
ਕਰੋਨਾ ਵਿਰੁੱਧ ਜੰਗ ਲੜਨ ਲਈ ਹੁਣ ਲੋਕਾਂ ਦੀ ਇਮਿਊਨਿਟੀ ਮਜ਼ਬੂਤ ਕਰੇਗੀ ਪੰਜਾਬ ਸਰਕਾਰ
ਹੋਮਿਓਪੈਥਿਕ ਡਿਸਪੈਂਸਰੀਆਂ ਵਿੱਚ ਅਰਸੇਨੀਅਮ ਐਲਬਮ 30 ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ’ਤੇ ਜ਼ੋਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਕਰੋਨਾਵਾਇਰਸ ਦੀ ਮਹਾਮਾਰੀ ਖ਼ਿਲਾਫ਼ ਜੰਗ ਲੜਨ ਲਈ ਪੰਜਾਬ ਸਰਕਾਰ ਹੁਣ ਆਮ ਲੋਕਾਂ ਦੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਸਬੰਧੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਨੇ ਪਹਿਲੇ ਪੜਾਅ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਿਸ਼ਨ ਵਿੱਚ ਸਰਕਾਰੀ ਡਿਸਪੈਂਸਰੀਆਂ ਦੀ ਅਹਿਮ ਭੂਮਿਕਾ ਹੋਵੇਗੀ। ਸਰਕਾਰ ਨੇ ਕਰੋਨਾ ਸਬੰਧੀ ਸਭ ਤੋਂ ਵੱਧ ਹੌਟਸਪੌਟ ਵੀਆਈਵੀ ਜ਼ਿਲ੍ਹਾ ਮੁਹਾਲੀ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਸਮੂਹ ਡਿਸਪੈਂਸਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਨ੍ਹਾਂ ਕੋਲ ਹੋਮਿਓਪੈਥਿਕ ਦਵਾਈ ਅਰਸੇਨੀਅਮ ਐਲਬਮ 30 ਉਪਲਬਧ ਹੋਵੇ।
ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੂਰੀ ਡਾਕਟਰੀ ਜਾਂਚ ਤੋਂ ਬਾਅਦ ਲੋੜਵੰਦ ਲੋਕਾਂ ਨੂੰ ਦਵਾਈ ਮੁਹੱਈਆ ਕੀਤੀ ਜਾਵੇਗੀ ਅਤੇ ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਖੁਰਾਕ (4-5 ਗੋਲੀਆਂ) ਵਿੱਚ ਦਵਾਈ ਨੂੰ ਤਿੰਨ ਦਿਨਾਂ ਲਈ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਕਿਸੇ ਵਿਅਕਤੀਆਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਹੈ ਪ੍ਰੰਤੂ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਇਸ ਦੀ ਦਵਾਈ ਲਗਾਤਾਰ ਤਿੰਨ ਦਿਨ ਖੁਰਾਕ ਦਿੱਤੀ ਜਾ ਸਕਦੀ ਹੈ।
ਡੀਸੀ ਨੇ ਦੱਸਿਆ ਕਿ ਦਵਾਈ ਦੀ ਵੰਡ ਸਬੰਧੀ ਪੂਰਾ ਰਿਕਾਰਡ ਕਾਇਮ ਰੱਖਿਆ ਜਾਵੇਗਾ। ਇਹ ਅੰਕੜੇ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਤਾ ਕਰੇਗੀ ਕਿ ਦਵਾਈ ਕਿੰਨੀ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਹੋਮਿਓਪੈਥਿਕ ਅਧਿਕਾਰੀ/ਹੋਮਿਓਪੈਥਿਕ ਮੈਡੀਕਲ ਅਧਿਕਾਰੀ ਵੀ ਲੋਕਾਂ ਨੂੰ ਹੇਠਲੇ ਪੱਧਰ ’ਤੇ ਜਾਗਰੂਕ ਕਰਨਗੇ। ਉਂਜ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਦਵਾਈ ਨੂੰ ਕਰੋਨਾਵਾਇਰਸ ਦਾ ਇਲਾਜ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਇਹ ਬਿਮਾਰੀ ਨਾਲ ਲੜਨ ਲਈ ਸਿਰਫ਼ ਇਮਿਊਨਿਟੀ ਵਧਾਉਂਦੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦਾ ਪ੍ਰਕੋਪ ਦੁਨੀਆ ਭਰ ਵਿੱਚ ਫੈਲ ਰਿਹਾ ਹੈ। ਇਹ ਖ਼ਤਰਨਾਕ ਵਾਇਰਸ ਸਿਰਫ਼ ਉਨ੍ਹਾਂ ਹੀ ਵਿਅਕਤੀਆਂ ਨੂੰ ਆਪਣਾ ਆਸਾਨੀ ਨਾਲ ਸ਼ਿਕਾਰ ਬਣਾਉਂਦਾ ਹੈ। ਜਿਨ੍ਹਾਂ ਦਾ ਇਮਿਊਨਿਟੀ ਸਿਸਟਮ ਕਮਜ਼ੋਰ ਹੋਵੇ।