ਮੁਹਾਲੀ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਭਰਮਾਰ, ਆਵਾਰਾ ਕੁੱਤੇ ਨੇ ਬਜ਼ੁਰਗ ਨੂੰ ਬੂਰੀ ਤਰ੍ਹਾਂ ਵੱਢਿਆ, ਗੰਭੀਰ ਜ਼ਖ਼ਮੀ

ਬਜ਼ੁਰਗ ਨੇ ਆਪਣੀ ਗੁਆਂਢਣ ਖ਼ਿਲਾਫ਼ ਦਿੱਤੀ ਪੁਲੀਸ ਨੂੰ ਲਿਖਤੀ ਸ਼ਿਕਾਇਤ, ਕਾਨੂੰਨੀ ਕਾਰਵਾਈ ਦੀ ਮੰਗ

ਸਰਕਾਰੀ ਹਸਪਤਾਲ ਦੇ ਰਿਕਾਰਡ ਮੁਤਾਬਕ ਪਿਛਲੇ ਚਾਰ ਮਹੀਨਿਆਂ ’ਚ ਆਵਾਰਾ ਕੁੱਤਿਆਂ ਨੇ 980 ਲੋਕਾਂ ਨੂੰ ਵੱਢਿਆ

ਪਿਛਲੇ ਸਾਲ 2000 ਲੋਕਾਂ ਨੂੰ ਵੱਢਿਆ, 2017 ਵਿੱਚ 1950 ਅਤੇ ਸਾਲ 2016 ਵਿੱਚ 1560 ਲੋਕਾਂ ਨੂੰ ਵੱਢਿਆ ਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਪਰੈਲ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲਗਾਤਾਰ ਆਵਾਰਾ ਕੁੱਤਿਆਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਜਿਸ ਕਾਰਨ ਸ਼ਹਿਰ ਵਾਸੀ ਕਾਫੀ ਭੈਅ ਭੀਤ ਹਨ। ਕਈ ਰਿਹਾਇਸ਼ੀ ਇਲਾਕਿਆਂ ਤੇ ਮਾਰਕੀਟਾਂ ਵਿੱਚ ਆਵਾਰਾ ਕੁੱਤਿਆਂ ਦੀ ਘੁੰਮ ਰਹੀਆਂ ਡਾਰਾਂ ਤੋਂ ਲੋਕ ਬੇਹੱਦ ਤੰਗ ਪ੍ਰੇਸ਼ਾਨ ਹਨ। ਲੇਕਿਨ ਮੁਹਾਲੀ ਪ੍ਰਸ਼ਾਸਨ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਿਹਾ ਹੈ। ਹਾਲਾਂਕਿ ਮੁਹਾਲੀ ਨਗਰ ਨਿਗਮ ਵੱਲੋਂ ਆਵਾਰਾ ਕੁੱਤਿਆਂ ਦੀ ਨਸਬੰਦੀ ’ਤੇ ਹਰ ਮਹੀਨ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਪ੍ਰੰਤੂ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਇੱਥੋਂ ਦੇ ਫੇਜ਼-1 ਦੇ ਰਿਹਾਇਸ਼ੀ ਇਲਾਕੇ ਵਿੱਚ ਵੀਰਵਾਰ ਨੂੰ ਇਕ ਆਵਾਰਾ ਕੁੱਤਾ ਸੜਕ ’ਤੇ ਤੁਰੀ ਜਾਂਦੀ ਬਜੁਰਗ ਅੌਰਤ ਦੇ ਪਿੱਛੇ ਪੈ ਗਿਆ ਅਤੇ ਅੌਰਤ ਨੂੰ ਆਵਾਰਾ ਕੁੱਤੇ ਨੇ ਬੂਰੀ ਤਰ੍ਹਾਂ ਵੱਢ ਗਿਆ। ਜਿਸ ਕਾਰਨ ਖੂਨ ਨਾਲ ਲਹੂ ਲੂਹਾਨ ਹੋਈ ਪੀੜਤ ਅੌਰਤ ਸਤਵੰਤ ਕੌਰ ਪਤਨੀ ਸਾਧੂ ਸਿੰਘ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਇਸ ਸਬੰਧੀ ਪੀੜਤ ਸਤਵੰਤ ਕੌਰ ਪੁਲੀਸ ਨੂੰ ਸ਼ਿਕਾਇਤ ਦੇ ਕੇ ਆਪਣੀ ਗੁਆਂਢਣ ਅਮਰਦੀਪ ਕੌਰ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਅਮਰਦੀਪ ਕੌਰ ਨੇ ਇਕ ਸਟਰੀਟ ਡਾਗ ਨੂੰ ਰੱਖਿਆ ਹੋਇਆ ਹੈ, ਜੋ ਅਕਸਰ ਆਉਣ ਜਾਣ ਵਾਲੇ ਲੋਕਾਂ ਨੂੰ ਵੱਢਦਾ ਹੈ। ਇਸ ਬਾਰੇ ਉਨ੍ਹਾਂ ਨੇ ਆਪਣੀ ਗੁਆਂਢਣ ਨੂੰ ਕਈ ਉਲਾਭਾ ਵੀ ਦਿੱਤਾ ਹੈ ਕਿ ਉਹ ਕੁੱਤੇ ਨੂੰ ਬੰਨ ਕੇ ਰੱਖਿਆ ਕਰੇ ਪ੍ਰੰਤੂ ਉਸ ਨੇ ਉਨ੍ਹਾਂ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ। ਪੁਲੀਸ ਨੇ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ, ਦੂਜੇ ਪਾਸੇ ਬੀਬੀ ਅਮਰਦੀਪ ਕੌਰ ਨੇ ਉਕਤ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਸਪੱਸ਼ਟ ਕੀਤਾ ਕਿ ਉਸ ਨੇ ਕੋਈ ਸਟਰੀਟ ਡਾਗ ਨਹੀਂ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਹੱਲੇ ਵਿੱਚ ਘੁੰਮਦਾ ਇਕ ਆਵਾਰਾ ਕੁੱਤਾ ਕੁਝ ਸਮਾਂ ਪਹਿਲਾਂ ਕਾਫੀ ਬਿਮਾਰ ਸੀ। ਉਸ ਦੇ ਮੂੰਹ ’ਤੇ ਕਾਫੀ ਇਨਫੈਕਸ਼ਨ ਹੋਈ ਸੀ। ਉਸ ਨੇ ਤਰਸ ਦੇ ਆਧਾਰ ’ਤੇ ਆਵਾਰਾ ਕੁੱਤੇ ਦਾ ਇਲਾਜ ਕਰਵਾਇਆ ਸੀ। ਜਿਸ ਕਾਰਨ ਇਸ ਕੁੱਤਾ ਨੇ ਉਨ੍ਹਾਂ ਨਾਲ ਲਾਲ ਲੜਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਉਨ੍ਹਾਂ ਦੇ ਘਰ ਦੇ ਮੂਹਰੇ ਆ ਕੇ ਬੈਠਣ ਲੱਗ ਪਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਆਵਾਰਾ ਕੁੱਤੇ ਦੇ ਵੱਢਣ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਨਾ ਹੀ ਕਿਸੇ ਮੁਹੱਲੇ ਵਾਲੇ ਉਨ੍ਹਾਂ ਨੂੰ ਕੋਈ ਉਲਾਬਾ ਹੀ ਦਿੱਤਾ ਸੀ।
ਉਧਰ, ਸਰਕਾਰੀ ਹਸਪਤਾਲ ਮੁਹਾਲੀ ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਇਸ ਸਾਲ ਹੁਣ ਤੱਕ ਕਰੀਬ 980 ਵਿਅਕਤੀਆਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਹੈ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਜਨਵਰੀ ਵਿੱਚ 206, ਫਰਵਰੀ ਵਿੱਚ 337, ਮਾਰਚ ਵਿੱਚ 224 ਅਤੇ ਅਪਰੈਲ ਮਹੀਨੇ ਵਿੱਚ ਹੁਣ ਤੱਕ 213 ਵਿਅਕਤੀਆਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਜ਼ਖ਼ਮੀਆਂ ਦ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਪਿਛਲੇ ਸਾਲ ਕਰੀਬ 2 ਹਜ਼ਾਰ ਲੋਕਾਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਸੀ। ਸਾਲ 2017 ਵਿੱਚ ਇਹ 1950 ਸੀ ਜਦੋਂਕਿ ਸਾਲ 2016 ਵਿੱਚ ਆਵਾਰਾ ਕੁੱਤਿਆਂ ਨੇ 1560 ਵਿਅਕਤੀਆਂ ਨੂੰ ਵੱਢਿਆ ਸੀ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…