ਝਾਕਣ ਲਈ ਮਜਬੂਰ ਹਨ।
ਉਕਤ ਕਿਸਾਨਾਂ ਨੇ ਦੱਸਿਆ ਕਿ ਇਹ ਅਵਾਰਾ ਪਸ਼ੂ, ਜਿਨ੍ਹਾਂ ਵਿੱਚ ਜ਼ਿਆਦਾਤਰ ਗਿਣਤੀ ਅਵਾਰਾ ਗਊਆਂ ਅਤੇ ਸਾਂਡਾਂ ਦੀ ਹੈ। ਉਨ੍ਹਾਂ ਨੂੰ ਫ਼ਸਲਾਂ ਵਿੱਚ ਵੜਣ ਤੋਂ ਰੋਕਣ ਤੇ ਹਮਲਾ ਕਰਕੇ ਮਾਰਨ ਲਈ ਦੌੜਦੇ ਹਨ, ਇਸ ਲਈ ਪਿੰਡ ਦੇ ਜਿਆਦਾਤਰ ਕਿਸਾਨਾਂ ਨੂੰ ਬਹੁਤਾਤ ਗਿਣਤੀ ਵਿੱਚ ਆਪਣੀਆਂ ਫ਼ਸਲਾਂ ਦੀ ਪਹਿਰੇਦਾਰੀ ਕਰਨੀ ਪੈ ਰਹੀ ਹੈ। ਉਕਤ ਕਿਸਾਨਾਂ ਨੇ ਦੱਸਿਆ ਕਿ ਕਈ ਪਿੰਡਾਂ ਦੀ ਜਮੀਨ ਨਿਊ ਚੰਡੀਗੜ੍ਹ ਪ੍ਰਾਜੈਕਟ ਵਿੱਚ ਆਈ ਹੋਣ ਕਾਰਨ ਕੁਝ ਪਿੰਡਾਂ ਦੇ ਕਿਸਾਨ ਤਾਂ ਅਵਾਰਾ ਪਸ਼ੂਆਂ ਦੇ ਇਸ ਜਬਰ ਨੂੰ ਚੁੱਪਚਾਪ ਸਹਿਣ ਕਰ ਰਹੇ ਹਨ, ਜਦਕਿ ਪਿੰਡ ਕਰਤਾਰਪੁਰ ਕੰਸਾਲਾ ਅਤੇ ਹੋਰਨਾਂ ਪਿੰਡਾਂ ਦੇ ਕਿਸਾਨ ਅਵਾਰਾ ਪਸ਼ੂਆਂ ਦੇ ਇਨ੍ਹਾਂ ਝੁੰਡਾਂ ਤੋਂ ਆਪਣੀਆਂ ਫ਼ਸਲਾਂ ਬਚਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ।
ਕਿਸਾਨਾਂ ਅਨੁਸਾਰ ਇੱਕ ਪਾਸੇ ਸਰਕਾਰ ਗਊ ਸੈਸ ਦੇ ਨਾਂਅ ਤੇ ਉਨ੍ਹਾਂ ਤੋਂ ਪੈਰ-ਪੈਰ ਤੇ ਟੈਕਸ ਵਸੂਲ ਰਹੀ ਹੈ, ਦੂਸਰੇ ਪਾਸੇ ਅਵਾਰਾ ਗਊਆਂ ਦੁਆਰਾ ਉਨ੍ਹਾਂ ਦੀਆਂ ਜਮੀਨਾਂ ਵਿੱਚ ਮਚਾਏ ਆਤੰਕ ਤੋਂ ਜਿਲ੍ਹਾ ਪ੍ਰਸਾਸਨ ਦੇ ਅਧਿਕਾਰੀ ਬੇਖਬਰ ਬੈਠੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਵਾਰਾ ਗਊਆਂ ਨੂੰ ਸਾਂਭਣ ਦੇ ਨਾਂਅ ਤੇ ਉਨ੍ਹਾਂ ਤੋਂ ਟੈਕਸ ਵਸੂਲਦੀ ਹੈ, ਤਾਂ ਅਵਾਰਾ ਗਊਆਂ ਨੂੰ ਨੱਥ ਕਿਉਂ ਨਹੀਂ ਪਾਈ ਜਾ ਰਹੀ ਅਤੇ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਜਾਂਦੀ ਫ਼ਸਲ ਨੂੰ ਇਨ੍ਹਾਂ ਅਵਾਰਾ ਪਸ਼ੂਆਂ ਦੁਆਰਾ ਕੀਤੇ ਜਾ ਰਹੇ ਨੁਕਸਾਨ ਦੀ ਭਰਪਾਈ ਕਿਥੋਂ ਹੋਵੇਗੀ। ਪੱਤਰਕਾਰਾਂ ਦੁਆਰਾ ਮੌਕਾ ਵੇਖਣ ਤੇ ਵੇਖਿਆ ਗਿਆ ਕਿ ਅਵਾਰਾ ਪਸ਼ੂਆਂ ਦੁਆਰਾ ਕਿਸਾਨਾਂ ਦੇ ਕਈ ਏਕੜ’ਚ ਪੁੰਗਰੀ ਕਣਕ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਹੋਇਆ ਸੀ। ਰੋਣਹਾਕੇ ਹੋਏ ਉਕਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਉਨ੍ਹਾਂ ਦੀ ਇਸ ਸਮੱਸਿਆ ਦੇ ਠੋਸ ਹੱਲ ਦੀ ਮੰਗ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਜਿਲ੍ਹਾ ਅਧਿਕਾਰੀਆਂ ਦੁਆਰਾ ਉਨ੍ਹਾਂ ਦੀ ਇਸ ਸਮੱਸਿਆ ਨੂੰ ਅਣਗੌਲਿਆ ਕੀਤਾ ਗਿਆ ਤਾਂ ਉਹ ਡਿਪਟੀ ਕਮਿਸ਼ਨਰ ਮੁਹਾਲੀ ਦੇ ਦਫ਼ਤਰ ਅੱਗੇ ਸਰਕਾਰ ਵਿਰੁੱਧ ਧਰਨਾ ਮਾਰਨ ਲਈ ਮਜਬੂਰ ਹੋਣਗੇ।