ਮੇਅਰ ਤੇ ਵਿਧਾਇਕ ਵਿਚਕਾਰ ਬਣੇ ਤਣਾਅ ਵਾਲੇ ਹਾਲਾਤਾਂ ਦੀ ਤੁਰੰਤ ਸਮੀਖਿਆ ਲਈ ਠੋਸ ਕਦਮ ਚੁੱਕੇ ਸਰਕਾਰ

ਸਾਬਕਾ ਕੌਂਸਲਰ ਨੇ ਨਵਜੋਤ ਸਿੱਧੂ ਨੂੰ ਪੱਤਰ ਲਿਖ ਕੇ ਸਮੱਸਿਆਵਾਂ ਬਾਰੇ ਦਿੱਤੀ ਜਾਣਕਾਰੀ, ਨਿਗਮ ਦੀ ਮੌਜੂਦਾ ਬਾਡੀ ਭੰਗ ਕਰਨ ਦਾ ਦਿੱਤਾ ਸੁਝਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵਿਚਕਾਰ ਚੌਧਰ ਦੀ ਭੁੱਖ ਕਾਰਨ ਪੈਦਾ ਹੋਇਆ ਰੇੜਕਾ ਬਰਕਰਾਰ ਹੈ। ਜਿਸ ਦਾ ਸ਼ਹਿਰ ਦੇ ਵਿਕਾਸ ਅਤੇ ਦਫ਼ਤਰੀ ਕੰਮਾਂ ’ਤੇ ਕੁੱਝ ਹੱਦ ਤੱਕ ਮਾੜਾ ਅਸਰ ਪੈ ਰਿਹਾ ਹੈ ਅਤੇ ਜ਼ਬਰਦਸਤ ਧੜੇਬੰਦੀ ਬਣਨ ਕਾਰਨ ਤਣਾਅ ਵਧਣ ਦੇ ਆਸਾਰ ਬਣਦੇ ਜਾ ਰਹੇ ਹਨ। ਦੋਵਾਂ ਧਿਰਾਂ ਦੇ ਸੀਨੀਅਰ ਆਗੂ ਉਥਲ ਪੁਥਲ ਲਈ ਮੌਕੇ ਦੀ ਇੰਤਜ਼ਾਰ ਵਿੱਚ ਹਨ।
ਉਧਰ, ਸਾਬਕਾ ਕੌਂਸਲਰ ਤੇ ਸੀਨੀਅਰ ਸਿਟੀਜ਼ਨ ਡਾ. ਪਵਨ ਕੁਮਾਰ ਜੈਨ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਹਾਲਾਂਕਿ ਉਨ੍ਹਾਂ ਨੇ ਪੱਤਰ ਰਾਹੀਂ ਸ਼ਹਿਰ ਦੇ ਵਿਕਾਸ ਅਤੇ ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਮੰਤਰੀ ਦਾ ਧਿਆਨ ਖਿੱਚਿਆ ਹੈ ਪ੍ਰੰਤੂ ਡਾ. ਜੈਨ ਨੇ ਨਗਰ ਨਿਗਮ ਦੀ ਮੌਜੂਦਾ ਬਾਡੀ ਭੰਗ ਕਰਨ ਦੀ ਮੰਗ ਕਰਕੇ ਸਿਆਸਤ ਭਖਾ ਦਿੱਤੀ ਹੈ। ਉਨ੍ਹਾਂ ਆਪਣੇ ਪੱਤਰ ਲਿਖਿਆ ਹੈ ਕਿ ਵਿਧਾਇਕ ਅਤੇ ਮੇਅਰ ਵਿਚਕਾਰ ਬਣੇ ਤਣਾਅ ਵਾਲੇ ਹਾਲਾਤਾਂ ਦੀ ਮੰਤਰੀ ਖ਼ੁਦ ਸਮੀਖਿਆ ਕਰਨ ਕਿਉਂਕਿ ਇਸ ਵੇਲੇ ਧੜੇਬੰਦੀ ਕਾਰਨ ਦਫ਼ਤਰੀ ਮਾਹੌਲ ਬਹੁਤਾ ਠੀਕ ਨਹੀਂ ਹੈ ਅਤੇ ਸ਼ਹਿਰ ਵਿੱਚ ਵਿਕਾਸ ਕਾਰਜ ਵੀ ਠੱਪ ਜਿਹੇ ਪਏ ਹਨ। ਜਿਸ ਦਾ ਖ਼ਮਿਆਜਾ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ।
ਸਾਬਕਾ ਕੌਂਸਲਰ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਮੰਤਰੀ ਅਚਨਚੇਤ ਨਿਗਮ ਦਫ਼ਤਰ ਅਤੇ ਇਲਾਕੇ ਦਾ ਦੌਰਾ ਕਰਕੇ ਬਿਨਾਂ ਕਿਸੇ ਪੱਖਪਾਤ ਤੋਂ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਜੇਕਰ ਠੀਕ ਸਮਝੋ ਤਾਂ ਨਗਰ ਨਿਗਮ ਦੀ ਬਾਡੀ ਭੰਗ ਕਰਕੇ ਇੱਥੇ ਪ੍ਰਸ਼ਾਸਕ ਲਾਇਆ ਜਾਵੇ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੀਆਂ ਨਗਰ ਨਿਗਮਾਂ ਦੀਆਂ ਚੋਣਾਂ ਨਾਲ ਮੁਹਾਲੀ ਨਿਗਮ ਦੀ ਚੋਣ ਕਰਵਾ ਦਿੱਤੀ ਜਾਵੇ। ਉਨ੍ਹਾਂ ਪੱਤਰ ਵਿੱਚ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਹਾਲੀ ਵਿੱਚ ਸਫ਼ਾਈ ਵਿਵਸਥਾ ਦਾ ਮਾੜਾ ਹਾਲ ਹੈ। ਸ਼ਹਿਰ ਸਮੇਤ ਸਮੁੱਚੇ ਇਲਾਕੇ ਵਿੱਚ ਡੇਂਗੂ, ਮਲੇਰੀਆ ਅਤੇ ਸਵਾਈਨ ਦੀ ਬੀਮਾਰੀ ਫੈਲ ਰਹੀ ਹੈ। ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।
ਮੁਹਾਲੀ ਤੋਂ ਚੱਪੜਚਿੜੀ ਪਹੁੰਚ ਸੜਕ ਅਤੇ ਸੈਕਟਰ-68, ਪਿੰਡ ਕੁੰਭੜਾ ਦੀ ਸਰਕੂਲਰ ਰੋਡ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੀ ਸਾਲ 2008 ਤੋਂ ਬਾਅਦ ਦੁਬਾਰਾ ਸਹੀ ਤਰੀਕੇ ਨਾਲ ਮੁਰੰਮਤ ਨਹੀਂ ਹੋਈ ਹੈ। ਚੱਪੜਚਿੜੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਮੋੜ ’ਤੇ ਬਹੁਤ ਵੱਡਾ ਖੱਡਾ ਬਣਿਆ ਹੋਇਆ ਹੈ। ਉਂਜ ਪੂਰੀ ਸੜਕ ਥਾਂ ਥਾਂ ਤੋਂ ਟੁੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਲਾਂਡਰਾਂ ਟੀ ਪੁਆਇੰਟ ’ਤੇ ਹਰ ਵੇਲੇ ਜਾਮ ਵਾਲੀ ਸਥਿਤੀ ਬਣੀ ਰਹਿਣ ਕਾਰਨ ਵਾਹਨ ਚਾਲਕਾਂ ਨੇ ਵਾਇਆ ਚੱਪੜਚਿੜੀ ਤੋਂ ਲੰਘਣਾ ਸ਼ੁਰੂ ਕਰ ਦਿੱਤਾ ਹੈ।
(ਬਾਕਸ ਆਈਟਮ)
ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਵਿਕਾਸ ਲਈ ਯਤਨਸ਼ੀਲ ਹੈ। ਮੌਜੂਦਾ ਸਮੇਂ ਵਿੱਚ ਫੁੱਟਪਾਥਾਂ ਨੂੰ ਛੱਡ ਕੇ ਕੋਈ ਕੰਮ ਨਹੀਂ ਰੁਕਿਆ ਹੈ। ਵਿਕਾਸ ਦੇ ਸਾਰੇ ਕੰਮ ਨਿਯਮਾਂ ਮੁਤਾਬਕ ਹੋ ਰਹੇ ਹਨ ਅਤੇ ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸਾਬਕਾ ਕੌਂਸਲਰ ਵੱਲੋਂ ਮੰਤਰੀ ਨੂੰ ਲਿਖੇ ਪੱਤਰ ਬਾਰੇ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਦੱਸਿਆ ਕਿ ਅਗਲੇ ਇੱਕ ਦੋ ਦਿਨਾਂ ਵਿੱਚ ਠੇਕਾ ਤੇ ਵਿੱਤ ਕਮੇਟੀ ਦੀ ਮੀਟਿੰਗ ਕਰਕੇ ਕਈ ਕਰੋੜ ਦੇ ਵਿਕਾਸ ਕੰਮ ਪਾਸ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…